ਕਿਸ ਤਰ੍ਹਾਂ ਕਰੀਏ ਸ਼ਲਗਮ ਦੀ ਖੇਤੀ? ਜਾਣੋ ਪੂਰੀ ਵਿਧੀ
ਖਾਸ ਤੌਰ 'ਤੇ ਸ਼ਲਗਮ ਦੀ ਖੇਤੀ ਇਸ ਦੇ ਹਰੇ ਪੱਤਿਆਂ ਅਤੇ ਜੜ੍ਹਾਂ ਲਈ ਕੀਤੀ ਜਾਂਦੀ ਹੈ
ਮੁਹਾਲੀ : ਸ਼ਲਗਮ ਇੱਕ ਅਜਿਹੀ ਫਸਲ ਹੈ ਜੋ ਬ੍ਰਾਸੀਕੇਸੀ ਪ੍ਰਜਾਤੀ ਨਾਲ ਸਬੰਧ ਰੱਖਦੀ ਹੈ ਅਤੇ ਬਹੁਤ ਠੰਡੇ ਮੌਸਮ ਵਿਚ ਹੁੰਦੀ ਹੈ। ਖਾਸ ਤੌਰ 'ਤੇ ਸ਼ਲਗਮ ਦੀ ਖੇਤੀ ਇਸ ਦੇ ਹਰੇ ਪੱਤਿਆਂ ਅਤੇ ਜੜ੍ਹਾਂ ਲਈ ਕੀਤੀ ਜਾਂਦੀ ਹੈ। ਸ਼ਲਗਮ ਦੀ ਜੜ੍ਹਾਂ ਵਿੱਚ ਵਿਟਾਮਿਨ ਸੀ, ਜਦਕਿ ਪੱਤਿਆਂ ਵਿੱਚ ਵਿਟਾਮਿਨ ਏ, ਸੀ, ਕੇ, ਫੋਲੀਏਟ ਅਤੇ ਕੈਲਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ। ਇਸ ਦੀ ਖੇਤੀ ਭਾਰਤ ਦੇ ਸੰਜਮੀ, ਊਸ਼ਣ ਅਤੇ ਉਪ-ਊਸ਼ਣ ਖੇਤਰਾਂ ਵਿੱਚ ਕੀਤੀ ਜਾਂਦੀ ਹੈ। ਭਾਰਤ ਵਿੱਚ ਸ਼ਲਗਮ ਉਗਾਉਣ ਵਾਲੇ ਮੁੱਖ ਖੇਤਰ ਬਿਹਾਰ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਤਾਮਿਲਨਾਡੂ ਹਨ। ਆਮ ਤੌਰ ਤੇ ਸਫੇਦ ਰੰਗ ਦੇ ਸ਼ਲਗਮ ਦੀ ਬਿਜਾਈ ਕੀਤੀ ਜਾਂਦੀ ਹੈ।
ਸ਼ਲਗਮ ਦੀ ਖੇਤੀ ਲਈ ਢੁੱਕਵੀਂ ਮਿੱਟੀ
ਸ਼ਲਗਮ ਕਈ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ, ਪਰ ਚੰਗੀ ਪੈਦਾਵਾਰ ਲਈ ਜੈਵਿਕ ਤੱਤਾਂ ਵਾਲੀ ਦੋਮਟ ਮਿੱਟੀ ਵਧੀਆ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ ਧਿਆਨ ਵਿਚ ਰੱਖਿਆ ਜਾਵੇ ਕਿ ਭਾਰੀ, ਸੰਘਣੀ ਅਤੇ ਬਹੁਤੀ ਹਲਕੀ ਮਿੱਟੀ ਵਿੱਚ ਇਸ ਦੀ ਬਿਜਾਈ ਨਾ ਕੀਤੀ ਜਾਵੇ ਕਿਉਂਕਿ ਇਸ ਨਾਲ ਪੈਦਾਵਾਰ ਖਰਾਬ ਅਤੇ ਜੜ੍ਹਾਂ ਨਕਾਰਾ ਹੋ ਜਾਂਦੀਆਂ ਹਨ। ਇਸ ਲਈ ਮਿੱਟੀ ਦਾ pH 5.5 ਤੋਂ 6.8 ਹੋਣਾ ਚਾਹੀਦਾ ਹੈ।
