ਮਿਹਨਤਾਂ ਨੂੰ ਰੰਗਭਾਗ:ਕਿਸਾਨ ਦੀ ਮਿਹਨਤ ਸਦਕਾ ਰੇਤਲੇ ਇਲਾਕੇ ਵਿਚ ਪੈਦਾ ਹੋਇਆ Strawberry ਫਲ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਲਾਕਡਾਊਨ ਅਤੇ ਕਰਫਿਊ ਦੌਰਾਨ ਆਨਲਾਈਨ ਸਟ੍ਰਾਵਰੀ ਵੇਚ ਕੀਤੀ ਕਮਾਈ

Kissan Nab Singh

ਮਾਨਸਾ( ਪਰਦੀਪ ਰਾਣਾ) ਫਸਲੀ ਚੱਕਰ ਵਿੱਚੋਂ ਨਿਕਲ ਕੇ ਮਾਨਸਾ ਦੇ ਪਿੰਡ ਭੈਣੀਬਾਘਾ ਦੇ ਕਿਸਾਨ ਨੈਬ ਸਿੰਘ ਨੇ ਦੋ ਕਨਾਲਾਂ ਵਿਚ ਸਟ੍ਰਾਬੈਰੀ  ਦੀ ਫਸਲ ਉਗਾਈ। ਮੰਡੀਕਰਨ ਨਾ ਹੋਣ ਕਰਕੇ ਨਿਰਾਸ਼ਾ ਮਿਲ ਰਹੀ ਹੈ ਪਰ ਹਿੰਮਤ ਤੇ ਜਜ਼ਬਾ ਹਾਲੇ ਵੀ ਕਾਇਮ ਹੈ।

ਜਾਣਕਾਰੀ ਦਿੰਦਿਆਂ ਕਿਸਾਨ   ਨੈਬ ਸਿੰਘ ਨੇ ਦੱਸਿਆ ਕਿ ਮੇਰੇ ਦੋਨੋਂ ਲੜਕੇ ਸਟੂਡੀਓ ਦਾ ਕੰਮ ਕਰਦੇ ਹਨ ਜਦੋਂ ਉਹ ਕਿਸੇ ਵੀ ਵਿਆਹ ਸ਼ਾਦੀ ਵਿਚ ਜਾਂਦੇ ਸੀ ਤਾਂ ਉਹ ਦੇਖਦੇ ਸੀ ਕਿ ਸਭ ਤੋਂ ਮਹਿੰਗਾ ਫਲ ਸਟ੍ਰਾਬੈਰੀ ਜੋ ਸਭ ਤੋਂ ਵੱਧ ਵਿਆਹਾਂ ਦੇ ਵਿਚ ਲੱਗਦਾ ਹੈ। ਉਸ ਪਿੱਛੋਂ ਮੈਨੂੰ ਮੇਰੇ ਬੱਚਿਆਂ  ਨੇ ਸਟ੍ਰਾਬੈਰੀ ਲਗਾਉਣ ਲਈ ਕਿਹਾ ਪਰ ਮੈਂ ਉਨ੍ਹਾਂ ਨੂੰ ਕਿਹਾ ਕਿ ਆਪਣਾ ਪਰਿਵਾਰ  ਗ਼ਰੀਬ ਹੈ ਅਤੇ ਇਨ੍ਹਾਂ ਮਹਿੰਗਾ ਫਲ ਪਕਾਉਣ ਲਈ ਬੀਜ ਵੀ ਮਹਿੰਗਾ ਲਿਆਉਣਾ ਪਵੇਗਾ।

ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਅੱਗੇ ਕਿਸ ਦੀ ਚਲਦੀ ਹੈ ਫਿਰ ਅਸੀਂ ਪੈਸੇ ਜੋੜ ਕੇ ਚੰਡੀਗੜ੍ਹ ਦੇ ਕਿਸੇ ਡੀਲਰ ਨੂੰ ਦਿੱਤੇ ਅਤੇ ਉਸ ਤੋਂ ਅਸੀਂ ਬੀਜ ਲੈ ਕੇ ਆਏ। ਇਹ ਫਲ  ਹਿਮਾਚਲ ਦੀਆਂ ਪਹਾੜੀਆਂ ਵਿੱਚ ਹੁੰਦਾ ਹੈ ਪਰ ਰੱਬ ਦੀ ਮਿਹਰ ਸਦਕਾ ਅਸੀਂ ਪੰਜਾਬ ਵਿੱਚ ਇਹ ਪਲ ਪੈਦਾ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਅਸੀਂ ਦੋ ਕਨਾਲਾਂ ਵਿੱਚ ਸਟ੍ਰਾਬੈਰੀ ਲਗਾਈ ਅਤੇ ਜਦੋਂ ਇਹ ਫਲ ਬਣ ਕੇ ਤਿਆਰ ਹੋਇਆ ਉਦੋਂ ਹੀ ਕੋਰੋਨਾ ਮਹਾਂਮਾਰੀ ਕਾਰਨ ਲਾਕਡਾਊਨ ਲੱਗ ਗਿਆ ਜਿਸ ਕਰਕੇ ਨਾ ਤਾਂ ਫਲ ਮੰਡੀ ਵਿੱਚ ਵਿਕ ਸਕਦਾ ਸੀ ਅਤੇ ਨਾ ਹੀ ਅਸੀਂ ਜਾ ਕੇ ਵੇਚ ਸਕਦੇ ਸੀ। ਨੈਬ ਸਿੰਘ ਨੇ ਦੱਸਿਆ ਕਿ ਫਿਰ ਮੇਰੇ ਲੜਕਿਆਂ ਨੇ ਇਕ ਵੀਡਿਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ  ਜਿਸ ਨਾਲ ਸਾਡੀ  ਸਟ੍ਰਾਬੈਰੀ ਲੌਕ ਡਾਊਨ ਦੌਰਾਨ ਆਨਲਾਈਨ ਵਿਕਣੀ ਸ਼ੁਰੂ ਹੋ ਗਈ।

ਨੈਬ ਸਿੰਘ ਨੇ ਦੱਸਿਆ ਕਿ ਫਿਰ ਲਾਕਡਾਊਨ ਦੌਰਾਨ ਸਾਰੀ ਸਟ੍ਰਾਬੈਰੀ ਨਾਲ ਵਧੀਆ  ਮੁਨਾਫਾ ਹੋਇਆ ਪਰ ਇਸ ਸਾਲ ਮੰਡੀਕਰਨ ਨਾ ਹੋਣ ਕਾਰਨ ਸਾਨੂੰ ਸਟ੍ਰਾਬੈਰੀ ਦਾ ਵਾਜਬ ਮੁੱਲ ਨਹੀਂ ਮਿਲ ਪਾ ਰਿਹਾ  ਹੈ।

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਫਸਲਾਂ ਦਾ ਮੰਡੀਕਰਨ ਕਰਨਾ ਚਾਹੀਦਾ ਹੈ ਜਿਸ ਨਾਲ ਕਿਸਾਨ ਦੀ ਹਰ ਫ਼ਸਲ ਦਾ  ਮੁੱਲ ਮਿਲ ਸਕੇ। ਨੈਬ ਸਿੰਘ ਨੇ ਕਿਹਾ ਕਿ ਮੈਂ ਹੋਰ ਕਿਸਾਨਾਂ ਨੂੰ ਵੀ ਇਹੀ ਅਪੀਲ ਕਰਾਂਗਾ ਕਿ ਉਹ ਘੱਟੋ ਘੱਟ ਇੱਕ ਦੋ ਕਨਾਲਾਂ ਵਿੱਚ ਸਟ੍ਰਾਬੈਰੀ  ਲਗਾਉਣ  ਜੇਕਰ ਸਰਕਾਰਾਂ ਮੰਡੀਕਰਨ ਨਹੀਂ ਵੀ ਕਰਦੀਆਂ ਤਾਂ ਇਹ ਫ਼ਲ ਜੋ ਸਾਡੇ ਬਾਪ ਦਾਦਿਆਂ ਨੇ ਨਹੀਂ  ਖਾ ਕੇ ਦੇਖਿਆ ਉਹ ਅਸੀਂ ਆਪਣੇ ਬੱਚਿਆਂ ਨੂੰ ਖਵਾ ਸਕੀਏ।