ਪੰਜਾਬ ਸਮੇਤ ਸਮੁੱਚੇ ਭਾਰਤ ’ਚ ਪਾਇਆ ਜਾਣ ਫ਼ਲ ਅਮਰੂਦ
ਫਰਵਰੀ,ਮਾਰਚ ਜਾਂ ਅਗਸਤ-ਸਤੰਬਰ ਮਹੀਨੇ ’ਚ ਲਗਾਏ ਜਾ ਸਕਦੇ ਹਨ ਅਮਰੂਦ ਦੇ ਬੂਟੇ
ਅਮਰੂਦ ਦੀ ਫਸਲ ਭਾਰਤ ਵਿਚ ਆਮ ਉਗਾਈ ਜਾਣ ਵਾਲੀ ਪਰ ਵਪਾਰਕ ਫ਼ਸਲ ਹੈ । ਇਸ ਨੂੰ ਗਰਮ ਅਤੇ ਘੱਟ ਗਰਮ ਇਲਾਕਿਆਂ ਵਿਚ ਉਗਾਇਆ ਜਾਂਦਾ ਹੈ । ਅਮਰੂਦ ’ਚ ਵਿਟਾਮਿਨ ਸੀ ਅਤੇ ਪੈਕਟਿਨ ਦੇ ਨਾਲ-ਨਾਲ ਕੈਲਸ਼ੀਅਮ ਅਤੇ ਫਾਸਫੋਰਸ ਵੀ ਵਧੇਰੇ ਮਾਤਰਾ ਵਿਚ ਪਾਇਆ ਜਾਂਦਾ ਹੈ। ਇਹ ਭਾਰਤ ਦੇ ਅੰਬ, ਕੇਲਾ ਅਤੇ ਨਿੰਬੂ ਜਾਤੀ ਦੇ ਬੂਟਿਆਂ ਤੋਂ ਬਾਅਦ ਉਗਾਈ ਜਾਣ ਵਾਲੀ ਚੌਥੇ ਨੰਬਰ ਦੀ ਫ਼ਸਲ ਹੈ । ਇਸ ਦੀ ਪੈਦਾਵਾਰ ਪੂਰੇ ਭਾਰਤ ਵਿਚ ਕੀਤੀ ਜਾਂਦੀ ਹੈ। ਬਿਹਾਰ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਉੜੀਸਾ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਤੋਂ ਇਲਾਵਾ ਇਸ ਦੀ ਖੇਤੀ ਪੰਜਾਬ ਅਤੇ ਹਰਿਆਣਾ ਵਿਚ ਵੀ ਕੀਤੀ ਜਾਂਦੀ ਹੈ । ਅਮਰੂਦ ਦੀ ਬਾਗਬਾਨੀ ਲਈ ਹਰ ਤਰ੍ਹਾਂ ਦੀ ਮਿੱਟੀ ਢੁਕਵੀਂ ਹੁੰਦੀ ਹੈ, ਜਿਸ ਵਿਚ ਮਾੜੀ ਤੋਂ ਲੈ ਕੇ ਖਾਰੀ ਅਤੇ ਘੱਟ ਨਿਕਾਸ ਵਾਲੀ ਮਿੱਟੀ ਵੀ ਸ਼ਾਮਲ ਹੈ । ਚੰਗੀ ਪੈਦਾਵਾਰ ਲਈ ਇਸ ਨੂੰ ਡੂੰਘੇ ਤਲ, ਚੰਗੇ ਨਿਕਾਸ ਵਾਲੀ ਰੇਤਲੀ ਚੀਕਣੀ ਮਿੱਟੀ ਤੋਂ ਲੈ ਕੇ ਚੀਕਣੀ ਮਿੱਟੀ ਵਿੱਚ ਬੀਜਣਾ ਚਾਹੀਦਾ ਹੈ ।
ਪ੍ਰਸਿੱਧ ਕਿਸਮਾਂ ਅਤੇ ਝਾੜ : ਪੰਜਾਬ ਪਿੰਕ : ਇਸ ਕਿਸਮ ਦੇ ਫ਼ਲ ਦਰਮਿਆਨੇ ਤੋਂ ਵੱਡੇ ਆਕਾਰ ਅਤੇ ਆਕਰਸ਼ਕ ਰੰਗ ਦੇ ਹੁੰਦੇ ਹਨ । ਗਰਮੀਆਂ ਵਿਚ ਇਨ੍ਹਾਂ ਦਾ ਰੰਗ ਸੁਨਹਿਰੀ ਪੀਲਾ ਹੋ ਜਾਂਦਾ ਹੈ । ਇਸ ਦਾ ਗੁੱਦਾ ਲਾਲ ਰੰਗ ਦਾ ਹੁੰਦਾ ਹੈ ਜਿਸ ਵਿਚੋਂ ਦਿਲਖਿਚਵੀਂ ਖੁਸ਼ਬੂ ਆਉਂਦੀ ਹੈ । ਇਸ ਵਿਚ ਟੀ ਐਸ ਐਸ. ਦੀ ਮਾਤਰਾ 10.5 ਤੋਂ 12% ਹੁੰਦੀ ਹੈ । ਇਸ ਦੇ ਇਕ ਬੂਟੇ ਦਾ ਝਾੜ ਤਕਰੀਬਨ 155 ਕਿਲੋ ਤੱਕ ਹੁੰਦਾ ਹੈ ।