ਪ੍ਰਸਿੱਧ ਕਿਸਮਾਂ ਅਤੇ ਝਾੜ
L 1: ਇਹ ਕਿਸਮ ਬਿਜਾਈ ਤੋਂ 45-60 ਦਿਨ ਬਾਅਦ ਪੱਕ ਜਾਂਦੀ ਹੈ। ਇਸਦੀਆਂ ਜੜ੍ਹਾਂ ਗੋਲ ਅਤੇ ਪੂਰੀ ਤਰ੍ਹਾਂ ਸਫੇਦ, ਮੁਲਾਇਮ ਅਤੇ ਕੁਰਕੁਰੀਆਂ ਹੁੰਦੀਆਂ ਹਨ। ਇਸਦੀਆਂ ਜੜ੍ਹਾਂ ਦੀ ਔਸਤਨ ਪੈਦਾਵਾਰ 105 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
ਪੰਜਾਬ ਸਫੇਦ 4: ਇਸ ਕਿਸਮ ਦੀ ਖੇਤੀ ਦੀ ਸਿਫਾਰਿਸ਼ ਪੰਜਾਬ ਅਤੇ ਹਰਿਆਣਾ ਵਿੱਚ ਕੀਤੀ ਜਾਂਦੀ ਹੈ। ਇਸ ਦੀਆਂ ਜੜ੍ਹਾਂ ਪੂਰੀ ਤਰ੍ਹਾਂ ਸਫੇਦ, ਗੋਲ, ਦਰਮਿਆਨੇ ਆਕਾਰ ਅਤੇ ਸੁਆਦ ਵਿੱਚ ਵਧੀਆ ਹੁੰਦੀਆਂ ਹਨ।
ਹੋਰ ਰਾਜਾਂ ਦੀਆਂ ਕਿਸਮਾਂ
ਪੂਸਾ ਕੰਚਨ
ਪੂਸਾ ਸਵੇਤੀ
ਪੂਸਾ ਚੰਦਰਿਮਾ
ਪ੍ਰਾਪਲ ਟੌਪ ਵ੍ਹਾਈਟ ਗਲੋਬ
ਗੋਲਡਨ ਬਾਲ
ਸਨੋਬਾਲ
ਪੂਸਾ ਸ੍ਵਰਨਿਮਾ
ਫਸਲ ਲਈ ਖੇਤ ਦੀ ਤਿਆਰੀ
ਸ਼ਲਗਮ ਦੀ ਖੇਤੀ ਲਈ ਖੇਤ ਨੂੰ ਚੰਗੀ ਤਰ੍ਹਾਂ ਵਾਹ ਕੇ ਨਦੀਨਾਂ ਅਤੇ ਰੋੜਿਆਂ ਤੋਂ ਮੁਕਤ ਕਰੋ। ਫਿਰ ਇਸ ਵਿੱਚ 60-80 ਕੁਇੰਟਲ ਚੰਗੀ ਤਰ੍ਹਾਂ ਗਲ਼ਿਆ-ਸੜਿਆ ਗੋਬਰ ਪਾਓ ਅਤੇ ਮਿੱਟੀ ਵਿੱਚ ਚੰਗੀ ਤਰ੍ਹਾਂ ਮਿਲਾਓ। ਖੇਤ ਦੀ ਤਿਆਰੀ ਕਰਦੇ ਸਮੇਂ ਇੱਕ ਗੱਲ ਨੂੰ ਯਕੀਨੀ ਬਣਾਓ ਕਿ ਜੇਕਰ ਗੋਬਰ ਚੰਗੀ ਤਰ੍ਹਾਂ ਗਲ਼ਿਆ-ਸੜਿਆ ਨਾ ਹੋਵੇ ਤਾਂ ਇਸ ਦੀ ਵਰਤੋਂ ਨਾ ਕੀਤੀ ਜਾਵੇ ਕਿਉਂਕਿ ਇਸ ਨਾਲ ਜੜ੍ਹਾਂ ਦੋ-ਮੂਹੀਆਂ ਹੋ ਜਾਂਦੀਆਂ ਹਨ।
ਬਿਜਾਈ ਦਾ ਸਹੀ ਸਮਾਂ ਅਤੇ ਵਿਧੀ
