ਅਗਲੇ ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਪ੍ਰਬੰਧਨ ਲਈ ਹੁਣੇ ਤੋਂ ਹੀ ਤਿਆਰੀਆਂ ਆਰੰਭ
ਇਸ ਸੰਬੰਧ ਵਿੱਚ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਅੱਜ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ।
ਫਾਜ਼ਿਲਕਾ (ਸੁਖਦੇਵ ਸਿੰਘ ਸੰਧੂ)-ਆਉਣ ਵਾਲੇ ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਪ੍ਰਬੰਧਨ ਲਈ ਫਾਜ਼ਿਲਕਾ ਜ਼ਿਲਾ ਪ੍ਰਸ਼ਾਸਨ ਨੇ ਹੁਣ ਤੋਂ ਹੀ ਅਗਾਊ ਤਿਆਰੀਆਂ ਵਿੱਡ ਦਿੱਤੀਆਂ ਹਨ। ਇਸ ਸੰਬੰਧ ਵਿੱਚ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਅੱਜ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਉਨਾਂ ਨੇ ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਨੂੰ ਫਸਲੀ ਭਿੰਨਤਾ ਸਬੰਧੀ ਉਪਰਾਲੇ ਕਰਨ ਦੀ ਹਦਾਇਤ ਕੀਤੀ ਤਾਂ ਜੋ ਝੋਨੇ ਹੇਠੋਂ ਰਕਬਾ ਘਟਾਇਆ ਜਾ ਸਕੇ।
ਉਨਾਂ ਨੇ ਬਾਗਬਾਨੀ ਵਿਭਾਗ ਨੂੰ ਅਮਰੂਦ ਅਤੇ ਬੇਰੀ ਦੀ ਬਾਗਬਾਨੀ ਉਤਸ਼ਾਹਿਤ ਕਰਨ ਦੀ ਹਦਾਇਤ ਕੀਤੀ ਜਦੋਂ ਕਿ ਖੇਤੀਬਾੜੀ ਵਿਭਾਗ ਨੂੰ ਨਰਮਾ, ਮੱਕੀ ਵਰਗੀਆਂ ਫਸਲਾਂ ਸਬੰਧੀ ਕਿਸਾਨਾਂ ਨੂੰ ਪ੍ਰੇਰਿਤ ਕਰਨ ਦੀ ਹਦਾਇਤ ਕੀਤੀ ਗਈ। ਮੁੱਖ ਖੇਤੀਬਾੜੀ ਅਫ਼ਸਰ ਡਾ: ਸੰਦੀਪ ਰਿਣਵਾਂ ਨੇ ਦੱਸਿਆ ਕਿ ਇਸ ਮੌਕੇ ਇਹ ਵੀ ਫੈਸਲਾ ਕੀਤਾ ਗਿਆ ਕਿ ਅਗਲੇ ਸਾਲ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ ਕਿ ਉਹ ਪਰਮਲ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਵਾਹ ਕੇ ਨਸ਼ਟ ਕਰਨ ਕਿਉਂਕਿ ਉਸ ਦੇ ਪ੍ਰਬੰਧਨ ਲਈ ਕਾਫੀ ਸਮਾਂ ਹੁੰਦਾ ਹੈ ਜਦਕਿ ਬਾਸਮਤੀ ਦੀ ਪਰਾਲੀ ਦੀਆਂ ਗੱਠਾਂ ਬਣਵਾ ਕੇ ਉਸ ਦਾ ਪ੍ਰਬੰਧਨ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਅਤੇ ਕਿਸਾਨਾ ਭਲਾਈ ਵਿਭਾਗ ਨੂੰ ਹਦਾਇਤ ਕੀਤੀ ਕਿ ਪਿੰਡਾਂ ਵਿਚ ਹੁਣ ਤੋਂ ਹੀ ਕਿਸਾਨ ਕੈਂਪਾਂ ਰਾਹੀਂ ਕਿਸਾਨਾਂ ਨਾਲ ਰਾਬਤਾ ਕਰਕੇ ਉਨ੍ਹਾਂ ਨੂੰ ਨਵੀਂਆਂ ਖੇਤੀ ਤਕਨੀਕਾਂ ਦੀ ਜਾਣਕਾਰੀ ਦਿੱਤੀ ਜਾਵੇ। ਬੈਠਕ ਵਿੱਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਭਾਸ਼ ਚੰਦਰ, ਐਸ ਪੀ ਸ੍ਰੀ ਪ੍ਰਦੀਪ ਸੰਧੂ, ਐਸਡੀਐਮ ਕੰਵਰਜੀਤ ਸਿੰਘ ਮਾਨ, ਮੁੱਖ ਖੇਤੀਬਾੜੀ ਅਫਸਰ ਡਾ ਸੰਦੀਪ ਰਿਣਵਾਂ ਤੋਂ ਇਲਾਵਾ ਵਿਭਾਗ ਦੇ ਵੱਖ-ਵੱਖ ਅਧਿਕਾਰੀ ਹਾਜ਼ਰ ਸਨ।