ਸਬਜ਼ੀਆਂ ਦੀ ਬਿਜਾਈ ਦਾ ਇਹ ਹੈ ਢੁਕਵਾਂ ਸਮਾਂ

ਏਜੰਸੀ

ਖੇਤੀਬਾੜੀ, ਸਹਾਇਕ ਧੰਦੇ

ਪੰਜਾਬ ਵਿਚ ਬਹੁਗਿਣਤੀ ਛੋਟੇ ਕਿਸਾਨਾਂ ਦੀ ਹੈ। ਉਨ੍ਹਾਂ ਨੂੰ ਆਪਣੇ ਕਾਰਜ ਖੇਤਰ ਵਿਚ ਵਾਧਾ ਕਰਨ ਲਈ ਮਹਿੰਗੀ ਦਰ ਉਤੇ ਜ਼ਮੀਨ ਠੇਕੇ ਉਤੇ ਲੈਣੀ ਪੈਂਦੀ ਹੈ।

This is the right time to plant vegetables

 

ਪੰਜਾਬ ਵਿਚ ਬਹੁਗਿਣਤੀ ਛੋਟੇ ਕਿਸਾਨਾਂ ਦੀ ਹੈ। ਉਨ੍ਹਾਂ ਨੂੰ ਆਪਣੇ ਕਾਰਜ ਖੇਤਰ ਵਿਚ ਵਾਧਾ ਕਰਨ ਲਈ ਮਹਿੰਗੀ ਦਰ ਉਤੇ ਜ਼ਮੀਨ ਠੇਕੇ ਉਤੇ ਲੈਣੀ ਪੈਂਦੀ ਹੈ। ਜੇਕਰ ਫ਼ਸਲ ਖਰਾਬ ਹੋ ਜਾਵੇ ਤਾਂ ਠੇਕਾ ਦੇਣਾ ਔਖਾ ਹੋ ਜਾਂਦਾ ਹੈ ਅਤੇ ਉਸ ਨੂੰ ਕਰਜ਼ਾ ਚੁੱਕਣਾ ਪੈਂਦਾ ਹੈ। ਛੋਟੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਮਹਿੰਗੀ ਠੇਕਾ ਦਰ ਉਤੇ ਜ਼ਮੀਨ ਲੈਣ ਦੀ ਥਾਂ ਜੇਕਰ ਆਪਣੀ ਧਰਤੀ ਵਿਚ ਹੀ ਘਣੀ ਖੇਤੀ ਕਰਨ ਦਾ ਯਤਨ ਕੀਤਾ ਜਾਵੇ ਤਾਂ ਕਰਜ਼ੇ ਦੇ ਜਾਲ ਤੋਂ ਬਾਹਰ ਰਿਹਾ ਜਾ ਸਕਦਾ ਹੈ। ਇਸ ਦਾ ਇਕ ਵਧੀਆ ਬਦਲ ਸਬਜ਼ੀਆਂ ਦੀ ਕਾਸ਼ਤ ਹੈ। ਆਪਣੇ ਇਲਾਕੇ ਅਤੇ ਮੰਡੀ ਦੀ ਲੋੜ ਅਨੁਸਾਰ ਸਬਜ਼ੀਆਂ ਦੀ ਚੋਣ ਕੀਤੀ ਜਾ ਸਕਦੀ ਹੈ।

ਫ਼ਰਵਰੀ ਦਾ ਮਹੀਨਾ ਗਰਮੀਆਂ ਦੀਆਂ ਸਬਜ਼ੀਆਂ ਦੀ ਲੁਆਈ ਦਾ ਮਹੀਨਾ ਹੈ। ਗਰਮੀਆਂ ਦੀਆਂ ਸਬਜ਼ੀਆਂ ਦਾ ਇਕ ਗੁਣ ਹੈ ਕਿ ਇਕ ਵਾਰ ਬੂਟਾ ਲੱਗ ਜਾਵੇ ਤਾਂ ਉਹ ਦੋ-ਤਿੰਨ ਮਹੀਨੇ ਸਬਜ਼ੀਆਂ ਦਿੰਦਾ ਰਹਿੰਦਾ ਹੈ। ਸਬਜ਼ੀਆਂ ਨਾਲ ਜਿਥੇ ਕਿਸਾਨਾਂ ਦੇ ਰੁਝੇਵੇਂ ਵਿਚ ਵਾਧਾ ਹੁੰਦਾ ਹੈ ਉਥੇ ਨਿੱਤ ਪੈਸੇ ਵੀ ਜੇਬ ਵਿਚ ਆ ਜਾਂਦੇ ਹਨ। ਘਰ ਖਾਣ ਨੂੰ ਜ਼ਹਿਰਾਂ ਰਹਿਤ ਤਾਜ਼ੀ ਸਬਜ਼ੀ ਪ੍ਰਾਪਤ ਹੁੰਦੀ ਹੈ। ਸਬਜ਼ੀਆਂ ਦੀ ਕਾਸ਼ਤ ਵਿਚ ਸਫ਼ਲਤਾ ਲਈ ਹੱਥੀਂ ਕੰਮ ਕਰਨ ਦੀ ਲੋੜ ਹੈ, ਜੇਕਰ ਕਾਮਿਆਂ ਦੀ ਲੋੜ ਪਵੇ ਤਾਂ ਵੀ ਉਨ੍ਹਾਂ ਦੇ ਨਾਲ ਰਲ ਕੇ ਕੰਮ ਕਰਨਾ ਚਾਹੀਦਾ ਹੈ।

