ਫ਼ਸਲੀ ਚੱਕਰ ਤੋਂ ਬਾਹਰ ਨਿਕਲ ਕੇ ਨਵੀਂ ਸੋਚ ਨਾਲ ਖੇਤੀ 'ਚ ਇੰਦਰਜੀਤ ਸਿੱਧੂ ਬਣਿਆ ਮਿਸਾਲੀ ਕਿਸਾਨ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਪਿੰਡ ਪੂਹਲੀ ਦਾ ਕਿਸਾਨ ਨਵੀਂ ਫ਼ਸਲ ਤੇ ਆਰਗੈਨਿਕ ਖੇਤੀ ਨਾਲ ਖੋਲ੍ਹ ਰਿਹੈ ਤਰੱਕੀ ਦੇ ਨਵੇਂ ਰਾਹ

Inderjit Sidhu of village Poohli became an exemplary farmer

Inderjit Sidhu of village Poohli became an exemplary farmer: ਬਠਿੰਡਾ ਜ਼ਿਲ੍ਹੇ ਦੇ ਪਿੰਡ ਪੂਹਲੀ ਦਾ ਕਿਸਾਨ ਇੰਦਰਜੀਤ ਸਿੱਧੂ ਰਵਾਇਤੀ ਕਣਕ ਤੇ ਝੋਨੇ ਦੇ ਰਿਵਾਇਤੀ ਚੱਕਰ ਤੋਂ ਬਾਹਰ ਨਿਕਲ ਕੇ ਨਵੀਆਂ ਫ਼ਸਲਾਂ ਵੱਲ ਰੁਝਾਨ ਕਰਕੇ ਖੇਤੀਬਾੜੀ ਵਿੱਚ ਨਵੀਂ ਉਦਾਹਰਨ ਕਾਇਮ ਕਰ ਰਿਹਾ ਹੈ। ਵਿਦੇਸ਼ ਤੋਂ ਵਾਪਸੀ ਦੇ ਬਾਅਦ ਉਸ ਨੇ ਖੇਤੀ ਵਿੱਚ ਤਬਦੀਲੀ ਦੀ ਸ਼ੁਰੂਆਤ ਕੀਤੀ ਤੇ ਹੁਣ ਉਹ ਪ੍ਰਯੋਗਸ਼ੀਲ ਤੇ ਨਵੇਂ ਵਿਚਾਰਾਂ ਵਾਲੇ ਕਿਸਾਨਾਂ ਵਿੱਚ ਸ਼ਾਮਲ ਹੋ ਗਿਆ ਹੈ।

ਅਗਾਂਹਵਧੂ ਕਿਸਾਨ ਇੰਦਰਜੀਤ ਸਿੱਧੂ ਨੇ ਇਸ ਵਰ੍ਹੇ ਅੱਧੇ ਕਿੱਲੇ ਵਿੱਚ ਕੋਧਰੇ ਦੀ ਖੇਤੀ ਟਰਾਇਲ ਤੌਰ ’ਤੇ ਕੀਤੀ, ਜਿਸ ਨੇ ਉਮੀਦ ਤੋਂ ਵੱਧ ਨਤੀਜੇ ਦਿੱਤੇ। ਉਨ੍ਹਾਂ ਦੱਸਿਆ ਕਿ ਅੱਧੇ ਕਿੱਲੇ ਤੋਂ ਲਗਭਗ 6 ਕੁਇੰਟਲ ਪੈਦਾਵਾਰ ਹੋਈ ਹੈ। ਇਹ ਫ਼ਸਲ ਕੇਵਲ ਪੰਜ ਮਹੀਨਿਆਂ ਵਿੱਚ ਤਿਆਰ ਹੋ ਜਾਂਦੀ ਹੈ, ਜਿਸ ਨਾਲ ਕਿਸਾਨਾਂ ਨੂੰ ਚੰਗੀ ਕਮਾਈ ਦੀ ਸੰਭਾਵਨਾ ਬਣਦੀ ਹੈ। ਇਸ ਸਫਲਤਾ ਤੋਂ ਪ੍ਰੇਰਿਤ ਹੋ ਕੇ ਸਿੱਧੂ ਹੁਣ ਆਉਣ ਵਾਲੇ ਸੀਜ਼ਨ ਵਿੱਚ ਇਸਦਾ ਰਕਬਾ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ।