ਇਲਾਹਾਬਾਦ ਸਫੇਦਾ : ਇਹ ਦਰਮਿਆਨੇ ਕੱਦ ਦੀ ਕਿਸਮ ਹੈ ਜਿਸ ਦਾ ਬੂਟਾ ਗੋਲਾਕਾਰ ਹੁੰਦਾ ਹੈ । ਇਸ ਦੀਆਂ ਟਹਿਣੀਆਂ ਚਾਰ ਚੁਫੇਰੇ ਫੈਲੀਆਂ ਹੋਈਆਂ ਹੁੰਦੀਆਂ ਹਨ । ਇਸ ਦਾ ਫ਼ਲ ਨਰਮ ਅਤੇ ਗੋਲ ਆਕਾਰ ਦਾ ਹੁੰਦਾ ਹੈ । ਇਸ ਦੇ ਗੁੱਦੇ ਦਾ ਰੰਗ ਚਿੱਟਾ ਹੁੰਦਾ ਹੈ ਜਿਸ ਦੀ ਖੁਸ਼ਬੂ ਕਾਫ਼ੀ ਚੰਗੀ ਹੁੰਦੀ ਹੈ । ਇਸ ਵਿਚ ਟੀ ਐਸ ਐਸ. ਦੀ ਮਾਤਰਾ 10 ਤੋਂ 12% ਤੱਕ ਹੁੰਦੀ ਹੈ । ਇਸ ਦਾ ਪ੍ਰਤੀ ਬੂਟਾ ਝਾੜ 145 ਕਿਲੋ ਤੱਕ ਹੁੰਦਾ ਹੈ ।
ਸਰਦਾਰ : ਇਸ ਨੂੰ ਐਲ-49 ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ । ਇਹ ਛੋਟੇ ਕੱਦ ਵਾਲੀ ਕਿਸਮ ਹੈ, ਜਿਸ ਦੀਆਂ ਟਾਹਣੀਆਂ ਕਾਫ਼ੀ ਸੰਘਣੀਆਂ ਅਤੇ ਫੈਲੀਆਂ ਹੋਈਆਂ ਹੁੰਦੀਆਂ ਹਨ । ਇਸ ਦਾ ਫ਼ਲ ਵੱਡੇ ਆਕਾਰ ਅਤੇ ਬਾਹਰੋਂ ਖੁਰਦਰਾ ਜਿਹਾ ਹੁੰਦਾ ਹੈ । ਇਸ ਦਾ ਗੁੱਦਾ ਕਰੀਮ ਰੰਗ ਦਾ ਹੁੰਦਾ ਹੈ । ਖਾਣ ਨੂੰ ਇਹ ਨਰਮ, ਰਸੀਲਾ ਅਤੇ ਸਵਾਦਿਸ਼ਟ ਹੁੰਦਾ ਹੈ । ਇਸ ਵਿਚ ਟੀ ਐਸ ਐਸ ਦੀ ਮਾਤਰਾ 10 ਤੋਂ 12% ਹੁੰਦੀ ਹੈ । ਇਸ ਦਾ ਪ੍ਰਤੀ ਬੂਟਾ ਝਾੜ 130 ਤੋਂ 155 ਕਿਲੋਗ੍ਰਾਮ ਤੱਕ ਹੁੰਦਾ ਹੈ ।
ਪੰਜਾਬ ਕਿਰਨ : ਇਸ ਕਿਸਮ ਦੇ ਫਲ ਦਾ ਗੁੱਦਾ ਗੁਲਾਬੀ ਰੰਗ ਦਾ ਹੁੰਦਾ ਹੈ । ਫਲ ਵਿੱਚ ਸ਼ੂਗਰ ਦੀ ਮਾਤਰਾ 12.3% ਹੁੰਦੀ ਹੈ ਅਤੇ ਖੱਟਾਪਣ 0.44% ਹੁੰਦੀ ਹੈ। ਇਸਦੇ ਬੀਜ ਛੋਟੇ ਅਤੇ ਨਰਮ ਹੁੰਦੇ ਹਨ।
