ਪੀਏਯੂ 'ਚ ਆਰਟੀਫੀਸ਼ਲ ਇੰਟੈਲੀਜੈਂਸ ਰਾਹੀਂ ਨੁਕਸਾਨ ਤੋਂ ਬਚਾਅ ਬਾਰੇ ਵੈਬੀਨਾਰ ਕਰਵਾਇਆ ਗਿਆ
ਵਿਗਿਆਨੀਆਂ ਨੂੰ ਆਰਟੀਫੀਸ਼ਲ ਇੰਟੈਲੀਜੈਂਸ ਦੀ ਵਿਧੀ ਰਾਹੀਂ ਨੁਕਸਾਨ ਤੋਂ ਬਚਾਅ ਦੇ ਤਰੀਕੇ ਦੱਸੇ ਗਏ
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਨੌਕਰੀ ਕਰ ਰਹੇ ਅਧਿਕਾਰੀਆਂ ਲਈ ਦੋ ਰੋਜ਼ਾ ਆਨਲਾਈਨ ਸਿਖਲਾਈ ਕੋਰਸ ਲਗਾਇਆ ਗਿਆ । ਇਸ ਕੋਰਸ ਦਾ ਸਿਰਲੇਖ ਆਰਟੀਫੀਸ਼ਲ ਇੰਟੈਲੀਜੈਂਸ ਰਾਹੀਂ ਮੰਡੀ ਵਿੱਚ ਨੁਕਸਾਨ ਤੋਂ ਬਚਾਅ ਸੀ ।
ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗੀ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਵਿੱਚ 15 ਦੇ ਕਰੀਬ ਖੇਤੀ ਵਿਕਾਸ ਅਧਿਕਾਰੀ, ਬਾਗਬਾਨੀ ਵਿਕਾਸ ਅਧਿਕਾਰੀ, ਪੀਏਯੂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਮਾਹਿਰ ਸ਼ਾਮਿਲ ਹੋਏ । ਇਹਨਾਂ ਵਿਗਿਆਨੀਆਂ ਨੂੰ ਆਰਟੀਫੀਸ਼ਲ ਇੰਟੈਲੀਜੈਂਸ ਦੀ ਵਿਧੀ ਰਾਹੀਂ ਨੁਕਸਾਨ ਤੋਂ ਬਚਾਅ ਦੇ ਤਰੀਕੇ ਦੱਸੇ ਗਏ ।
ਕੋਰਸ ਦੇ ਕੁਆਰਡੀਨੇਟਰ ਅਤੇ ਸੀਨੀਅਰ ਪਸਾਰ ਮਾਹਿਰ ਡਾ. ਕਿਰਨ ਗਰੋਵਰ ਨੇ ਕੋਰਸ ਦੇ ਉਦੇਸ਼ ਬਾਰੇ ਝਾਤ ਪਵਾਉਂਦਿਆਂ ਦੱਸਿਆ ਕਿ ਕਿਸਾਨ ਅਤੇ ਕਿਸਾਨ ਬੀਬੀਆਂ ਮੰਡੀ ਵਿੱਚ ਆਰਟੀਫੀਸ਼ਲ ਇੰਟੈਲੀਜੈਂਸ ਦੀ ਵਰਤੋਂ ਰਾਹੀਂ ਹੋਣ ਵਾਲੇ ਨੁਕਸਾਨ ਨੂੰ ਰੋਕ ਸਕਦੇ ਹਨ । ਉਹਨਾਂ ਨੇ ਵਰਤਮਾਨ ਸਮੇਂ ਵਿੱਚ ਕਿਸਾਨੀ ਵਿੱਚ ਵੱਧ ਮੁਨਾਫ਼ੇ ਲਈ ਲੋੜ ਆਧਾਰਿਤ ਫ਼ਸਲਾਂ ਉਗਾਉਣ ਲਈ ਕਿਹਾ ।
ਸਹਾਇਕ ਪ੍ਰੋਫੈਸਰ ਡਾ. ਲਵਲੀਸ਼ ਗਰਗ ਨੇ ਕਿਹਾ ਕਿ ਮੰਡੀ ਦੀਆਂ ਲੋੜਾਂ ਅਤੇ ਲੋਕਾਂ ਦੀ ਮੰਗ ਮੁਤਾਬਿਕ ਫ਼ਸਲਾਂ ਦੀ ਕਾਸ਼ਤ ਕਰਨੀ ਅੱਜ ਦੇ ਸਮੇਂ ਦੀ ਲੋੜ ਹੈ । ਉਹਨਾਂ ਨੇ ਸਫ਼ਲ ਖੇਤੀ ਲਈ ਖੇਤੀ ਵਿਭਿੰਨਤਾ ਮਾਡਲ ਅਪਨਾਉਣ ਲਈ ਕਿਹਾ । ਡਾ. ਮੋਹਿਤ ਗੁਪਤਾ ਨੇ ਆਨਲਾਈਨ ਮੰਡੀਕਰਨ ਰਾਹੀਂ ਨੁਕਸਾਨ ਤੋਂ ਬਚਾਅ ਦੇ ਤਰੀਕੇ ਦੱਸੇ । ਇਸ ਤੋਂ ਇਲਾਵਾ ਡਾ. ਖੁਸ਼ਦੀਪ ਨੇ ਕਿਸਾਨ ਨਿਰਮਾਤਾ ਸੰਸਥਾਵਾਂ ਬਾਰੇ, ਡਾ. ਪ੍ਰੀਤਇੰਦਰ ਕੌਰ ਨੇ ਬਰਾਂਡਿੰਗ ਅਤੇ ਪੈਕੇਜਿੰਗ ਬਾਰੇ ਅਤੇ ਡਾ. ਵਿਸ਼ਾਲ ਬੈਕਟਰ ਨੇ ਆਰਟੀਫੀਸ਼ਲ ਇੰਟੈਲੀਜੈਂਸ ਬਾਰੇ ਨੁਕਤੇ ਸਾਂਝੇ ਕੀਤੇ ।