Punjab News: ਪੰਜਾਬ ਸਰਕਾਰ ਨੇ ਝੋਨੇ ਦੀ ਪੂਸਾ 44 ਅਤੇ ਹੋਰ ਹਾਈਬ੍ਰਿਡ ਕਿਸਮਾਂ ਦੀ ਬਿਜਾਈ ’ਤੇ ਲਾਈ ਰੋਕ

ਏਜੰਸੀ

ਖੇਤੀਬਾੜੀ, ਸਹਾਇਕ ਧੰਦੇ

ਜ਼ਮੀਨ ਹੇਠਲਾ ਪਾਣੀ ਬਚਾਉਣ ਲਈ ਖੇਤੀ ਯੂਨੀਵਰਸਿਟੀ ਦੀ ਸਿਫ਼ਾਰਸ਼ ’ਤੇ ਚੁਕਿਆ ਕਦਮ

Punjab government bans sowing of Pusa 44 and other hybrid varieties of paddy

 

Punjab News: ਪੰਜਾਬ ਸਰਕਾਰ ਨੇ ਅਹਿਮ ਫ਼ੈਸਲਾ ਲੈਂਦੇ ਹੋਏ ਝੋਨੇ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਝੋਨੇ ਦੀ ਕਿਸਮ 44 ਪੂਸਾ ਅਤੇ ਹੋਰ ਹਾਈਬ੍ਰਿਡ ਬੀਜਾਂ ਦੀ ਵਿਕਰੀ ਅਤੇ ਇਸ ਦੀ ਬਿਜਾਈ ਕਰਨ ਉਪਰ ਰੋਕ ਲਗਾ ਦਿਤੀ ਹੈ। ਪੰਜਾਬ ਖੇਤੀ ਯੂਨੀਵਰਸਿਟੀਆਂ ਦੀਆਂ ਸਿਫ਼ਾਰਸ਼ਾਂ ਮੁਤਾਬਕ ਇਨ੍ਹਾਂ ਕਿਸਮਾਂ ਦੇ ਬੀਜਾਂ ਦੀ ਸੀਜ਼ਨ 2025 ਵਿਚ ਵਰਤੋਂ ਉਪਰ ਮੁਕੰਮਲ ਰੋਕ ਲਗਾਈ ਗਈ ਹੈ।

ਇਸ ਸਬੰਧ ਵਿਚ ਖੇਤੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਇਕ ਪੱਤਰ ਜਾਰੀ ਕਰ ਕੇ ਹੁਕਮਾਂ ਨੂੰ ਲਾਗੂ ਕਰਨ ਲਈ ਸਮੂਹ ਜ਼ਿਲ੍ਹਿਆਂ ਦੇ ਖੇਤੀ ਅਫ਼ਸਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ। ਇਹ ਕਦਮ ਸਰਕਾਰ ਨੇ ਜ਼ਮੀਨ ਹੇਠਲੇ ਪਾਣੀ ਨੂੰ ਬਚਾਉਣ ਲਈ ਚੁਕਿਆ ਹੈ। ਜਿਨ੍ਹਾਂ ਕਿਸਮਾਂ ਉਪਰ ਰੋਕ ਲਗਾਈ ਗਈ ਹੈ ਇਹ ਜ਼ਿਆਦਾ ਸਮਾਂ ਤੇ ਪਾਣੀ ਲੈਂਦੀਆਂ ਹਨ। ਖੇਤੀ ਵਿਭਾਗ ਨੇ ਕਿਸਾਨਾਂ ਨੂੰ ਘੱਟ ਪਾਣੀ ਲੈਣ ਵਾਲੀਆਂ ਝੋਨੇ ਦੀਆਂ 

ਕਿਸਮਾਂ ਦੀ ਬਿਜਾਈ ਕਰਨ ਦੀ ਸਲਾਹ ਦਿਤੀ ਗਈ ਹੈ। ਭਾਵੇਂ ਖੇਤੀ ਵਿਭਾਗ ਨੇ ਘੱਟ ਪਾਣੀ ਲੈਣ ਵਾਲੀਆਂ ਕਿਸਮਾਂ ਦੀ ਬਿਜਾਈ ਕਰਨ ਦੀ ਸਲਾਹ ਦਿਤੀ ਹੈ ਪਰ ਉਧਰ ਅਮਰੀਕਾ ਦੀ ਟਰੰਪ ਸਰਕਾਰ ਵਲੋਂ ਲਾਏ ਭਾਰਤ ਉਪਰ ਲਾਏ ਟੈ੍ਰਰਿਫ਼ ਦੀ ਮਾਰ ਬਾਸਮਤੀ ਚੌਲਾਂ ਦੀ ਕਾਸ਼ਤ ਉਪਰ ਪਈ ਹੈ। ਬਾਸਮਤੀ ਘੱਟ ਪਾਣੀ ਲੈਣ ਵਾਲੀ ਕਿਸਮ ਹੈ ਅਤੇ ਇਸ ਤੋਂ ਵਧੇਰੇ ਮੁਨਾਫ਼ਾ ਹੁੰਦਾ ਹੈ।

ਅਮਰੀਕੀ ਟੈ੍ਰਰਿਫ਼ ਦਾ ਸੱਭ ਤੋਂ ਵੱਡਾ ਅਸਰ ਪੰਜਾਬ ਉਪਰ ਹੀ ਪਵੇਗਾ ਕਿਉਂਕਿ ਪੰਜਾਬ ਤੇ ਹਰਿਆਣਾ ਖੇਤਰ ਵਿਚ ਹੀ 75 ਫ਼ੀ ਸਦੀ ਬਾਸਮਤੀ ਦੀ ਪੈਦਾਵਾਰ ਹੁੰਦੀ ਹੈ। ਭਾਰਤ ਹਰ ਸਾਲ ਵੱਡੀ ਮਾਤਰਾ ਵਿਚ ਬਾਸਮਤੀ ਚੌਲ ਅਮਰੀਕਾ ਨੂੰ ਨਿਰਯਾਤ ਕਰਦਾ ਹੈ। ਭਾਰਤ ’ਤੇ 27 ਫ਼ੀ ਸਦੀ ਟੈ੍ਰਰਿਫ਼ ਨਾਲ ਇਸ ਦਾ ਸਿੱਧਾ ਅਸਰ ਪੰਜਾਬ ਉਪਰ ਪਵੇਗਾ ਤੇ ਇਸ ਨਾਲ ਬਾਸਮਤੀ ਦੀਆਂ ਕੀਮਤਾਂ ਘੱਟਣਗੀਆਂ।