ਕਿਵੇਂ ਕਰੀਏ ਮਟਰਾਂ ਦੀ ਖੇਤੀ, ਪੜ੍ਹੋ ਬੀਜਣ ਤੋਂ ਵੱਢਣ ਤੱਕ ਦੀ ਪੂਰੀ ਜਾਣਕਾਰੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਮਟਰਾਂ ਦੀ ਖੇਤੀ ਕਿਸੇ ਵੀ ਮਿੱਟੀ ਵਿਚ ਕੀਤੀ ਜਾ ਸਕਦੀ ਹੈ

Information about the cultivation of peas

 

ਮੁਹਾਲੀ: ਮਟਰਾਂ ਦੀ ਖੇਤੀ ਕਰਨੀ ਬਹੁਤ ਆਸਾਨ ਹੁੰਦਾ ਹੈ। ਤੁਸੀਂ ਘਰ ਵਿਚ ਅਸਾਨੀ ਨਾਲ ਮਟਰਾਂ ਦੀ ਖੇਤੀ ਕਰ ਸਕਦੇ ਹੋ। ਮਟਰਾਂ ਦੀ ਖੇਤੀ ਹਰ ਤਰ੍ਹਾਂ ਦੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ। ਇਸ ਫਸਲ ਨੂੰ ਸੇਮ ਦੇ ਇਲਾਕਿਆ ਵਿੱਚ ਨਹੀ ਉਗਾਇਆ ਜਾ ਸਕਦਾ।

ਖੇਤ ਦੀ ਤਿਆਰੀ 
ਸਾਉਣੀ ਰੁੱਤ ਦੀ ਫਸਲ ਦੀ ਕਟਾਈ ਤੋਂ ਬਾਅਦ ਖੇਤ ਨੂੰ ਤਿਆਰ ਕਰਨ ਲਈ ਹਲ ਨਾਲ 1 ਜਾਂ 2 ਵਾਰ ਵਾਹੋ। ਹਲ ਨਾਲ ਵਾਹੁਣ ਤੋਂ ਬਾਅਦ 2 ਜਾਂ 3 ਵਾਰ ਤਵੀਆਂ ਨਾਲ ਵਾਹੋ ਅਤੇ ਸੁਹਾਗਾ ਫੇਰੋ। ਪਾਣੀ ਖੜਨ ਤੋਂ ਰੋਕਣ ਲਈ ਖੇਤ ਨੂੰ ਚੰਗੀ ਤਰ੍ਹਾਂ ਪੱਧਰਾ ਕਰ ਲੈਣਾ ਚਾਹੀਦਾ ਹੈ। ਬਿਜਾਈ ਤੋਂ ਪਹਿਲਾਂ ਖੇਤ ਦੀ ਇੱਕ ਵਾਰ ਸਿੰਚਾਈ ਕਰੋ।

ਬਿਜਾਈ ਦਾ ਸਮਾਂ
ਵਧੇਰੇ ਝਾੜ ਲਈ ਫਸਲ ਨੂੰ ਅਕਤੂਬਰ ਤੋ ਨਵੰਬਰ ਦੇ ਪਹਿਲੇ ਪੰਦਰਵਾੜੇ ਵਿੱਚ ਬੀਜੋ। ਪਛੇਤੀ ਫਸਲ ਬੀਜਣ ਨਾਲ ਝਾੜ ਦਾ ਨੁਕਸਾਨ ਹੁੰਦਾ ਹੈ। ਅਗੇਤੇ ਮੰਡੀਕਰਨ ਲਈ ਮਟਰਾਂ ਨੂੰ ਅਕਤੂਬਰ ਦੇ ਦੂਜੇ ਪੰਦਰਵਾੜੇ ਵਿੱਚ ਉਗਾਓ।

