ਅੰਬ ਦੀ ਖੇਤੀ 

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਅੰਬ ਨੂੰ ਸਾਰੇ ਫਲਾਂ ਦਾ ਰਾਜਾ ਕਿਹਾ ਜਾਂਦਾ ਹੈ ਅਤੇ ਇਸ ਦੀ ਖੇਤੀ ਭਾਰਤ ਵਿਚ ਪੁਰਾਣੇ ਸਮਿਆਂ ਤੋਂ ਕੀਤੀ ਜਾਂਦੀ ਹੈ। ਅੰਬ ਤੋਂ ਸਾਨੂੰ ਵਿਟਾਮਿਨ ਏ ਅਤੇ ਸੀ ...

Mangos

ਚੰਡੀਗੜ੍ਹ : ਅੰਬ ਨੂੰ ਸਾਰੇ ਫਲਾਂ ਦਾ ਰਾਜਾ ਕਿਹਾ ਜਾਂਦਾ ਹੈ ਅਤੇ ਇਸ ਦੀ ਖੇਤੀ ਭਾਰਤ ਵਿਚ ਪੁਰਾਣੇ ਸਮਿਆਂ ਤੋਂ ਕੀਤੀ ਜਾਂਦੀ ਹੈ। ਅੰਬ ਤੋਂ ਸਾਨੂੰ ਵਿਟਾਮਿਨ ਏ ਅਤੇ ਸੀ ਕਾਫੀ ਮਾਤਰਾ ਵਿਚ ਮਿਲਦੇ ਹਨ ਅਤੇ ਇਸ ਦੇ ਪੱਤੇ ਚਾਰੇ ਦੀ ਕਮੀ ਹੋਣ ਤੇ ਚਾਰੇ ਦੇ ਤੌਰ ਅਤੇ ਇਸ ਦੀ ਲੱਕੜੀ ਫਰਨੀਚਰ ਬਣਾਉਣ ਲਈ ਵਰਤੀ ਜਾਂਦੀ ਹੈ। ਕੱਚੇ ਫਲ ਚੱਟਨੀ, ਆਚਾਰ ਬਣਾਉਣ ਲਈ ਵਰਤੇ ਜਾਂਦੇ ਹਨ ਅਤੇ ਪੱਕੇ ਫਲ ਜੂਸ, ਜੈਮ ਅਤੇ ਜੈਲੀ ਆਦਿ ਬਣਾਉਣ ਲਈ ਵਰਤੇ ਜਾਂਦੇ ਹਨ।

ਇਹ ਵਪਾਰਕ ਰੂਪ ਵਿਚ ਆਂਧਰਾ ਪ੍ਰਦੇਸ਼, ਕਰਨਾਟਕ, ਪੱਛਮੀ ਬੰਗਾਲ, ਬਿਹਾਰ, ਕੇਰਲਾ, ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ, ਮਹਾਰਾਸ਼ਟਰ ਅਤੇ ਗੁਜਰਾਤ ਵਿਚ ਉਗਾਇਆ ਜਾਂਦਾ ਹੈ। ਅੰਬ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ ਵਿਚ ਕੀਤੀ ਜਾ ਸਕਦੀ ਹੈ। ਇਸ ਦੀ ਖੇਤੀ ਲਈ ਸੰਘਣੀ ਜ਼ਮੀਨ, ਜੋ 4 ਫੁੱਟ ਦੀ ਡੂੰਘਾਈ ਤੱਕ ਸਖਤ ਨਾ ਹੋਵੇ, ਦੀ ਲੋੜ ਹੁੰਦੀ ਹੈ। ਮਿੱਟੀ ਦੀ pH 8.5% ਤੋਂ ਘੱਟ ਹੋਣੀ ਚਾਹੀਦੀ ਹੈ।