ਇਲਾਹਾਬਾਦ ਸੁਰਖਾ : ਇਹ ਬਿਨਾਂ ਬੀਜ ਵਾਲੀ ਕਿਸਮ ਹੈ । ਇਸ ਦੇ ਫਲ ਵੱਡੇ ਅਤੇ ਅੰਦਰੋ ਗੁਲਾਬੀ ਰੰਗ ਦੇ ਹੁੰਦੇ ਹਨ।
ਅਮਰੂਦ ਦੇ ਬੂਟੇ ਲਗਾਉਣ ਦਾ ਸਮਾਂ : ਫਰਵਰੀ-ਮਾਰਚ ਜਾਂ ਅਗਸਤ-ਸਤੰਬਰ ਦਾ ਮਹੀਨਾਂ ਅਮਰੂਦ ਦੇ ਪੌਦੇ ਲਗਾਉੇਣ ਲਈ ਸਹੀ ਮੰਨਿਆਂ ਜਾਂਦਾ ਹੈ। ਇਸ ਦੇ ਪੌਦੇ ਬੀਜ ਲਗਾ ਕੇ ਜਾਂ ਕਲਮ ਵਿਧੀ ਰਾਹੀਂ ਤਿਆਰ ਕੀਤੇ ਜਾਂਦੇ ਹਨ । ਸਰਦਾਰ ਕਿਸਮ ਦੇ ਬੂਟਿਆਂ ਤੇ ਬੀਜ ਮੁਰਝਾਉਣ ਦੀ ਬਿਮਾਰੀ ਦਾ ਅਸਰ ਨਹੀਂ ਹੁੰਦਾ ਅਤੇ ਇਨ੍ਹਾਂ ਨੂੰ ਜੜ੍ਹ ਰਾਹੀਂ ਪਨੀਰੀ ਤਿਆਰ ਕਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ । ਇਸ ਦੇ ਪੂਰੀ ਤਰ੍ਹਾਂ ਪੱਕੇ ਹੋਏ ਫਲਾਂ ਵਿਚੋਂ ਬੀਜ ਤਿਆਰ ਕਰ ਕੇ ਉਨ੍ਹਾਂ ਨੂੰ ਬੈੱਡ ਜਾਂ ਨਰਮ ਕਿਆਰੀਆਂ ਵਿਚ ਅਗਸਤ ਤੋਂ ਮਾਰਚ ਮਹੀਨੇ ਵਿਚ ਬੀਜਣਾ ਚਾਹੀਦਾ ਹੈ । ਕਿਆਰੀਆਂ ਦੀ ਲੰਬਾਈ 2 ਮੀਟਰ ਅਤੇ ਚੌੜਾਈ 1 ਮੀਟਰ ਤੱਕ ਹੋਣੀ ਚਾਹੀਦੀ ਹੈ । ਬਿਜਾਈ ਤੋਂ 6 ਮਹੀਨੇ ਬਾਅਦ ਪਨੀਰੀ ਖੇਤ ਵਿਚ ਲਗਾਉਣ ਲਈ ਤਿਆਰ ਹੋ ਜਾਂਦੀ ਹੈ। ਨਵੀਂ ਪੁੰਗਰੀ ਪਨੀਰੀ ਦੀ ਚੋੜਾਈ 1 ਤੋਂ 1.2 ਸੈਟੀਮੀਟਰ ਅਤੇ ਉਚਾਈ 15 ਸੈਂਟੀਮੀਟਰ ਤੱਕ ਹੋ ਜਾਣ ਉਤੇ ਇਹ ਪੁੰਗਰਨ ਵਿਧੀ ਲਈ ਵਰਤਣ ਵਾਸਤੇ ਤਿਆਰ ਹੋ ਜਾਂਦੀ ਹੈ। ਮਈ ਤੋਂ ਜੂਨ ਤੱਕ ਦਾ ਸਮਾਂ ਕਲਮ ਵਿਧੀ ਲਈ ਢੁਕਵਾਂ ਹੁੰਦਾ ਹੈ । ਨਵੇਂ ਫੁੱਟੇ ਅਤੇ ਤਾਜੀਆਂ ਕੱਟੀਆਂ ਟਾਹਣੀਆਂ ਜਾਂ ਕਲਮਾਂ ਪੁੰਗਰਨ ਵਿਧੀ ਲਈ ਵਰਤੀਆਂ ਜਾ ਸਕਦੀਆਂ ਹਨ ।
