ਕਿਵੇਂ ਕਰੀਏ ‘ਤੋਰੀਏ ਦੀ ਕਾਸ਼ਤ’, ਜਾਣੋ ਬੀਜਣ ਤੋਂ ਵੱਢਣ ਤੱਕ ਦੀ ਪੂਰੀ ਜਾਣਕਾਰੀ
ਤੋਰੀਏ ਦੇ ਸ਼ਹਿਦ ਵਿੱਚ ਗਲੂਕੋਜ਼ ਦੀ ਮਾਤਰਾ ਵਧੇਰੇ ਹੋਣ ਕਾਰਨ ਸਰਦੀਆਂ ਵਿੱਚ ਸ਼ਹਿਦ ਜਲਦੀ ਜੰਮ ਜਾਂਦਾ ਹੈ।
ਮੁਹਾਲੀ: ਤੋਰੀਆ ਪੰਜਾਬ ਦੀ ਤੇਲ ਬੀਜ ਦੀ ਮੁੱਖ ਫਸਲ ਹੈ। ਤੋਰੀਏ ਦੀ ਫਸਲ ਸ਼ਹਿਦ ਦੀਆਂ ਮੱਖੀਆਂ ਪਾਲਣ ਲਈ ਵੀ ਬਹੁਤ ਹੀ ਫਾਇਦੇਮੰਦ ਹੈ ਕਿਉਂਕਿ ਤੋਰੀਏ ਦੀ ਫਸਲ ਹੀ ਸ਼ਹਿਦ ਦੀਆਂ ਮੱਖੀਆਂ ਲਈ ਬਰਸਾਤਾਂ ਤੋਂ ਬਾਅਦ ਸ਼ਹਿਦ ਦਾ ਇੱਕ ਪ੍ਰਮੁੱਖ ਸਰੋਤ ਹੈ। ਤੋਰੀਏ ਦੇ ਸ਼ਹਿਦ ਵਿੱਚ ਗਲੂਕੋਜ਼ ਦੀ ਮਾਤਰਾ ਵਧੇਰੇ ਹੋਣ ਕਾਰਨ ਸਰਦੀਆਂ ਵਿੱਚ ਸ਼ਹਿਦ ਜਲਦੀ ਜੰਮ ਜਾਂਦਾ ਹੈ। ਤੋਰੀਆ ਪ੍ਰਪਰਾਗਣ ਫਸਲ ਹੋਣ ਕਾਰਨ ਸ਼ਹਿਦ ਦੀਆਂ ਮੱਖੀਆਂ ਇਸ ਦਾ ਝਾੜ ਵਧਾਉਣ ਵਿੱਚ ਅਹਿਮ ਯੋਗਦਾਨ ਪਾਉਂਦੀਆਂ ਹਨ। ਅਗੇਤੇ ਝੋਨੇ ਅਤੇ ਸਾਉਣੀ ਦੇ ਚਾਰੇ ਦੀ ਕਟਾਈ ਤੋਂ ਬਾਅਦ ਤੋਰੀਏ ਦੀ ਵਾਧੂ ਫਸਲ ਲੈ ਕੇ ਕਣਕ ਦੀ ਕਾਸ਼ਤ ਵੀ ਸਫਲਤਾ ਨਾਲ ਕੀਤੀ ਜਾ ਸਕਦੀ ਹੈ।
ਜ਼ਮੀਨ ਦੀ ਚੋਣ ਤੇ ਉੱਨਤ ਕਿਸਮਾਂ
ਤੋਰੀਏ ਦੀ ਕਾਸ਼ਤ ਚੰਗੇ ਜਲ ਨਿਕਾਸ ਵਾਲੀਆਂ, ਹਲਕੀਆਂ ਮੈਰਾ ਤੇ ਦਰਮਿਆਨੀਆਂ ਭਾਰੀਆਂ ਜ਼ਮੀਨਾਂ ਵਿੱਚ ਕੀਤੀ ਜਾ ਸਕਦੀ ਹੈ ਪਰ ਮੈਰਾ ਜ਼ਮੀਨ ਇਸ ਦੀ ਕਾਸ਼ਤ ਲਈ ਸਭ ਤੋਂ ਢੁਕਵੀਂ ਹੈ। ਪੰਜਾਬ ਵਿੱਚ ਤੋਰੀਏ ਦੀ ਕਾਸ਼ਤ ਲਈ ਟੀ.ਐੱਲ. 17 ਅਤੇ ਟੀ.