Farming News: ਰੋਜ਼ਾਨਾ ਵਰਤੋਂ ਲਈ ਘਰ ਵਿਚ ਹੀ ਉਗਾਉ ਹਰੀਆਂ ਸਬਜ਼ੀਆਂ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਸਿਹਤਮੰਦ ਜੀਵਨ ਲਈ ਹਰੀਆਂ ਸਬਜ਼ੀਆਂ ਉਨੀਆਂ ਹੀ ਜ਼ਰੂਰੀ ਹਨ, ਜਿੰਨਾ ਬੀਮਾਰ ਹੋਣ ’ਤੇ ਦਵਾਈ ਲੈਣਾ।

Farming News: Grow green vegetables at home for daily use

Farming News: Grow green vegetables at home for daily use ਰੋਜ਼ਾਨਾ ਵਰਤੋਂ ਲਈ ਘਰ ਵਿਚ ਹੀ ਉਗਾਉ ਹਰੀਆਂ ਸਬਜ਼ੀਆਂ


ਸਿਹਤਮੰਦ ਜੀਵਨ ਲਈ ਹਰੀਆਂ ਸਬਜ਼ੀਆਂ ਉਨੀਆਂ ਹੀ ਜ਼ਰੂਰੀ ਹਨ, ਜਿੰਨਾ ਬੀਮਾਰ ਹੋਣ ’ਤੇ ਦਵਾਈ ਲੈਣਾ। ਇਹ ਸਬਜ਼ੀਆਂ ਜਿੰਨੀਆਂ ਰਸਾਇਣਕ ਦਵਾਈਆਂ ਅਤੇ ਬੀਮਾਰੀ ਤੋਂ ਰਹਿਤ ਹੋਣਗੀਆਂ, ਓਨੀਆਂ ਹੀ ਚੰਗੀਆਂ ਹਨ। ਜੋ ਲੋਕ ਵਪਾਰਕ ਪੱਧਰ ’ਤੇ ਸਬਜ਼ੀਆਂ ਦੀ ਖੇਤੀ ਨਹੀਂ ਕਰਨਾ ਚਾਹੁੰਦੇ ਜਾਂ ਜਿਨ੍ਹਾਂ ਕੋਲ ਜ਼ਮੀਨ ਦੀ ਘਾਟ ਹੈ, ਉਹ ਘਰੇਲੂ ਬਗ਼ੀਚੀ ਵਿਚ ਘਰੇਲੂ ਜ਼ਰੂਰਤਾਂ ਲਈ ਸਬਜ਼ੀਆਂ ਦੀ ਪੈਦਾਵਾਰ ਕਰ ਸਕਦੇ ਹਨ। ਜੁਲਾਈ ਮਹੀਨੇ ਦੌਰਾਨ ਬੈਂਗਣ, ਮੂਲੀ, ਭਿੰਡੀ, ਕੱਦੂ ਜਾਤੀ ਦੀਆਂ ਸਬਜ਼ੀਆਂ ਵਿਚ ਘੀਆ ਕੱਦੂ, ਘੀਆ ਤੋਰੀ, ਕਰੇਲਾ, ਟੀਂਡਾ, ਰਵਾਂਹ, ਸ਼ਕਰਕੰਦੀ ਆਦਿ ਦੀ ਬਿਜਾਈ ਕੀਤੀ ਜਾ ਸਕਦੀ ਹੈ।


ਬੈਂਗਣ ਦੀ ਫ਼ਸਲ: ਬੈਂਗਣ ਦੀ ਫ਼ਸਲ ਲਈ ਇਕ ਏਕੜ ਦੀ ਪਨੀਰੀ ਤਿਆਰ ਕਰਨ ਵਾਸਤੇ 300-400 ਗ੍ਰਾਮ ਬੀਜ ਨੂੰ 10-15 ਸੈਂਟੀਮੀਟਰ ਉੱਚੀਆਂ ਇਕ ਮਰਲੇ ਦੀਆਂ ਕਿਆਰੀਆਂ ਵਿਚ ਬੀਜੋ। ਬਿਜਾਈ ਤੋਂ ਪਹਿਲਾਂ ਬੀਜ ਨੂੰ 3 ਗ੍ਰਾਮ ਕੈਪਟਾਨ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ। ਬੈਂਗਣਾਂ ਵਿਚ ਫਲ ਤੇ ਸ਼ਾਖਾਂ ਦੇ ਗੜੂੰਏ ਦੀ ਰੋਕਥਾਮ ਲਈ 80 ਮਿਲੀਲੀਟਰ ਕੋਰਾਜਨ 18.5 ਐਸਸੀ ਜਾਂ 80 ਗ੍ਰਾਮ ਪ੍ਰੋਕਲੇਮ 5 ਐਸਜੀ ਨੂੰ 100-125 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕੀਤਾ ਜਾ ਸਕਦਾ ਹੈ।