ਉੱਚੀ ਸੋਚ ਦੇ ਮਾਲਕ ਕਿਸਾਨ ਇੰਦਰਜੀਤ ਸਿੱਧੂ ਦਾ ਕਹਿਣਾ ਹੈ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਆਰਗੈਨਿਕ ਖੇਤੀ ਕਰ ਰਿਹਾ ਹੈ ਅਤੇ ਆਪਣੀ ਪੰਜ ਏਕੜ ਜ਼ਮੀਨ ’ਤੇ ਵੱਖ-ਵੱਖ ਫ਼ਸਲਾਂ ਉਗਾ ਰਿਹਾ ਹੈ। ਇਨ੍ਹਾਂ ਵਿੱਚੋਂ ਢਾਈ ਏਕੜ ਵਿੱਚ ਉਸ ਨੇ ਡਰੈਗਨ ਫਰੂਟ ਦੀ ਖੇਤੀ ਕੀਤੀ ਹੋਈ ਹੈ, ਜਿਸ ਤੋਂ ਉਸ ਨੂੰ ਵਧੀਆ ਆਮਦਨ ਹੋ ਰਹੀ ਹੈ। ਸਿੱਧੂ ਨੇ ਦੱਸਿਆ ਕਿ ਡਰੈਗਨ ਫਰੂਟ ਸਥਾਨਕ ਸਬਜ਼ੀ ਮੰਡੀ ਵਿੱਚ 150 ਤੋਂ 200 ਰੁਪਏ ਪ੍ਰਤੀ ਕਿਲੋ ਤੱਕ ਵਿਕ ਰਿਹਾ ਹੈ।

ਪਿਛਲੇ ਸਾਲ ਉਸ ਨੇ ਮੁਹਾਲੀ ਤੋਂ ਕਾਲੀ ਕਣਕ ਦਾ ਬੀਜ ਮੰਗਵਾ ਕੇ ਨਵਾਂ ਪ੍ਰਯੋਗ ਕੀਤਾ ਸੀ, ਜੋ ਕਾਫ਼ੀ ਸਫਲ ਰਿਹਾ। ਇੰਦਰਜੀਤ ਸਿੱਧੂ ਦਾ ਕਹਿਣਾ ਹੈ ਕਿ ਜੇ ਕਿਸਾਨ ਰਵਾਇਤੀ ਖੇਤੀ ਦੇ ਤਰੀਕਿਆਂ ਵਿੱਚ ਨਵੀਂ ਸੋਚ ਲਿਆਉਣ, ਤਾਂ ਪੰਜਾਬੀ ਕਿਸਾਨੀ ਮੁੜ ਤਰੱਕੀ ਦੇ ਨਵੇਂ ਰਾਹ ਖੋਲ੍ਹ ਸਕਦੀ ਹੈ। ਕਿਸਾਨ ਇੰਦਰਜੀਤ ਨੇ ਦੱਸਿਆ ਕਿ ਬਠਿੰਡਾ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰ ਵਿਗਿਆਨੀਆਂ- ਖ਼ਾਸਕਰ ਡਾ. ਅਧਿਕਾਰੀ ਸਮੇਂ-ਸਮੇਂ ਉਨ੍ਹਾਂ ਨੂੰ ਤਕਨੀਕੀ ਮਦਦ ਤੇ ਮਾਰਗਦਰਸ਼ਨ ਕਰਦੇ ਰਹਿੰਦੇ ਹਨ, ਜਿਸ ਨਾਲ ਖੇਤੀ ਨੂੰ ਵਿਗਿਆਨਕ ਢੰਗ ਨਾਲ ਅੱਗੇ ਵਧਾਉਣ ਵਿੱਚ ਸਹਾਇਤਾ ਮਿਲਦੀ ਹੈ।

ਬਠਿੰਡਾ ਤੋਂ ਰਾਣਾ ਸ਼ਰਮਾ ਦੀ ਰਿਪੋਰਟ