ਜ਼ਮੀਨ ਨੂੰ ਇਸ ਤਰ੍ਹਾਂ ਤਿਆਰ ਕਰੋ ਤਾਂ ਕਿ ਖੇਤ ਵਿਚ ਪਾਣੀ ਨਾ ਖੜਦਾ ਹੋਵੇ। ਜ਼ਮੀਨ ਨੂੰ ਪੱਧਰਾ ਕਰਨ ਤੋਂ ਬਾਅਦ ਇਕ ਵਾਰ ਫਿਰ ਡੂੰਘੀ ਵਾਹੀ ਕਰਕੇ ਜ਼ਮੀਨ ਨੂੰ ਵੱਖ-ਵੱਖ ਭਾਗਾਂ ਵਿਚ ਵੰਡ ਦਿਓ। ਫਾਸਲਾ ਜਗ੍ਹਾ ਦੇ ਹਿਸਾਬ ਨਾਲ ਵੱਖ-ਵੱਖ ਹੋਵੇਗਾ। ਪੌਦੇ ਅਗਸਤ-ਸਤੰਬਰ ਅਤੇ ਫਰਵਰੀ-ਮਾਰਚ ਦੇ ਮਹੀਨੇ ਬੀਜੇ ਜਾਂਦੇ ਹਨ। ਪੌਦੇ ਹਮੇਸ਼ਾ ਸ਼ਾਮ ਨੂੰ ਠੰਡੇ ਸਮੇਂ ਵਿਚ ਬੀਜੋ। ਫਸਲ ਨੂੰ ਤੇਜ਼ ਹਵਾ ਤੋਂ ਬਚਾਓ। ਰੁੱਖਾਂ ਵਾਲੀਆਂ ਕਿਸਮਾਂ ਵਿਚ ਫਾਸਲਾ 9×9 ਮੀਟਰ ਰੱਖੋ ਅਤੇ ਪੌਦਿਆਂ ਨੂੰ ਵਰਗਾਕਾਰ ਵਿਚ ਲਗਾਓ।

ਬਿਜਾਈ ਤੋਂ ਇਕ ਮਹੀਨਾ ਪਹਿਲਾਂ 1×1×1 ਮੀਟਰ ਦੇ ਆਕਾਰ ਦੇ ਟੋਏ 9x9 ਮੀਟਰ ਦੇ ਫਾਸਲੇ ਤੇ ਪੁੱਟੋ। ਟੋਇਆਂ ਨੂੰ ਸੂਰਜ ਦੀ ਰੌਸ਼ਨੀ ਵਿਚ ਖੁੱਲਾ ਛੱਡ ਦਿਓ। ਫਿਰ ਇਨ੍ਹਾਂ ਨੂੰ ਮਿੱਟੀ ਵਿਚ 30-40 ਕਿਲੋ ਰੂੜੀ ਦੀ ਖਾਦ ਅਤੇ 1 ਕਿਲੋ ਸਿੰਗਲ ਸੁਪਰ ਫਾਸਫੇਟ ਮਿਲਾ ਕੇ ਭਰ ਦਿਓ। ਬਿਜਾਈ ਵਰਗਾਕਾਰ ਅਤੇ 6 ਭੁਜਾਵਾਂ ਵਾਲੇ ਤਰੀਕੇ ਨਾਲ ਕੀਤੀ ਜਾ ਸਕਦੀ ਹੈ। 6 ਭੁਜਾਵਾਂ ਵਾਲੇ ਤਰੀਕੇ ਨਾਲ ਬਿਜਾਈ ਕਰਨ ਨਾਲ 15% ਵੱਧ ਰੁੱਖ ਲਗਾਏ ਜਾ ਸਕਦੇ ਹਨ। ਸਿੰਚਾਈ ਦੀ ਮਾਤਰਾ ਅਤੇ ਫਾਸਲਾ ਮਿੱਟੀ, ਜਲਵਾਯੂ ਅਤੇ ਸਿੰਚਾਈ ਦੇ ਸ੍ਰੋਤ ਤੇ ਨਿਰਭਰ ਕਰਦੇ ਹਨ।

ਨਵੇਂ ਪੌਦਿਆਂ ਨੂੰ ਹਲਕੀ ਅਤੇ ਬਾਰ-ਬਾਰ ਸਿੰਚਾਈ ਕਰੋ। ਹਲਕੀ ਸਿੰਚਾਈ ਹਮੇਸ਼ਾ ਦੂਜੀ ਸਿੰਚਾਈ ਤੋਂ ਵਧੀਆ ਸਿੱਧ ਹੁੰਦੀ ਹੈ। ਗਰਮੀਆਂ ਵਿੱਚ 5-6 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ ਅਤੇ ਸਰਦੀਆਂ ਵਿਚ ਹੌਲੀ-ਹੌਲੀ ਫਾਸਲਾ ਵਧਾ ਕੇ 25-30 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ। ਵਰਖਾ ਵਾਲੇ ਮੌਸਮ ਵਿਚ ਸਿੰਚਾਈ ਵਰਖਾ ਮੁਤਾਬਕ ਕਰੋ। ਫਲ ਬਣਨ ਸਮੇਂ, ਪੌਦੇ ਦੇ ਵਿਕਾਸ ਲਈ 10-12 ਦਿਨਾਂ ਦੇ ਫਾਸਲੇ ਤੇ ਸਿੰਚਾਈ ਦੀ ਲੋੜ ਹੁੰਦੀ ਹੈ। ਫਰਵਰੀ ਦੇ ਮਹੀਨੇ ਵਿਚ ਖਾਦਾਂ ਪਾਉਣ ਤੋਂ ਬਾਅਦ ਹਲਕੀ ਸਿੰਚਾਈ ਕਰੋ।