Punjab Paddy Mandi News: ਪੰਜਾਬ ਦੀਆਂ ਮੰਡੀਆਂ ’ਚ ਝੋਨੇ ਦੀ ਆਮਦ ਰੋਜ਼ਾਨਾ 1 ਲੱਖ ਟਨ ਹੋਈ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

Punjab Paddy Mandi News: ਕਿਸਾਨਾਂ ਨੂੰ ਅਦਾਇਗੀ 48 ਘੰਟੇ ਅੰਦਰ, ਸਰਕਾਰੀ ਏਜੰਸੀਆਂ ਦੀ ਕੁੱਲ ਖ਼ਰੀਦ 4 ਲੱਖ ਟਨ ਤਕ ਪਹੁੰਚੀ

Punjab Paddy Mandi News in punjabi

Punjab Paddy Mandi News in punjabi:  ਲਗਭਗ 2 ਮਹੀਨੇ ਤੋਂ ਹੜ੍ਹਾਂ ਤੇ ਭਾਰੀ ਬਾਰਸ਼ਾਂ ਨਾਲ ਜੂਝਣ ਤੋਂ ਬਾਅਦ ਹੁਣ ਪਿਛਲੇ 10 ਦਿਨਾਂ ਤੋਂ ਸਾਫ਼ ਮੌਸਮ ਕਾਰਨ ਪੰਜਾਬ ਦੀਆਂ ਮੰਡੀਆਂ ਵਿਚ ਵਿਕਣ ਲਈ ਆਉਂਦੇ ਝੋਨੇ ਦੀ ਆਮਦ ਰੋਜ਼ਾਨਾ 40 ਤੋਂ 50 ਹਜ਼ਾਰ ਟਨ ਤੋਂ ਵਧ ਕੇ 1 ਲੱਖ ਟਨ ਤਕ ਵਧ ਗਈ ਹੈ। ਰੋਜ਼ਾਨਾ ਸਪੋਸਕਮੈਨ ਨਾਲ ਗੱਲਬਾਤ ਕਰਦੇ ਹੋਏ ਅਨਾਜ ਸਪਲਾਈ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਉਂਜ ਤਾਂ ਝੋਨੇ ਦੀ ਖ਼ਰੀਦ 16 ਸਤੰਬਰ ਤੋਂ ਕਰਨ ਦੇ ਇੰਤਜ਼ਾਮ ਕੀਤੇ ਸਨ ਪਰ ਕਿਸਾਨਾਂ ਵਲੋਂ ਲਿਆਂਦੀ ਫ਼ਸਲ ਦੀ ਮੰਡੀਆ ਵਿਚ ਆਮਦ ਕੇਵਲ ਪਿਛਲੇ ਹਫ਼ਤੇ ਤੋਂ ਹੀ ਰਫ਼ਤਾਰ ਫੜ ਸਕੀ ਹੈ।

ਅਧਿਕਾਰੀ ਨੇ ਦਸਿਆ ਕਿ ਪਨਗੇ੍ਰਨ, ਪਨਸਪ, ਮਾਰਕਫ਼ੈਡ ਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਚੰਗੇ ਪ੍ਰਬੰਧਾਂ ਕਾਰਨ 2 ਅਕਤੂਬਰ ਤਕ ਕੁੱਲ ਖ਼ਰੀਦ 4 ਲੱਖ ਟਨ ਤਕ ਪਹੁੰਚ ਗਈ ਅਤੇ ਕਿਸਾਨਾਂ ਦੇ ਬੈਂਕ ਖਾਤਿਆਂ ’ਚ 600 ਕਰੋੜ ਤਕ ਦੀ ਅਦਾਇਗੀ ਕੀਤੀ ਜਾ ਚੁਕੀ ਸੀ।

ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਅਤੇ ਸਖ਼ਤ ਤਾੜਨਾ ਹੈ ਕਿ ਫ਼ਸਲ ਖਰੀਦ ਦੀ ਅਦਾਇਗੀ 48 ਘੰਟਿਆਂ ਦੇ ਅੰਦਰ ਅੰਦਰ ਕੀਤੀ ਜਾਣੀ ਚਾਹੀਦੀ ਹੈ। ਅਧਿਕਾਰੀ ਨੇ ਦਸਿਆ ਕਿ ਬਾਰਦਾਨੇ ਦਾ ਪ੍ਰਬੰਧ ਪੂਰਾ ਹੈ ਅਤੇ 50-50 ਕਿੱਲੋ ਝੋਨੇ ਦੇ ਬੋਰੇ ਕਲਕੱਤਾ ਤੋਂ ਮੰਗਵਾ ਕੇ, ਕੁੱਲ 5 ਲੱਖ ਗੰਢਾਂ ਮੰਡੀਆਂ ’ਚ ਪਹੁੰਚਾ ਦਿਤੀਆਂ ਹਨ। ਇਕ ਗੰਢ ਵਿਚ 500 ਬੋਰੀਆਂ ਹੁੰਦੀਆਂ ਹਨ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਪਿਛਲੇ ਸਾਲ ਦੀ ਤਰ੍ਹਾਂ 170 ਲੱਖ ਟਨ ਝੋਨਾ ਖ਼ਰੀਦ ਕਰਨ ਦਾ ਪੰਜਾਬ ਨੂੰ ਟੀਚਾ ਦਿਤਾ ਹੈ ਪਰ ਸੂਬੇ ਦੀ ਸਰਕਾਰ ਨੇ 190 ਲੱਖ ਟਨ ਝੋਨਾ ਖ਼ਰੀਦਣ ਦਾ ਪ੍ਰਬੰਧ ਕੀਤਾ ਹੋਇਆ ਹੈ। 

  ਇਹ ਖ਼ਰੀਦ ਉਂਜ ਤਾਂ 30 ਨਵੰਬਰ ਤਕ ਕਰਨ ਦਾ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਪਰ ਮੌਸਮ ਸਾਫ਼ ਤੇ ਖ਼ੁਸ਼ਕ ਗਰਮ ਹੋਣ ਕਾਰਨ, ਸਾਰੀ ਖ਼ਰੀਦ 15 ਨਵੰਬਰ ਤਕ ਪੂਰੀ ਹੋਣ ਦੀ ਸੰਭਾਵਨਾ ਹੈ। ਕੇਂਦਰੀ ਭੰਡਾਰ ਲਈ ਲਗਭਗ 125 ਲੱਖ ਟਨ ਚੌਲ ਪੰਜਾਬ ਦੇ ਸ਼ੈਲਰ ਮਾਲਕਾਂ ਵਲੋਂ ਤਿਆਰ ਕਰਨ ਵਾਸਤੇ 180 ਤੋਂ 190 ਲੱਖ ਟਨ ਝੋਨੇ ਦੀ ਖ਼ਰੀਦ ਇਕ ਸੀਜ਼ਨ ਵਿਚ ਕਰਨੀ ਹੈ। ਜਿਸ ਵਾਸਤੇ 45 ਤੋਂ 50 ਹਜ਼ਾਰ ਕਰੋੜ ਦੀ ਕੈਸ਼ ਕ੍ਰੈਡਿਟ ਲਿਮਟ ਦੀ ਮੰਜ਼ੂਰੀ, ਰਿਜ਼ਰਵ ਬੈਂਕ ਨੇ ਸਤੰਬਰ ਵਿਚ ਹੀ ਕਰ ਦਿਤੀ ਸੀ। 

 ਚੰਡੀਗੜ੍ਹ ਤੋਂ ਜੀ.ਸੀ. ਭਾਰਦਵਾਜ ਦੀ ਰਿਪੋਰਟ