Farming News: ਅਗਾਂਹਵਧੂ ਕਿਸਾਨ ਚਮਕੌਰ ਸਿੰਘ ਕਿਸਾਨਾਂ ਲਈ ਬਣਿਆ ਪ੍ਰੇਰਨਾ ਸਰੋਤ
ਝੋਨੇ ਦੀ ਪਰਾਲੀ ਨੂੰ ਖੇਤ ਵਿਚ ਵਾਹ ਕੇ ਵਾਤਾਵਰਣ ਦਾ ਬਣਿਆ ਰਖਵਾਲਾ
Farming News: ਜ਼ਿਲ੍ਹਾ ਫ਼ਿਰੋਜ਼ਪੁਰ ਦੇ ਬਲਾਕ ਗੁਰੂਹਰਸਹਾਏ ਦੇ ਅਗਾਂਹਵਧੂ ਕਿਸਾਨ ਚਮਕੌਰ ਸਿੰਘ ਪੁੱਤਰ ਨਿਰਭੈ ਸਿੰਘ ਪਿੰਡ ਮੋਠਾਂ ਵਾਲਾ ਜੋ ਪਿਛਲੇ ਕਈ ਸਾਲਾ ਤੋਂ ਖੇਤ ਵਿਚ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਅੱਗ ਲਾਏ ਬਿਨਾਂ ਖੇਤੀ ਕਰ ਰਿਹਾ ਹੈ ਅਤੇ ਪੰਜਾਬ ਦੇ ਬਾਕੀ ਕਿਸਾਨਾਂ ਨੂੰ ਵੀ ਵਾਤਾਵਰਨ ਪੱਖੀ ਸੋਚ ਅਪਣਾ ਕੇ ਪਰਾਲੀ ਅਤੇ ਨਾੜ ਨੂੰ ਬਿਨਾਂ ਅੱਗ ਲਗਾਏ ਖੇਤ ਵਿਚ ਵਾਹ ਕੇ ਫ਼ਸਲ ਬੀਜਣ ਲਈ ਪ੍ਰੇਰਣਾ ਸਰੋਤ ਬਣਿਆ ਹੈ।
ਵਾਤਾਵਰਨ ਦਾ ਰਖਵਾਲਾ ਚਮਕੌਰ ਸਿੰਘ ਪਿਛਲੇ 3-4 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਮਲਚਰ ਅਤੇ ਐਮ.ਬੀ. ਪਲੋਅ ਅਤੇ ਹੋਰ ਆਧੁਨਿਕ ਮਸ਼ੀਨਰੀ ਨਾਲ ਖੇਤ ਵਿਚ ਹੀ ਵਾਹ ਕੇ ਕਣਕ ਦੀ ਬਿਜਾਈ ਕਰ ਰਿਹਾ ਹੈ। ਉਹ ਖੇਤੀਬਾੜੀ ਦੇ ਆਧੁਨਿਕ ਸੰਦਾਂ ਦੀ ਵਰਤੋਂ ਕਰ ਕੇ ਪਰਾਲੀ ਨਿਪਟਾਰਾ/ਸਾਂਭ-ਸੰਭਾਲ ਕਰਦਾ ਆ ਰਿਹਾ ਹੈ।
ਕਿਸਾਨ ਨੇ ਕਿਹਾ ਕਿ ਉਸ ਦੀ ਫ਼ਸਲ ਦੇ ਝਾੜ ਵਿਚ ਕਦੇ ਕੋਈ ਸਮੱਸਿਆ ਨਹੀਂ ਆਈ। ਉਸ ਨੇ ਦਸਿਆ ਕਿ ਉਹ ਜਿੱਥੇ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਵਿਚ ਅਪਣਾ ਯੋਗਦਾਨ ਪਾ ਰਿਹਾ ਹੈ, ਉੱਥੇ ਹੀ ਉਸ ਦੀ ਕਣਕ/ਝੋਨੇ ਦਾ ਝਾੜ ਵੀ ਬਹੁਤ ਵਧੀਆ ਨਿਕਲਦਾ ਹੈ। ਇਸ ਤੋਂ ਇਲਾਵਾ ਖੇਤ ਦੀ ਮਿੱਟੀ ਦੀ ਸਿਹਤ ਅਤੇ ਉਪਜਾਊ ਸ਼ਕਤੀ ਵਿਚ ਵੀ ਕਾਫ਼ੀ ਸੁਧਾਰ ਦੇਖਣ ਨੂੰ ਮਿਲਿਆ ਹੈ, ਜਿਸ ਕਾਰਨ ਯੂਰੀਆ ਅਤੇ ਹੋਰ ਖਾਦਾਂ ਦੀ ਖਪਤ ਵਿਚ ਵੀ ਕਮੀ ਆਈ ਹੈ।
ਉਸ ਨੇ ਬਾਕੀ ਕਿਸਾਨ ਭਰਾਵਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਫਲਸਫੇ ’ਤੇ ਚੱਲਦਿਆਂ ਹਵਾ, ਪਾਣੀ ਅਤੇ ਧਰਤੀ ਦੀ ਮਹੱਤਤਾ ਨੂੰ ਸਮਝਦੇ ਹੋਏ ਵਾਤਾਵਰਨ ਪੱਖੀ ਸੋਚ ਅਪਣਾ ਕੇ ਖੇਤੀ ਕਰਨ ਦੀ ਅਪੀਲ ਕੀਤੀ। ਚਮਕੌਰ ਸਿੰਘ ਨੇ ਕਿਸਾਨ ਭਰਾਵਾਂ ਨੂੰ ਕਿਹਾ ਕਿ ਉਹ ਅਪਣੇ ਝੋਨੇ ਦੀ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਅਤੇ ਇਸ ਨੂੰ ਜ਼ਮੀਨ ਵਿਚ ਹੀ ਰਲਾਉਣ ਤਾਂ ਜੋ ਧਰਤੀ ਦੀ ਉਪਜਾਊ ਸ਼ਕਤੀ ਵੀ ਬਰਕਰਾਰ ਬਣੀ ਰਹੇ।
ਫ਼ਿਰੋਜ਼ਪੁਰ ਤੋਂ ਤਪਿੰਦਰ ਸਿੰਘ ਦੀ ਰਿਪੋਰਟ