ਇਕੱਲੇ-ਇਕੱਲੇ ਬੂਟੇ ਨੂੰ ਵੇਖਣ ਦੀ ਲੋੜ ਹੈ। ਜੇਕਰ ਕਿਸੇ ਬਿਮਾਰੀ ਜਾਂ ਕੀੜੇ ਦਾ ਹਮਲਾ ਨਜ਼ਰ ਆਵੇ ਤਾਂ ਸ਼ੁਰੂ ਵਿਚ ਇਨ੍ਹਾਂ ਨੂੰ ਕਾਬੂ ਕਰਨਾ ਸੌਖਾ ਹੁੰਦਾ ਹੈ। ਸਮੇਂ ਸਿਰ ਸਬਜ਼ੀ ਦੀ ਤੁੜਾਈ ਤੇ ਉਸ ਦੀ ਵਿਕਰੀ ਬਹੁਤ ਜ਼ਰੂਰੀ ਹੈ। ਜੇਕਰ ਮੰਡੀ ਦੀ ਥਾਂ ਸਿੱਧੀ ਵਿਕਰੀ ਦਾ ਪ੍ਰਬੰਧ ਹੋ ਸਕੇ ਤਾਂ ਪੈਸੇ ਵੱਧ ਕਮਾਏ ਜਾ ਸਕਦੇ ਹਨ। ਬੀਜ ਹਮੇਸ਼ਾ ਰੋਗ ਰਹਿਤ ਅਤੇ ਸਿਫ਼ਾਰਸ਼ ਕੀਤੀ ਕਿਸਮ ਦਾ ਹੋਣਾ ਚਾਹੀਦਾ ਹੈ। ਸਬਜ਼ੀਆਂ ਦੀ ਕਾਸ਼ਤ ਪੰਜਾਬ ਐਗਰੀ ਯੂਨੀਵਰਸਿਟੀ ਵਲੋਂ ਕੀਤੀਆਂ ਕਾਸ਼ਤ ਦੀਆਂ ਸਿਫ਼ਾਰਸ਼ਾਂ ਅਨੁਸਾਰ ਹੀ ਕਰਨੀ ਚਾਹੀਦੀ ਹੈ।ਕੱਦੂ ਜਾਤੀ ਦੀਆਂ ਸਬਜ਼ੀਆਂ ਦੀ ਬਿਜਾਈ ਲਈ ਵੀ ਫ਼ਰਵਰੀ ਦਾ ਮਹੀਨਾ ਢੁਕਵਾਂ ਹੈ।

ਚੱਪਣ ਕੱਦੂ, ਘੀਆ ਤੋਰੀ, ਹਲਵਾ ਕੱਦੂ, ਕਰੇਲਾ, ਖੀਰਾ ਅਤੇ ਤਰ ਮੁੱਖ ਸਬਜ਼ੀਆਂ ਹਨ। ਇਹ ਸਾਰੀਆਂ ਵੇਲਾਂ ਵਾਲੀਆਂ ਸਬਜ਼ੀਆਂ ਹਨ ਤੇ ਇਨ੍ਹਾਂ ਤੋਂ ਕਾਫੀ ਸਮੇਂ ਤੱਕ ਸਬਜ਼ੀ ਪ੍ਰਾਪਤ ਕੀਤੀ ਜਾ ਸਕਦੀ ਹੈ। ਪੰਜਾਬ ਲੋਗ ਮੈਲਨ-1, ਤਰ ਦੀ ਕਿਸਮ ਹੈ, ਜਦੋਂ ਕਿ ਪੰਜਾਬ ਨਵੀਨ ਖੀਰੇ ਦੀ ਕਿਸਮ ਹੈ। ਇਨ੍ਹਾਂ ਦੋਵਾਂ ਨੂੰ ਸਲਾਦ ਦੇ ਰੂਪ ਵਿਚ ਕੱਚਾ ਹੀ ਖਾਧਾ ਜਾਂਦਾ ਹੈ। ਦੋਵਾਂ ਦਾ ਇਕ ਏਕੜ ਵਿਚ ਇਕ ਕਿਲੋ ਬੀਜ ਪਾਇਆ ਜਾਂਦਾ ਹੈ। ਇਨ੍ਹਾਂ ਦੀ ਬਿਜਾਈ ਢਾਈ ਮੀਟਰ ਦੀ ਦੂਰੀ ਉਤੇ ਬਣਾਈਆਂ ਖੇਲਾਂ ਦੇ ਦੋਵੇਂ ਪਾਸੀਂ ਕੀਤੀ ਜਾਂਦੀ ਹੈ।ਪੰਜਾਬ ਚੱਪਣ ਕੱਦੂ-1, ਚੱਪਣ ਕੱਦੂ ਦੀ ਸਿਫ਼ਾਰਸ਼ ਕੀਤੀ ਕਿਸਮ ਹੈ। ਇਸ ਦਾ ਦੋ ਕਿਲੋ ਬੀਜ ਪ੍ਰਤੀ ਏਕੜ ਚਾਹੀਦਾ ਹੈ।