ਕਟਾਈ ਅਤੇ ਛੰਗਾਈ : ਪੌਦਿਆਂ ਦੀ ਮਜਬੂਤੀ ਅਤੇ ਸਹੀ ਵਾਧੇ ਲਈ ਕਟਾਈ ਅਤੇ ਛਟਾਈ ਦੀ ਜ਼ਰੂਰਤ ਹੁੰਦੀ ਹੈ । ਜਿੰਨਾਂ ਮਜਬੂਤ ਬੂਟੇ ਦਾ ਤਣਾ ਹੋਵੇਗਾ, ਉਨੀ ਹੀ ਪੈਦਾਵਾਰ ਵਧੇਰੇ ਚੰਗੀ ਗੁਣਵੱਤਾ ਭਰਪੂਰ ਹੋਵੇਗੀ । ਬੂਟੇ ਦੀ ਉਪਜਾਈ ਸਮਰੱਥਾ ਬਣਾਈ ਰੱਖਣ ਲਈ ਫ਼ਲਾਂ ਦੀ ਪਹਿਲੀ ਤੁੜਾਈ ਤੋਂ ਬਾਅਦ ਬੂਟੇ ਦੀ ਹਲਕੀ ਛਟਾਈ ਕਰਨੀ ਜ਼ਰੂਰੀ ਹੁੰਦੀ ਹੈ । ਜਦਕਿ ਸੁੱਕ ਚੁੱਕੀਆਂ ਅਤੇ ਬਿਮਾਰੀ ਆਦਿ ਤੋਂ ਪ੍ਰਭਾਵਿਤ ਟਾਹਣੀਆਂ ਦੀ ਕਟਾਈ ਲਗਾਤਾਰ ਕਰਨੀ ਚਾਹੀਦੀ ਹੈ। ਬੂਟੇ ਦੀ ਕਟਾਈ ਹਮੇਸ਼ਾ ਹੇਠਾ ਤੋਂ ਉਪਰ ਵੱਲ ਕਰਨੀ ਚਾਹੀਦੀ ਹੈ। ਅਮਰੂਦ ਦੇ ਬੂਟੇ ਨੂੰ ਫੁੱਲ, ਟਾਹਣੀਆਂ ਅਤੇ ਤਣੇ ਦੀ ਹਾਲਤ ਅਨੁਸਾਰ ਪੈਂਦੇ ਹਨ, ਇਸ ਲਈ ਸਾਲ ਵਿੱਚ ਇੱਕ ਵਾਰ ਪੌਦੇ ਦੀ ਹਲਕੀ ਛਟਾਈ ਕਰਨ ਵੇਲੇ ਟਾਹਣੀਆਂ ਦੇ ਉਪਰਲੇ ਹਿੱਸੇ ਨੂੰ 10 ਸੈਂਟੀਮੀਟਰ ਤੱਕ ਕੱਟ ਦੇਣਾ ਚਾਹੀਦਾ ਹੈ । ਇਸ ਤਰ੍ਹਾਂ ਕਟਾਈ ਤੋਂ ਬਾਅਦ ਨਵੀਆਂ ਟਾਹਣੀਆਂ ਪੁੰਗਰਨ ਵਿਚ ਸਹਾਇਤਾ ਮਿਲਦੀ ਹੈ ।
ਜਦੋਂ ਪੌਦੇ 1 ਤੋਂ 3 ਸਾਲ ਪੁਰਾਣੇ ਹੋ ਜਾਣ ਤਾਂ ਇਸ ਵਿਚ 10 ਤੋਂ 25 ਕਿਲੋਗ੍ਰਾਮ ਦੇਸੀ ਰੂੜੀ ਦੀ ਖਾਦ, 155 ਤੋਂ 200 ਗ੍ਰਾਮ ਯੂਰੀਆ, 500 ਤੋਂ 1500 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 100 ਤੋਂ 400 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ । ਪੌਦੇ ਦੇ 4 ਤੋਂ 6 ਸਾਲ ਦਾ ਹੋਣ ਤੇ ਇਸ ਵਿਚ 25 ਤੋਂ 40 ਕਿਲੋਗ੍ਰਾਮ ਰੂੜੀ (ਦੇਸੀ ਖਾਦ), 300 ਤੋਂ 600 ਗ੍ਰਾਮ ਯੂਰੀਆ, 1500 ਤੋਂ 2000 ਗ੍ਰਾਮ ਸਿੰਗਲ ਸੁਪਰ ਫਾਸਫੇਟ 600 ਤੋਂ 1000 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ । 7 ਤੋਂ 10 ਸਾਲ ਦੀ ਉਮਰ ਦੇ ਬੂਟਿਆਂ ਵਿਚ 40 ਤੋਂ 50 ਕਿਲੋਗ੍ਰਾਮ ਰੂੜੀ (ਦੇਸੀ ਖਾਦ), 750 ਤੋਂ 1000 ਗ੍ਰਾਮ ਯੂਰੀਆ, 2000 ਤੋਂ 2500 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 1100 ਤੋਂ 1500 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ । 10 ਸਾਲ ਤੋਂ ਵੱਧ ਉਮਰ ਦੇ ਪੌਦਿਆਂ ਲਈ 50 ਕਿਲੋਗ੍ਰਾਮ ਰੂੜੀ (ਦੇਸੀ ਖਾਦ), 1000 ਗ੍ਰਾਮ ਯੂਰੀਆ, 2500 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 1500 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ । ਰੂੜੀ (ਦੇਸੀ ਖਾਦ) ਦੀ ਪੂਰੀ ਅਤੇ ਯੂਰੀਆ, ਸਿੰਗਲ ਸੁਪਰ ਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼ ਦੀ ਅੱਧੀ ਖੁਰਾਕ ਨੂੰ ਮਈ ਤੋਂ ਜੂਨ ਅਤੇ ਮੁੜ ਸਤੰਬਰ ਤੋਂ ਅਕਤੂਬਰ ਮਹੀਨੇ ਵਿਚ ਪਾਉਣੀ ਚਾਹੀਦੀ ਹੈ।
ਪਹਿਲੀ ਸਿੰਚਾਈ ਪੌਦੇ ਲਗਾਉਣ ਤੋਂ ਤੁਰੰਤ ਬਾਅਦ ਅਤੇ ਦੂਜੀ ਸਿੰਚਾਈ ਤੀਜੇ ਦਿਨ ਕਰੋ । ਇਸ ਤੋਂ ਬਾਅਦ ਮੌਸਮ ਅਤੇ ਮਿੱਟੀ ਦੀ ਕਿਸਮ ਦੇ ਹਿਸਾਬ ਨਾਲ ਸਿੰਚਾਈ ਦੀ ਲੋੜ ਪੈਂਦੀ ਹੈ । ਚੰਗੇ ਤੇ ਸਿਹਤਮੰਦ ਬਾਗਾਂ ਵਿਚ ਸਿੰਚਾਈ ਦੀ ਬਹੁਤੀ ਲੋੜ ਨਹੀਂ ਹੁੰਦੀ । ਨਵੇਂ ਲਾਏ ਪੌਦਿਆਂ ਨੂੰ ਗਰਮੀਆਂ ਵਿਚ ਹਫ਼ਤੇ ਬਾਅਦ ਅਤੇ ਸਰਦੀਆਂ ਵਿਚ ਮਹੀਨੇ ਵਿਚ 2 ਤੋਂ 3 ਵਾਰ ਸਿੰਚਾਈ ਦੀ ਲੋੜ ਹੁੰਦੀ ਹੈ । ਪੌਦੇ ਨੂੰ ਫੁੱਲ ਪੈਣ ਵੇਲੇ ਜ਼ਿਆਦਾ ਸਿੰਚਾਈ ਨਹੀਂ ਕਰਨੀ ਚਾਹੀਦੀ ਕਿਉਂਕਿ ਜ਼ਿਆਦਾ ਸਿੰਚਾਈ ਨਾਲ ਫੁੱਲ ਡਿੱਗਣ ਦਾ ਖ਼ਤਰਾ ਵੱਧ ਜਾਂਦਾ ਹੈ ।