ਡੀਏਪੀ ਦੀ ਕਮੀ ਨਾਲ ਜੂਝ ਰਹੇ ਹਨ ਪੰਜਾਬ ਦੇ ਕਿਸਾਨ, ਪੰਜਾਬ ਸਰਕਾਰ ਨੇ ਦਿੱਤਾ ਮਦਦ ਦਾ ਭਰੋਸਾ

ਏਜੰਸੀ

ਖੇਤੀਬਾੜੀ, ਸਹਾਇਕ ਧੰਦੇ

ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਹੁਣ ਕਿਸੇ ਵੀ ਕਿਸਾਨ ਨੂੰ ਖੱਜਲ-ਖੁਆਰ ਨਹੀਂ ਹੋਣ ਦੇਵੇਗੀ

Farmers of Punjab are struggling with the lack of DAP

 

ਮੁਹਾਲੀ: ਪੰਜਾਬ ’ਚ ਹੁਣ ਆਲੂਆਂ ਦੀ ਫਸਲ ਤੋਂ ਬਾਅਦ ਕਣਕ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਕਿਸਾਨਾਂ ਨੂੰ ਡੀਏਪੀ ਦੀ ਘਾਟ ਕਾਰਨ ਅਨੇਕਾਂ ਦਿੱਕਤਾਂ ਦਾ ਸਾਹਮਣੇ ਕਰਨਾ ਪੈਂਦਾ ਹੈ। ਇਸ ਵਾਰ ਵੀ ਪੰਜਾਬ ’ਚ ਡਾਈ-ਅਮੋਨੀਅਮ ਫਾਸਫੇਟ (ਡੀਏਪੀ) ਦੀ ਭਾਰੀ ਘਾਟ ਪਾਈ ਜਾ ਰਹੀ ਹੈ। ਡੀਏਪੀ ਦੀ ਕਮੀ ਕਾਰਨ ਮਹੱਤਵਪੂਰਨ ਹਾਡ਼੍ਹੀ ਦੀ ਫ਼ਸਲ ਦੇ ਝਾਡ਼ ’ਤੇ ਮਾਡ਼ਾ ਅਸਰ ਪੈ ਸਕਦਾ ਹੈ। ਡੀਏਪੀ ਖਾਦ ਕਿਸਾਨਾਂ ਨੂੰ ਬਲੈਕ ਵਿਚ ਦੁੱਗਣੀਆਂ ਕੀਮਤਾਂ ’ਤੇ ਵੇਚੀ ਜਾ ਰਹੀ ਹੈ। 

ਇਸ ਤਰ੍ਹਾ ਕਿਸਾਨਾਂ ਕੋਲੋਂ ਮੋਟੀਆਂ ਰਕਮਾਂ ਵਸੂਲ ਕੇ ਗਰੀਬ ਕਿਸਾਨਾਂ ਦੀ ਲੁੱਟ ਕੀਤੀ ਜਾਂਦੀ ਹੈ। ਇੱਥੋਂ ਤਕ ਕਿ ਡੀਏਪੀ ਦਾ ਬਦਲ ਐੱਨਪੀਕੇ ਖਾਦ ਵੀ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ’ਚ ਨਹੀਂ ਮਿਲ ਰਹੀ। ਹਾਡ਼੍ਹੀ ਦੇ ਸੀਜ਼ਨ ਲਈ ਸੂਬੇ ’ਚ 6.50 ਲੱਖ ਮੀਟ੍ਰਿਕ ਟਨ (ਐੱਲਐੱਮਟੀ) ਡੀਏਪੀ ਦੀ ਲੋਡ਼ ਦੇ ਮੁਕਾਬਲੇ, ਸੂਬੇ ਕੋਲ ਸਿਰਫ਼ 2.50 ਲੱਖ ਮੀਟ੍ਰਿਕ ਟਨ ਡੀਏਪੀ ਖਾਦ ਦਾ ਸਟਾਕ ਹੈ। ਇਸ ’ਚੋਂ 1.40 ਲੱਖ ਮੀਟ੍ਰਿਕ ਟਨ ਮਾਰਕਫੈੱਡ, 30,000 ਮੀਟ੍ਰਿਕ ਟਨ ਇਫਕੋ ਵੱਲੋਂ ਸਹਿਕਾਰੀ ਸਭਾਵਾਂ ਨੂੰ ਅਤੇ 80,000 ਮੀਟ੍ਰਿਕ ਟਨ ਨਿੱਜੀ ਖਾਦ ਡੀਲਰਾਂ/ਕਮਿਸ਼ਨ ਏਜੰਟਾਂ ਕੋਲ ਸਟਾਕ ਹੈ।