ਬਿਜਾਈ ਸਵਾ ਮੀਟਰ ਦੀ ਦੂਰੀ ਉਤੇ ਬਣਾਈਆਂ ਖੇਲਾਂ ਦੋਵੇਂ ਪਾਸੀ ਬੀਜ ਬੀਜ ਕੇ ਕੀਤੀ ਜਾਂਦੀ ਹੈ। ਪੰਜਾਬ ਸਮਰਾਟ ਹਲਵਾ ਕੱਦੂ ਦੀ ਕਿਸਮ ਹੈ। ਇਕ ਏਕੜ ਲਈ ਇਕ ਕਿਲੋ ਬੀਜ ਚਾਹੀਦਾ ਹੈ। ਇਸ ਦੀ ਬਿਜਾਈ ਲਈ ਖੇਲਾਂ ਵਿਚਕਾਰ ਤਿੰਨ ਮੀਟਰ ਦਾ ਫ਼ਾਸਲਾ ਰੱਖਿਆ ਜਾਵੇ। ਪਹਿਲਾ ਪਾਣੀ ਦੋਵਾਂ ਫ਼ਸਲਾਂ ਨੂੰ ਬਿਜਾਈ ਦੇ ਨਾਲ ਹੀ ਲਾਇਆ ਜਾਵੇ। ਘੀਆ ਕੱਦੂ ਗਰਮੀਆਂ ਦੀ ਪ੍ਰਮੁੱਖ ਸਬਜ਼ੀ ਹੈ। ਪੰਜਾਬ ਵਿਚ ਕਾਸ਼ਤ ਲਈ ਪੰਜਾਬ ਬਰਕਤ, ਪੰਜਾਬ ਲੌਂਗ ਤੇ ਪੰਜਾਬ ਕੋਮਲ ਸਿਫ਼ਾਰਸ਼ ਕੀਤੀਆਂ ਗਈਆਂ ਕਿਸਮਾਂ ਹਨ।

ਇਕ ਏਕੜ ਵਿਚੋਂ ਕੋਈ 200 ਕੁਇੰਟਲ ਸਬਜ਼ੀ ਪ੍ਰਾਪਤ ਹੋ ਜਾਂਦੀ ਹੈ। ਇਕ ਏਕੜ ਵਿਚ ਦੋ ਕਿਲੋ ਬੀਜ ਪਾਵੋ। ਬਿਜਾਈ ਦੋ ਮੀਟਰ ਦੀ ਦੂਰੀ 'ਤੇ ਬਣਾਈਆਂ ਗਈਆਂ ਖਾਲੀਆਂ ਦੇ ਦੋਵੇਂ ਪਾਸੇ ਕਰੋ। ਕਰੇਲਾ ਇਕ ਹੋਰ ਗੁਣਕਾਰੀ ਸਬਜ਼ੀ ਹੈ। ਪੰਜਾਬ ਕਰੇਲੀ-1 ਤੇ ਪੰਜਾਬ-14 ਉੱਨਤ ਕਿਸਮਾਂ ਹਨ। ਇਕ ਏਕੜ ਵਿਚ ਦੋ ਕਿਲੋ ਬੀਜ ਪਾਵੋ ਤੇ ਖਾਲੀਆਂ ਵਿਚਕਾਰ ਫ਼ਾਸਲਾ ਡੇਢ ਮੀਟਰ ਰੱਖਿਆ ਜਾਵੇ। ਘੀਆ ਤੋਰੀ ਇਕ ਹੋਰ ਸਬਜ਼ੀ ਹੈ, ਜਿਸ ਦੀਆਂ ਵੇਲਾਂ ਤੋਂ ਕਈ ਮਹੀਨੇ ਸਬਜ਼ੀ ਮਿਲਦੀ ਰਹਿੰਦੀ ਹੈ। ਇਸ ਦੀਆਂ ਵੇਲਾਂ ਕੰਧਾਂ ਤੇ ਰੁੱਖਾਂ ਉਤੇ ਆਮ ਚੜ੍ਹ ਜਾਂਦੀਆਂ ਹਨ। ਪੰਜਾਬ ਕਾਲੀ ਤੋਰ-9 ਅਤੇ ਪੂਸਾ ਚਿਕਨੀ ਉੱਨਤ ਕਿਸਮਾਂ ਹਨ।  - ਡਾਕਟਰ ਰਣਜੀਤ ਸਿੰਘ