ਦੇਸੀ ਕਿਸਮਾਂ ਦੀ ਬਿਜਾਈ ਦਾ ਸਹੀ ਸਮਾਂ ਅਗਸਤ-ਸਤੰਬਰ ਜਦਕਿ ਯੂਰਪੀ ਕਿਸਮਾਂ ਦਾ ਸਹੀ ਸਮਾਂ ਅਕਤੂਬਰ-ਨਵੰਬਰ ਹੁੰਦਾ ਹੈ।ਕਤਾਰਾਂ ਵਿੱਚਲਾ ਫਾਸਲਾ 45 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 7.5 ਸੈ.ਮੀ. ਰੱਖੋ। ਇੱਕ ਏਕੜ ਵਿੱਚ ਬਿਜਾਈ ਲਈ 2-3 ਕਿਲੋ ਬੀਜਾਂ ਦੀ ਲੋੜ ਹੁੰਦੀ ਹੈ। ਬਿਜਾਈ ਤੋਂ ਪਹਿਲਾਂ ਥੀਰਮ 3 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਜੜ੍ਹ ਗਲਣ ਰੋਗ ਤੋਂ ਬਚਾਅ ਲਈ ਸੋਧੋ। ਬੀਜ ਨੂੰ 1.5 ਸੈ.ਮੀ. ਦੀ ਡੂੰਘਾਈ 'ਤੇ ਬੀਜੋ। ਸ਼ਲਗਮ ਦੀ ਬਿਜਾਈ ਸਿੱਧੇ ਬੈੱਡਾਂ 'ਤੇ, ਕਤਾਰਾਂ ਵਿੱਚ ਜਾਂ ਵੱਟਾਂ 'ਤੇ ਕੀਤੀ ਜਾਂਦੀ ਹੈ।
ਨਦੀਨਾਂ ਦੀ ਰੋਕਥਾਮ
ਪੁੰਗਰਾਅ ਤੋਂ 10-15 ਦਿਨ ਬਾਅਦ ਕਾਂਟ-ਛਾਂਟ ਕਰੋ। ਮਿੱਟੀ ਨੂੰ ਹਵਾਦਾਰ ਅਤੇ ਨਦੀਨ-ਮੁਕਤ ਬਣਾਈ ਰੱਖਣ ਲਈ ਕਸੀ (ਕਹੀ) ਦੀ ਮਦਦ ਨਾਲ ਗੋਡੀ ਕਰੋ। ਬਿਜਾਈ ਤੋਂ ਦੋ ਤੋਂ ਤਿੰਨ ਹਫਤੇ ਬਾਅਦ ਇੱਕ ਵਾਰ ਗੋਡੀ ਕਰੋ ਅਤੇ ਵੱਟਾਂ 'ਤੇ ਮਿੱਟੀ ਚੜਾਓ।
ਕਿਹੜੀਆਂ ਖਾਦਾਂ ਦੀ ਵਰਤੋਂ ਹੋਵੇਗੀ ਲਾਹੇਵੰਦ
ਖਾਦਾਂ ਦੀ ਮਾਤਰਾ ਸਥਾਨ, ਜਲਵਾਯੂ, ਮਿੱਟੀ ਦੀ ਕਿਸਮ, ਉਪਜਾਊਪਨ ਆਦਿ 'ਤੇ ਨਿਰਭਰ ਕਰਦੀ ਹੈ। ਬਿਜਾਈ ਸਮੇਂ ਗਲ਼ੇ-ਸੜੇ ਗੋਬਰ ਦੇ ਨਾਲ ਨਾਈਟ੍ਰੋਜਨ 25 ਕਿਲੋ(ਯੂਰੀਆ 55 ਕਿਲੋ), ਫਾਸਫੋਰਸ 12 ਕਿਲੋ(ਸਿੰਗਲ ਸੁਪਰ ਫਾਸਫੇਟ 75 ਕਿਲੋ) ਪ੍ਰਤੀ ਏਕੜ ਪਾਓ। ਇਸ ਤੋਂ ਇਲਾਵਾ ਬਿਜਾਈ ਤੋਂ 7 ਅਤੇ 15 ਦਿਨ ਬਾਅਦ ਨਵੇਂ ਪੌਦਿਆਂ ਦੇ ਨੇੜੇ ਮਿੱਟੀ ਵਿੱਚ ਕਪਤਾਨ 200 ਗ੍ਰਾਮ 100 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।