ਪੰਜਾਬ ’ਚ ਇਸ ਵਾਰ 35 ਲੱਖ ਹੈਕਟੇਅਰ ਰਕਬੇ ’ਚ ਕਣਕ ਦੀ ਬਿਜਾਈ ਹੋਣ ਦੀ ਸੰਭਾਵਨਾ ਹੈ। ਇਸ ਵਾਰ ਝੋਨੇ ਦੀ ਕਟਾਈ ਹੋਣ ਕਾਰਨ ਪਹਿਲਾਂ ਹੀ ਕਣਕ ਦੀ ਬਿਜਾਈ ਪੱਛਡ਼ ਰਹੀ ਹੈ ਪਰ ਹੁਣ ਡੀਏਪੀ ਖਾਦ ਨਾ ਮਿਲਣ ਕਾਰਨ ਕਣਕ ਦੀ ਬਿਜਾਈ ਲੇਟ ਹੋ ਸਕਦੀ ਹੈ, ਜਿਸ ਦਾ ਸਿੱਧਾ ਅਸਰ ਕਣਕ ਦੇ ਝਾਡ਼ ’ਤੇ ਪੈਣ ਦੀ ਸੰਭਾਵਨਾ ਹੈ। 

ਡੀਏਪੀ ਖਾਦ ਦੀ ਘਾਟ ਕਾਰਨ ਸੂਬੇ ਦੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਦੇ ਸ਼ੁਰੂਆਤੀ ਦੌਰ ’ਚ ਲੋਡ਼ੀਂਦੀ ਖਾਦ ਪ੍ਰਾਪਤ ਕਰਨ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਸੂਬੇ ਭਰ ’ਚ ਕਿਸਾਨਾਂ ਵੱਲੋਂ ਖਾਦ ਲੈਣ ਲਈ ਸਹਿਕਾਰੀ ਸਭਾਵਾਂ ’ਚੋਂ ਖ਼ਾਲੀ ਹੱਥ ਪਰਤਣਾ ਪੈ ਰਿਹਾ ਹੈ। ਜਿਹਡ਼ੇ ਪ੍ਰਾਈਵੇਟ ਖਾਦ ਡੀਲਰਾਂ ਕੋਲ ਡੀਏਪੀ ਖਾਦ ਦਾ ਸਟਾਕ ਪਿਆ ਹੈ, ਉਹ ਕਿਸਾਨਾਂ ਜਾਂ ਤਾਂ ਖਾਦ ਮਹਿੰਗੇ ਭਾਅ ਵੇਚ ਰਹੇ ਹਨ ਜਾਂ ਫਿਰ ਡੀਏਪੀ ਖਾਦ ਦੇ ਨਾਲ ਹੋਰ ਖੇਤੀ ਵਸਤਾਂ ਖ਼ਰੀਦਣ ਲਈ ਮਜਬੂਰ ਕਰ ਰਹੇ ਹਨ। 

