ਲੰਪੀ ਸਕਿੱਨ ਦੀ ਨਿਗਰਾਨੀ ਲਈ ਮੁੱਖ ਮੰਤਰੀ ਵਲੋਂ ਤਾਲਮੇਲੀ ਕਮੇਟੀ ਦਾ ਗਠਨ
ਪਸ਼ੂਆਂ ਦੀ ਸਿਹਤਯਾਬੀ ਲਈ ਪ੍ਰਬੰਧ ਪੁਖ਼ਤਾ, ਮੁਫ਼ਤ 'ਚ ਲੱਗੇਗੀ ਵੈਕਸੀਨ
ਜਲਦ ਮਿਲੇਗੀ ਬਿਮਾਰੀ ਤੋਂ ਨਿਜਾਤ
ਚੰਡੀਗੜ੍ਹ : ਪੰਜਾਬ ਅੰਦਰ ਪਸ਼ੂਆਂ 'ਚ ਫੈਲੀ ਲੰਪੀ ਸਕਿੱਨ (ਧਫ਼ੜੀ ਰੋਗ) ਬੀਮਾਰੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਅਹਿਮ ਬੈਠਕ ਹੋਈ। ਇਸ ਦੇ ਮੱਦੇਨਜ਼ਰ ਮੁੱਖ ਮੰਤਰੀ ਵੱਲੋਂ ਤਾਲਮੇਲ ਕਮੇਟੀ ਬਣਾਈ ਗਈ ਹੈ। ਹਰਪਾਲ ਚੀਮਾ, ਕੁਲਦੀਪ ਧਾਲੀਵਾਲ ਅਤੇ ਲਾਲਜੀਤ ਸਿੰਘ ਭੁੱਲਰ ਇਸ ਕਮੇਟੀ ਦਾ ਹਿੱਸਾ ਹੋਣਗੇ।
ਭਗਵੰਤ ਮਾਨ ਸਰਕਾਰ ਵੱਲੋਂ ਪਸ਼ੂਆਂ ਦੀ ਇਸ ਬੀਮਾਰੀ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਪੀੜਤ ਪਸ਼ੂਆਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ ਅਤੇ ਇਹ ਬਿਲਕੁਲ ਮੁਫ਼ਤ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਇਸ ਬਿਮਾਰੀ ਤੋਂ ਨਿਜਾਤ ਪਾ ਲਈ ਜਾਵੇਗੀ। ਇਸ ਦੇ ਨਾਲ ਹੀ ਪੰਜਾਬ ਦੀਆਂ ਸਰਹੱਦਾਂ ਅਤੇ ਦੂਜੇ ਸੂਬੇ ਦੇ ਪਸ਼ੂਆਂ ਦੀ ਆਮਦ 'ਤੇ ਪਾਬੰਦੀ ਲਗਾਈ ਗਈ ਹੈ। ਮੁੱਖ ਮੰਤਰੀ ਨੇ ਹੁਕਮ ਜਾਰੀ ਕੀਤੇ ਹਨ ਕਿ ਪਸ਼ੂਆਂ ਨੂੰ ਰੱਖਣ ਵਾਲੀ ਜਗ੍ਹਾ 'ਤੇ ਸਾਫ਼-ਸਫ਼ਾਈ ਰੱਖੀ ਜਾਵੇ।
ਇਸ ਦੇ ਨਾਲ ਹੀ ਪਸ਼ੂ ਮੇਲਿਆਂ 'ਤੇ ਵੀ ਅਗਲੇ ਹੁਕਮਾਂ ਤੱਕ ਰੋਕ ਲਗਾ ਦਿਤੀ ਗਈ ਹੈ। ਇਸ ਸਬੰਧੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਵੀ ਹੁਕਮ ਦਿੱਤੇ ਗਏ ਹਨ ਕਿ ਪਿੰਡ-ਪਿੰਡ ਜਾ ਕੇ ਜਾਂਚ ਕੀਤੀ ਜਾਵੇ। ਇਸ ਤੋਂ ਇਲਾਵਾ ਸ਼ਹਿਰਾਂ ਅਤੇ ਪਿੰਡਾਂ 'ਚ ਫੌਗਿੰਗ ਕਰਵਾਈ ਜਾਵੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਬਿਮਾਰੀ ਤੋਂ ਨਿਜਾਤ ਪਾਉਣ ਲਈ ਵੱਡੀ ਮਾਤਰਾ ਵਿਚ ਦਵਾਈਆਂ ਮੰਗਵਾਈਆਂ ਗਈਆਂ ਹਨ ਅਤੇ ਜਲਦ ਹੀ ਇਸ 'ਤੇ ਕਾਬੂ ਪਾ ਲਿਆ ਜਾਵੇਗਾ। ਮੁੱਖ ਮੰਤਰੀ ਦੇ ਨਿਰਦਸ਼ਾਂ 'ਤੇ ਮਰੇ ਹੋਏ ਪਸ਼ੂਆਂ ਨੂੰ ਦੱਬਣ ਦਾ ਕੰਮ ਜ਼ਿਲ੍ਹਿਆਂ ਦੇ DCs ਨੂੰ ਸੌਂਪਿਆ ਗਿਆ ਹੈ।