ਸਿੰਚਾਈ ਦਾ ਸਹੀ ਸਮਾਂ
ਬਿਜਾਈ ਤੋਂ ਬਾਅਦ ਪਹਿਲੀ ਸਿੰਚਾਈ ਕਰੋ, ਜੋ ਵਧੀਆ ਪੁੰਗਰਾਅ ਵਿੱਚ ਵਿੱਚ ਸਹਾਇਕ ਹੁੰਦੀ ਹੈ। ਬਾਕੀ ਬਚੀਆਂ ਸਿੰਚਾਈਆਂ ਮਿੱਟੀ ਦੀ ਕਿਸਮ ਅਤੇ ਜਲਵਾਯੂ ਅਨੁਸਾਰ 6-7 ਦਿਨਾਂ ਦੇ ਫਾਸਲੇ 'ਤੇ ਗਰਮੀਆਂ ਵਿੱਚ ਅਤੇ 10-12 ਦਿਨਾਂ ਦੇ ਫਾਸਲੇ 'ਤੇ ਸਰਦੀਆਂ ਵਿੱਚ ਕੀਤੀਆਂ ਜਾ ਸਕਦੀਆਂ ਹਨ। ਸ਼ਲਗਮ ਨੂੰ 5-6 ਸਿੰਚਾਈਆਂ ਦੀ ਲੋੜ ਹੁੰਦੀ ਹੈ। ਬੇਲੋੜੀ ਸਿੰਚਾਈ ਨਾ ਕਰੋ, ਇਸ ਨਾਲ ਫਲ ਦਾ ਆਕਾਰ ਖਰਾਬ ਹੋ ਜਾਂਦਾ ਹੈ ਅਤੇ ਇਸ 'ਤੇ ਵਾਲ ਉੱਗ ਜਾਂਦੇ ਹਨ।
ਫਸਲ ਦੀ ਕਟਾਈ
ਸ਼ਲਗਮ ਦੀ ਪੁਟਾਈ ਇਸ ਦੀ ਕਿਸਮ ਅਨੁਸਾਰ ਮੰਡੀਕਰਨ ਦੇ ਆਕਾਰ ਮੁਤਾਬਿਕ, ਜਿਵੇਂ ਕਿ 5-10 ਸੈ.ਮੀ. ਦੇ ਵਿਆਸ ਤੱਕ ਦਾ ਹੋਣ 'ਤੇ ਕੀਤੀ ਜਾਂਦੀ ਹੈ। ਆਮ ਤੌਰ 'ਤੇ ਸ਼ਲਗਮ ਦੇ ਫਲ 45-60 ਦਿਨਾਂ ਵਿੱਚ ਤਿਆਰ ਹੋ ਜਾਂਦੇ ਹਨ। ਕਟਾਈ ਵਿੱਚ ਦੇਰੀ ਹੋਣ ਨਾਲ ਇਸ ਦੀ ਪੁਟਾਈ ਮੁਸ਼ਕਿਲ ਅਤੇ ਫਲ ਰੇਸ਼ੇਦਾਰ ਹੋ ਜਾਂਦੇ ਹਨ। ਇਸ ਦੀ ਪੁਟਾਈ ਸ਼ਾਮ ਦੇ ਸਮੇਂ ਕਰੋ। ਪੁਟਾਈ ਤੋਂ ਬਾਅਦ ਸ਼ਲਗਮਾਂ ਨੂੰ ਹਰੇ ਸਿਰ੍ਹਿਆਂ ਸਮੇਤ ਪਾਣੀ ਨਾਲ ਧੋਵੋ। ਫਲਾਂ ਨੂੰ ਠੰਡੇ ਅਤੇ ਨਮੀ ਵਾਲੇ ਮੌਸਮ ਵਿੱਚ 2-3 ਦਿਨ ਤੱਕ, ਜਦਕਿ 0-5° ਸੈਲਸੀਅਸ ਤਾਪਮਾਨ ਅਤੇ 90-95% ਨਮੀ ਵਿੱਚ 8-15 ਹਫਤਿਆਂ ਤੱਕ ਸਟੋਰ ਕਰ ਕੇ ਰੱਖਿਆ ਜਾ ਸਕਦਾ ਹੈ।