ਸਹਿਕਾਰੀ ਸਭਾਵਾਂ ਕੋਲ ਡੀਏਪੀ ਦੀ ਘਾਟ ਕਾਰਨ ਕਿਸਾਨਾਂ ਨੂੰ ਪ੍ਰਾਈਵੇਟ ਡੀਲਰਾਂ ਤੋਂ ਇਹ ਖਾਦ ਖ਼ਰੀਦਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਫ਼ਸਲੀ ਹੱਦ ਕਰਜ਼ਾ ਖਾਦ ਤੇ ਕੀਟਨਾਸ਼ਕ ਦਵਾਈ ਖ਼ਰੀਦਣ ਲਈ ਦਿੰਦੀਆਂ ਹਨ, ਜਿਸ ਕਾਰਨ ਕਿਸਾਨ ਸਹਿਕਾਰੀ ਸਭਾਵਾਂ ਤੋਂ ਡੀਏਪੀ ਖਾਦ ਲੈ ਲੈਂਦੇ ਸਨ ਪਰ ਹੁਣ ਉਨ੍ਹਾਂ ਨੂੰ ਨਕਦ ਪੈਸਿਆਂ ਨਾਲ ਮਹਿੰਗੇ ਭਾਅ ਡੀਏਪੀ ਖ਼ਰੀਦ ਕਰਨੀ ਪੈ ਰਹੀ ਹੈ। ਅਪ੍ਰੈਲ ਮਹੀਨੇ ’ਚ ਕੇਂਦਰ ਸਰਕਾਰ ਨੇ ਡੀਏਪੀ ਖਾਦ ਦੇ ਰੇਟ ’ਚ ਪ੍ਰਤੀ ਗੱਟਾ 150 ਰੁਪਏ ਭਾਅ ਵਧਾ ਦਿੱਤਾ ਸੀ, ਪਰ ਇਸ ਦੇ ਬਾਵਜੂਦ ਕਿਸਾਨ ਖਾਦ ਲੈਣ ਲਈ ਮਾਰੇ ਮਾਰੇ ਫਿਰ ਰਹੇ ਹਨ। ਸਰਕਾਰ ਨੇ ਖਾਦ ਦਾ ਭਾਅ 1200 ਤੋਂ 1350 ਰੁਪਏ ਪ੍ਰਤੀ ਗੱਟਾ ਕਰ ਦਿੱਤਾ ਸੀ।

ਖੇਤੀਬਾਡ਼ੀ ਵਿਭਾਗ ਦੇ ਜੁਆਇੰਟ ਡਾਇਰੈਕਟਰ ਜਸਵਿੰਦਰ ਸਿੰਘ ਗਰੇਵਾਲ ਦਾ ਕਹਿਣਾ ਸੀ ਕਿ ਜਲਦੀ ਹੀ ਡੀਏਪੀ ਦੇ ਰੈਕ ਲੱਗ ਰਹੇ ਹਨ ਤੇ ਖਾਦ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਣਕ ਦੀ ਫ਼ਸਲ ਲਈ ਕਰੀਬ ਪੰਜ ਲੱਖ ਮੀਟ੍ਰਿਕ ਟਨ ਡੀਏਪੀ ਖਾਦ ਦੀ ਲੋਡ਼ ਹੈ ਅਤੇ ਮੌਜੂਦਾ ਸਮੇਂ ਕਰੀਬ 2.50 ਲੱਖ ਟਨ ਡੀਏਪੀ ਸਟਾਕ ਵਿਚ ਪਈ ਹੈ।

ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਹੁਣ ਕਿਸੇ ਵੀ ਕਿਸਾਨ ਨੂੰ ਖੱਜਲ-ਖੁਆਰ ਨਹੀਂ ਹੋਣ ਦੇਵੇਗੀ ਅਤੇ ਸੂਬੇ 'ਚ ਡੀਏਪੀ ਖਾਦ ਦੀ ਸਮੱਸਿਆ ਝੱਲ ਰਹੇ ਕਿਸਾਨਾਂ ਦੀ ਫੌਰੀ ਤੌਰ 'ਤੇ ਮਦਦ ਕੀਤੀ ਜਾਵੇਗੀ।

 ਮਿਲੀ ਜਾਣਕਾਰੀ ਮੁਤਾਬਕ ਪੰਜਾਬ ਵਿੱਚ 30 ਨਵੰਬਰ ਤੱਕ 7.50 ਲੱਖ ਮੀਟਰਿਕ ਟਨ ਡੀਏਪੀ ਖਾਦ ਦੀ ਲੋੜ ਹੈ, ਜਦੋਂਕਿ ਪਹਿਲੀ ਅਪਰੈਲ ਤੋਂ ਹੁਣ ਤੱਕ 5.10 ਲੱਖ ਮੀਟਰਿਕ ਟਨ ਡੀਏਪੀ ਖਾਦ ਉਪਲੱਬਧ ਹੋਈ ਹੈ। ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੁੱਖ ਮੰਤਰੀ ਮਾਨ ਨੂੰ ਅਪੀਲ ਕੀਤੀ ਕਿ ਜਲਦੀ ਤੋਂ ਜਲਦੀ ਲੋੜੀਂਦੀ ਖਾਦ ਦਾ ਪ੍ਰਬੰਧ ਕੀਤਾ ਜਾਵੇ।