ਐੱਲ. 15 ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ, ਜੋ ਬਹੁ-ਫ਼ਸਲੀ ਚੱਕਰ ਲਈ ਬਹੁਤ ਢੁਕਵੀਂਆਂ ਹਨ। ਇਹ ਕਿਸਮਾਂ ਪੱਕਣ ਲਈ 88-90 ਦਿਨ ਦਾ ਸਮਾਂ ਲੈਂਦੀਆਂ ਹਨ ਅਤੇ 4.5 ਤੋਂ 5.2 ਕੁਇੰਟਲ ਪ੍ਰਤੀ ਏਕੜ ਤੱਕ ਝਾੜ ਦਿੰਦੀਆਂ ਹਨ। ਇਨ੍ਹਾਂ ਕਿਸਮਾਂ ਦੇ ਬੀਜਾਂ ਵਿੱਚ 41-42 ਫੀਸਦੀ ਤੇਲ ਹੁੰਦਾ ਹੈ।
ਖੇਤ ਦੀ ਤਿਆਰੀ ਤੇ ਬਿਜਾਈ ਦਾ ਸਮਾਂ
ਫ਼ਸਲ ਦੇ ਵਧੀਆ ਜੰਮ ਲਈ ਖੇਤ ਦੀ ਚੰਗੀ ਤਿਆਰੀ ਬਹੁਤ ਜ਼ਰੂਰੀ ਹੈ। ਖੇਤ ਨੂੰ 2 ਤੋਂ 4 ਵਾਰ ਵਾਹੁਣਾ ਅਤੇ ਹਰ ਵਾਹੀ ਬਾਅਦ ਸੁਹਾਗਾ ਫੇਰਨਾ ਚਾਹੀਦਾ ਹੈ। ਬਿਜਾਈ ਸਮੇਂ ਖੇਤ ਵਧੀਆ ਵੱਤਰ ਹੋਣਾ ਚਾਹੀਦਾ ਹੈ। ਨਿਰੋਲ ਫ਼ਸਲ ਲਈ ਸਾਰਾ ਸਤੰਬਰ ਮਹੀਨਾ ਤੋਰੀਏ ਦੀ ਬਿਜਾਈ ਲਈ ਢੁਕਵਾਂ ਹੈ। ਜੇਕਰ ਤੋਰੀਆ ਨੂੰ ਗੋਭੀ ਸਰ੍ਹੋਂ ਵਿੱਚ ਰਲਵੀਂ ਫ਼ਸਲ ਵਜੋਂ ਬੀਜਣਾ ਹੋਵੇ ਤਾਂ ਸਤੰਬਰ ਦਾ ਤੀਜਾ ਹਫ਼ਤਾ ਅਤੇ ਪਤਝੜ ਰੁੱਤ ਦੇ ਕਮਾਦ ਵਿਚ ਤੋਰੀਏ ਦੀ ਰਲਵੀਂ ਖੇਤੀ ਕਰਨ ਲਈ 20 ਸਤੰਬਰ ਤੋਂ ਅਖੀਰ ਸਤੰਬਰ ਤੱਕ ਦਾ ਸਮਾਂ ਸਭ ਤੋਂ ਢੁਕਵਾਂ ਹੈ।
ਬੀਜ ਦੀ ਮਾਤਰਾ ਅਤੇ ਬਿਜਾਈ ਦਾ ਢੰਗ
ਨਿਰੋਲ ਬੀਜਾਈ ਲਈ ਤੋਰੀਏ ਦਾ 1.5 ਕਿੱਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ। ਜ਼ਮੀਨ ਵਿੱਚ ਨਮੀ ਘੱਟ ਹੋਣ ਦੀ ਸੂਰਤ ਵਿੱਚ ਬਿਜਾਈ ਤੋਂ ਇੱਕ ਰਾਤ ਪਹਿਲਾਂ ਬੀਜ ਨੂੰ ਗਿੱਲੀ ਮਿੱਟੀ ਵਿੱਚ ਮਿਲਾ ਕੇ ਰੱਖਣਾ ਲਾਹੇਵੰਦ ਹੁੰਦਾ ਹੈ। ਤੋਰੀਏ ਦੀ ਬਿਜਾਈ ਡਰਿੱਲ ਜਾਂ ਪੋਰੇ ਨਾਲ ਕੀਤੀ ਜਾ ਸਕਦੀ ਹੈ। ਬਿਜਾਈ ਲਈ ਹੱਥ ਨਾਲ ਚੱਲਣ ਵਾਲੀ ਤੇਲਬੀਜ ਡਰਿੱਲ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਤੋਰੀਏ ਦੀ ਨਿਰੋਲ ਬਿਜਾਈ ਕਤਾਰਾਂ ਵਿਚਕਾਰ 30 ਸੈਂਟੀਮੀਟਰ ਦਾ ਫ਼ਾਸਲਾ ਰੱਖਦੇ ਹੋਏ 4-5 ਸੈਂਟੀਮੀਟਰ ਡੂੰਘਾਈ ਤੇ ਕਰਨੀ ਚਾਹੀਦੀ ਹੈ। ਬੂਟੇ ਤੋਂ ਬੂਟੇ ਦਾ ਫ਼ਾਸਲਾ 10 ਤੋਂ 15 ਸੈਂਟੀਮੀਟਰ ਰੱਖਣ ਲਈ ਬਿਜਾਈ ਤੋਂ ਤਿੰਨ ਹਫ਼ਤੇ ਬਾਅਦ ਫ਼ਸਲ ਨੂੰ ਵਿਰਲਾ ਕਰਨਾ ਜ਼ਰੂਰੀ ਹੁੰਦਾ ਹੈ।
ਖਾਦ ਪ੍ਰਬੰਧਨ
ਆਮ ਤੌਰ ’ਤੇ ਖਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਆਧਾਰ ’ਤੇ ਹੀ ਕਰਨੀ ਚਾਹੀਦੀ ਹੈ। ਮਿੱਟੀ ਪਰਖ ਨਾ ਕਰਵਾਉਣ ਦੀ ਸੂਰਤ ਵਿੱਚ ਤੋਰੀਏ ਦੀ ਨਿਰੋਲ ਫ਼ਸਲ ਨੂੰ 55 ਕਿਲੋ ਯੂਰੀਆ ਅਤੇ 50 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ। ਫ਼ਾਸਫ਼ੋਰਸ ਲਈ ਸਿੰਗਲ ਸੁਪਰਫ਼ਾਸਫ਼ੇਟ ਖਾਦ ਨੂੰ ਪਹਿਲ ਦੇਣੀ ਚਾਹੀਦੀ ਹੈ। ਜੇ ਇਹ ਖਾਦ ਨਾ ਮਿਲੇ ਤਾਂ ਖਾਸ ਕਰਕੇ ਗੰਧਕ ਤੱਤ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ 80 ਕਿੱਲੋ ਜਿਪਸਮ ਜਾਂ 13 ਕਿੱਲੋ ਬੈਂਟੋਨਾਈਟ-ਸਲਫ਼ਰ ਪ੍ਰਤੀ ਏਕੜ ਅਤੇ ਫ਼ਾਸਫ਼ੋਰਸ ਤੱਤ ਦੀ ਪੂਰਤੀ ਲਈ 26 ਕਿੱਲੋ ਡੀ ਏ ਪੀ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ। ਸੇਂਜੂ ਹਾਲਤਾਂ ਵਿੱਚ ਤੋਰੀਏ ਨੂੰ ਸਾਰੀ ਖਾਦ (ਨਾਈਟ੍ਰੋਜਨ ਅਤੇ ਫ਼ਾਸਫ਼ੋਰਸ) ਬਿਜਾਈ ਸਮੇਂ ਪੋਰ ਦੇਣੀ ਚਾਹੀਦੀ ਹੈ। ਤੋਰੀਆ ਤੇ ਗੋਭੀ ਸਰ੍ਹੋਂ ਦੀ ਰਲਵੀਂ ਕਾਸ਼ਤ ਵਿੱਚ ਬਿਜਾਈ ਸਮੇਂ 55 ਕਿੱਲੋ ਯੂਰੀਆ ਅਤੇ 75 ਕਿੱਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਅਤੇ ਤੋਰੀਆ ਦੀ ਵਾਢੀ ਤੋਂ ਬਾਅਦ 65 ਕਿੱਲੋ ਯੂਰੀਆ ਪ੍ਰਤੀ ਏਕੜ ਸਿੰਚਾਈ ਨਾਲ ਪਾਉਣਾ ਚਾਹੀਦਾ ਹੈ। ਇਸੇ ਤਰਾਂ ਪਤਝੜ ਰੁੱਤ ਦੇ ਕਮਾਦ ਅਤੇ ਤੋਰੀਏ ਦੀ ਰਲਵੀਂ ਖੇਤੀ ਵਿੱਚ ਕਮਾਦ ਨੂੰ ਸਿਫ਼ਾਰਸ਼ ਕੀਤੀਆਂ ਖਾਦਾਂ ਤੋਂ ਇਲਾਵਾ 33 ਕਿਲੋ ਯੂਰੀਆ ਅਤੇ 32 ਕਿਲੋ ਸਿੰਗਲ ਸੁਪਰਫ਼ਾਸਫ਼ੇਟ ਹੋਰ ਪਾਉਣੀ ਚਾਹੀਦੀ ਹੈ।
ਨਦੀਨਾਂ ਦੀ ਰੋਕਥਾਮ ਤੇ ਸਿੰਚਾਈ
ਤੋਰੀਏ ਵਿੱਚ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 3 ਹਫ਼ਤੇ ਪਿੱਛੋਂ ਇੱਕ ਗੋਡੀ ਕਰਨੀ ਚਾਹੀਦੀ ਹੈ। ਜੇਕਰ ਤੋਰੀਏ ਦੀ ਬਿਜਾਈ ਭਰਵੀਂ ਰੌਣੀ ਤੋਂ ਬਾਅਦ ਕੀਤੀ ਜਾਵੇ ਤਾਂ ਫੁੱਲ ਪੈਣ ਸਮੇਂ ਫ਼ਸਲ ਨੂੰ ਲੋੜ ਅਨੁਸਾਰ ਇੱਕ ਸਿੰਚਾਈ ਦੀ ਕੀਤੀ ਜਾ ਸਕਦੀ ਹੈ।
ਫ਼ਸਲ ਦੀ ਕਟਾਈ ਤੇ ਗਹਾਈ
ਸਮੇਂ ਸਿਰ ਬੀਜੀ ਫ਼ਸਲ ਦਸੰਬਰ ਵਿੱਚ ਫਲੀਆਂ ਪੀਲੀਆਂ ਹੋ ਜਾਣ ’ਤੇ ਕੱਟਣ ਲਈ ਤਿਆਰ ਹੁੰਦੀ ਹੈ। ਫ਼ਸਲ ਨੂੰ ਕਿਰਨ ਤੋਂ ਬਚਾਉਣ ਲਈ ਕਟਾਈ ਸਵੇਰ ਦੇ ਸਮੇਂ, ਜਦੋਂ ਫ਼ਲੀਆਂ ਤ੍ਰੇਲ ਨਾਲ ਨਰਮ ਹੋਣ, ਕਰਨ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਕੱਟੀ ਹੋਈ ਫ਼ਸਲ ਗਾਹੁਣ ਤੋਂ 7-10 ਦਿਨ ਪਹਿਲਾਂ ਢੇਰ (ਕੁੰਨੂੰ) ਬਣਾ ਕੇ ਰੱਖਣੀ ਚਾਹੀਦੀ ਹੈ। ਗਹਾਈ ਲਈ ਕਿੱਲੀਆਂ ਵਾਲਾ ਕਣਕ ਦਾ ਥਰੈਸ਼ਰ ਕੁਝ ਤਬਦੀਲੀਆਂ ਕਰਕੇ ਵਰਤਿਆ ਜਾ ਸਕਦਾ ਹੈ।