ਮੂਲੀ ਤੇ ਭਿੰਡੀ ਦੀ ਬਿਜਾਈ: ਮੂਲੀ ਦੀ ਪੂਸਾ ਚੇਤਕੀ ਕਿਸਮ ਇਸ ਮਹੀਨੇ ਵਿਚ ਬਿਜਾਈ ਲਈ ਢੁਕਵੀਂ ਹੈ। ਭਿੰਡੀ 4-6 ਕਿਲੋ ਕੈਪਟਾਨ ਨਾਲ ਸੋਧਿਆ (3 ਗ੍ਰਾਮ ਪ੍ਰਤੀ ਕਿਲੋ ਬੀਜ) ਬੀਜ ਪੰਜਾਬ-8 ਪ੍ਰਤੀ ਏਕੜ ਬੀਜੋ ਅਤੇ ਬਿਜਾਈ ਤੋਂ ਪਹਿਲਾਂ ਬੀਜ ਨੂੰ 24 ਘੰਟੇ ਪਾਣੀ ਵਿਚ ਭਿਉਂ ਦੇਵੋ। ਪੰਜਾਬ ਸੁਹਾਵਣੀ ਕਿਸਮ ਇਸ ਰੁੱਤ ਲਈ ਢੁਕਵੀਂ ਹੈ। 15-20 ਟਨ ਰੂੜੀ ਤੇ 40 ਕਿਲੋ ਯੂਰੀਆ ਪ੍ਰਤੀ ਏਕੜ ਆਮ ਜ਼ਮੀਨਾਂ ਵਿਚ ਬਿਜਾਈ ਵੇਲੇ ਪਾਵੋ। ਯੂਰੀਆ ਦੀ ਦੂਜੀ ਕਿਸ਼ਤ (40 ਕਿਲੋ ਪ੍ਰਤੀ ਏਕੜ) ਪਹਿਲੀ ਤੁੜਾਈ ਉਪਰੰਤ ਪਾਉ।


ਫੁਲ ਗੋਭੀ ਦੀ ਕਾਸ਼ਤ: ਫੁਲ ਗੋਭੀ ਦੀਆਂ ਅਗੇਤੀਆਂ ਢੁਕਵੀਆਂ ਕਿਸਮਾਂ ਦੀ ਪਨੀਰੀ 45&30 ਸੈਂਟੀਮੀਟਰ ਦੀ ਦੂਰੀ ’ਤੇ ਖੇਤ ਵਿਚ ਲਗਾਉ। 40 ਟਨ ਰੂੜੀ, 55 ਕਿਲੋ ਯੂਰੀਆ, 155 ਕਿਲੋ ਸਿੰਗਲ ਸੁਪਰਫ਼ਾਸਫ਼ੇਟ ਤੇ 40 ਕਿਲੋ ਮਿਊਰੇਟ ਆਫ਼ ਪੋਟਾਸ਼ ਪ੍ਰਤੀ ਏਕੜ ਵਰਤੋ। ਯੂਰੀਆ ਦੀ ਦੂਜੀ ਕਿਸ਼ਤ (55 ਕਿਲੋ ਪ੍ਰਤੀ ਏਕੜ) ਲੁਆਈ ਤੋਂ ਚਾਰ ਹਫ਼ਤੇ ਬਾਅਦ ਪਾਉ।


ਸ਼ਕਰਕੰਦੀ: ਸ਼ਕਰਕੰਦੀ ਦੀ ਕਿਸਮ ਪੀਐਸਪੀ-21 ਦੀਆਂ ਵੇਲਾਂ ਤੋਂ ਬਣਾਈਆਂ ਹੋਈਆਂ 25 ਹਜ਼ਾਰ, 30 ਹਜ਼ਾਰ ਕਟਿੰਗ ਵੱਟਾਂ ’ਤੇ 60 ਸੈਂਟੀਮੀਟਰ ਤੇ ਪੌਦਿਆਂ ਵਿਚਕਾਰ 30 ਸੈਂਟੀਮੀਟਰ ਦੀ ਦੂਰੀ ’ਤੇ ਲਗਾਉ। 10 ਟਨ ਰੂੜੀ ਦੀ ਖਾਦ, 125 ਕਿਲੋ ਕਿਸਾਨ ਖਾਦ, 155 ਕਿਲੋ ਸਿੰਗਲ ਸੁਪਰਫ਼ਾਸਫ਼ੇਟ ਤੇ 35 ਕਿਲੋ ਮਿਊਰੇਟ ਆਫ਼ ਪੋਟਾਸ਼ ਪ੍ਰਤੀ ਏਕੜ ਵਧੀਆ ਫ਼ਸਲ ਲੈਣ ਲਈ ਪਾਉ।


ਰਵਾਂਹ ਤੇ ਕੱਦੂ ਜਾਤੀ ਦੀਆਂ ਸਬਜ਼ੀਆਂ: ਰਵਾਂਹ 263 ਕਿਸਮ ਦਾ 8-10 ਕਿਲੋ ਬੀਜ ਇਕ ਏਕੜ ਦੀ ਬਿਜਾਈ ਲਈ ਕਤਾਰਾਂ ਵਿਚਕਾਰ 45 ਸੈਂਟੀਮੀਟਰ ਤੇ ਪੌਦਿਆਂ ਵਿਚਕਾਰ 15 ਸੈਂਟੀਮੀਟਰ ਦੀ ਦੂਰੀ ’ਤੇ ਬੀਜੋ। 45 ਕਿਲੋ ਯੂਰੀਆ, 100 ਕਿਲੋ ਸਿੰਗਲ ਸੁਪਰਫ਼ਾਸਫ਼ੇਟ ਤੇ 16 ਕਿਲੋ ਮਿਊਰੇਟ ਆਫ਼ ਪੋਟਾਸ਼ ਪ੍ਰਤੀ ਏਕੜ ਬਿਜਾਈ ਵੇਲੇ ਪਾਉ। ਕੱਦੂ ਜਾਤੀ ਦੀਆਂ ਸਬਜ਼ੀਆਂ ਵਿਚ ਘੀਆ ਕੱਦੂ, ਘੀਆ ਤੋਰੀ, ਕਰੇਲਾ ਤੇ ਟੀਂਡੇ ਦਾ 2 ਕਿਲੋ ਬੀਜ ਪ੍ਰਤੀ ਏਕੜ ਅਤੇ ਬੈਂਗਣ ਦਾ ਇਕ ਕਿਲੋ ਬੀਜ ਪ੍ਰਤੀ ਏਕੜ ਵਰਤੋਂ।