ਫਾਸਲਾ
ਅਗੇਤੀ ਕਿਸਮਾਂ ਲਈ ਫਾਸਲਾ 30 ਸੈ:ਮੀ x50 ਸੈ:ਮੀ ਅਤੇ ਪਿਛੇਤੀ ਕਿਸਮਾਂ ਲਈ 45-60 ਸੈ:ਮੀ x 10 ਸੈ:ਮੀ ਰੱਖੋ।
ਬੀਜ ਦੀ ਡੂੰਘਾਈ
ਬੀਜ ਨੂੰ ਮਿੱਟੀ ਵਿੱਚ 2-3 ਸੈ:ਮੀ: ਡੂੰਘਾ ਬੀਜੋ।
ਬਿਜਾਈ ਦਾ ਢੰਗ :
ਇਸ ਦੀ ਬਿਜਾਈ ਮਸ਼ੀਨ ਨਾਲ ਵੱਟਾਂ ਬਣਾ ਕੇ ਕਰੋ ਜੋ ਕਿ 60 ਸੈ:ਮੀ: ਚੋੜੀਆਂ ਹੁੰਦੀਆਂ ਹਨ।
ਬੀਜ ਦੀ ਮਾਤਰਾ
ਬਿਜਾਈ ਲਈ 35-40 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਲਈ ਵਰਤੋ।

ਇੱਕ ਜਾਂ ਦੋ ਵਾਰ ਗੋਡੀ ਕਰਨਾ ਇਹ ਕਿਸਮ ਤੇ ਨਿਰਭਰ ਕਰਦਾ ਹੈ । ਪਹਿਲੀ ਗੋਡੀ ਫਸਲ ਬੀਜਣ ਤੋ 3-4 ਹਫਤਿਆ ਬਾਅਦ ਜਦੋਂ ਫਸਲ 2 ਜਾਂ 3 ਪੱਤੇ ਕੱਢ ਲੈਂਦੀ ਹੈ ਅਤੇ ਦੂਜੀ ਗੋਡੀ ਫੁੱਲ ਨਿੱਕਲਣ ਤੋਂ ਪਹਿਲਾ ਕਰੋ। ਮਟਰਾਂ ਦੀ ਖੇਤੀ ਲਈ ਨਦੀਨ ਨਾਸ਼ਕਾਂ ਦੀ ਵਰਤੋ ਬਹੁਤ ਪ੍ਰਭਾਵਸ਼ਾਲੀ ਹੁੰਦੀ ਹੈ। ਨਦੀਨਾਂ ਦੀ ਰੋਕਥਾਮ ਲਈ ਪੈਂਡੀਮੈਥਾਲਿਨ 1 ਲੀਟਰ ਪ੍ਰਤੀ ਏਕੜ ਅਤੇ ਬਸਾਲਿਨ 1 ਲੀਟਰ ਪ੍ਰਤੀ ਏਕੜ ਦੀ ਵਰਤੋ ਫ਼ਸਲ ਬੀਜਣ ਤੋ 48 ਘੰਟਿਆ ਦੇ ਅੰਦਰ ਅੰਦਰ ਕਰੋ।

ਮਟਰ ਦੇ ਪੱਤਿਆਂ ਦਾ ਕੀੜਾ :ਸੁੰਡੀਆ ਪੱਤੇ ਵਿੱਚ ਸੁਰੰਗਾ ਬਣਾਕੇ  ਪੱਤੇ ਨੂੰ ਖਾਂਦੀਆ  ਹਨ । ਜਿਸ ਕਰਕੇ 10 ਤੋਂ 15 % ਤੱਕ ਫਸਲਾਂ ਦਾ ਨੁਕਸਾਨ ਹੁੰਦਾ ਹੈ । ਇਸ ਦੀ ਰੋਕਥਾਮ ਲਈ ਡਾਈਮੈਥੋਏਟ 30 ਈ ਸੀ 300 ਮਿਲੀਲੀਟਰ ਨੂੰ 80-100 ਲੀਟਰ ਪਾਣੀ ਪ੍ਰਤੀ ਏਕੜ ਪਾ ਕੇ ਵਰਤੋ। ਜ਼ਰੂਰਤ ਪੈਣ 'ਤੇ 15 ਦਿਨਾਂ ਬਾਅਦ ਦੁਬਾਰਾ ਛਿੜਕਾਅ ਕਰੋ। ਹਰੇ ਮਟਰਾਂ ਦੀ ਸਹੀ ਪੜਾਅ 'ਤੇ ਤੁੜਾਈ ਜ਼ਰੂਰੀ ਹੈ। ਜਦੋਂ ਮਟਰਾਂ ਦਾ ਰੰਗ ਗੂੜੇ ਤੋਂ ਹਰਾ ਹੋਣਾ ਸ਼ੁਰੂ ਹੋਵੇ, ਤਾਂ ਇਸ ਦੀ ਕਟਾਈ ਕਰ ਲਵੋ।