ਮਸ਼ੀਨੀ ਯੁੱਗ ‘ਚ ਵੀ ਬਲਦਾਂ ਨਾਲ ਖੇਤੀ ਕਰਨ ਨੂੰ ਮਜਬੂਰ ਕਿਸਾਨ
ਤਿੰਨ ਕਨਾਲਾਂ ਪੈਲੀ ਦਾ ਮਾਲਕ ਹੈ ਕੁਲਵੰਤ ਸਿੰਘ
ਗੁਰਦਾਸਪੁਰ (ਅਵਤਾਰ ਸਿੰਘ) ਅੱਜ ਦੇ ਦੌਰ ਵਿੱਚ ਸ਼ਾਇਦ ਹੀ ਕੋਈ ਕਿਸਾਨ ਹੋਵੇਗਾ ਜੋ ਖੇਤੀ ਦੇ ਪੁਰਾਣੇ ਤਰੀਕਿਆਂ ਨੂੰ ਵਰਤਣ ਲਈ ਤਿਆਰ ਹੋਵੇਗਾ। ਇਸ ਦਾ ਕਾਰਨ ਇਹ ਹੈ ਕਿ ਇਨ੍ਹਾਂ ਪੁਰਾਣੇ ਤਰੀਕਿਆਂ ਨਾਲ ਮਿਹਨਤ ਅਤੇ ਸਮਾਂ ਬਹੁਤ ਜ਼ਿਆਦਾ ਲੱਗਦਾ ਹੈ।
ਅਜਿਹੇ ਹਾਲਾਤਾਂ ਵਿਚ ਜੇ ਕੋਈ ਕਿਸਾਨ ਪੁਰਾਣੇ ਖੇਤੀ ਦੇ ਤਰੀਕਿਆਂ ਦੀ ਵਰਤੋਂ ਕਰਦਾ ਹੈ ਤਾਂ ਇਹ ਉਸ ਦਾ ਸ਼ੌਂਕ ਹੋਵੇਗਾ ਜਾਂ ਫਿਰ ਮਜਬੂਰੀ। ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਪੰਜਗਰਾਈਆਂ ਦੇ ਨਜ਼ਦੀਕ ਪਿੰਡ ਮੀਰਪੁਰ ਦਾ ਰਹਿਣ ਵਾਲਾ ਇਕ ਕਿਸਾਨ ਕੁਲਵੰਤ ਸਿੰਘ ਬੀਤੇ ਦਿਨੀਂ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਇਆ ਸੀ।
ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਸ ਵੀਡੀਓ ਵਿਚ ਇਹ ਕਿਸਾਨ ਬਲਦਾਂ ਨਾਲ ਆਪਣਾ ਖੇਤ ਜੋਤ ਰਿਹਾ ਸੀ। ਜਦ ਇਸ ਦੇ ਪਿੰਡ ਜਾ ਕੇ ਕਿਸਾਨ ਨਾਲ ਗੱਲਬਾਤ ਕੀਤੀ ਗਈ ਤਾਂ ਪਤਾ ਲੱਗਿਆ ਕਿ ਬਲਦਾਂ ਨਾਲ ਖੇਤੀ ਕਰਨਾ ਇਸ ਦੀ ਮਜਬੂਰੀ ਬਣ ਗਈ ਹੈ।
ਕੁਲਵੰਤ ਸਿੰਘ ਤਿੰਨ ਕਨਾਲਾਂ ਪੈਲੀ ਦਾ ਮਾਲਕ ਹੈ ਪਰ ਮਹਿੰਗਾਈ ਦੇ ਦੌਰ ਵਿਚ ਤਿੰਨ ਕਨਾਲਾਂ ਨਾਲ ਟੱਬਰ ਪਾਲਣਾ ਬਹੁਤ ਮੁਸ਼ਕਿਲ ਹੈ। ਬੱਚਿਆਂ ਨੂੰ ਵੀ ਗਰੀਬੀ ਕਾਰਨ ਪ੍ਰਾਈਵੇਟ ਸਕੂਲਾਂ ਵਿੱਚ ਨਹੀਂ ਪੜ੍ਹਾ ਸਕਦਾ। ਦੋਨੋਂ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਨ।
ਗੱਲਬਾਤ ਕਰਦਿਆਂ ਕੁਲਵੰਤ ਸਿੰਘ ਨੇ ਦੱਸਿਆ ਕਿ ਸਰਕਾਰ ਛੋਟੇ ਜ਼ਿਮੀਂਦਾਰਾਂ ਦੀ ਲਿਮਟ ਵੀ ਨਹੀਂ ਬਣਾਉਂਦੀ ਅਤੇ ਨਾ ਹੀ ਸਬਸਿਡੀ ਤੇ ਕਰਜਾ ਦਿੰਦੀ ਹੈ। ਜੋ ਕਰਜ਼ੇ ਬੈਂਕ ਵਿੱਚੋਂ ਮਿਲਦੇ ਹਨ ਉਨ੍ਹਾਂ ਦੇ ਵਿਆਜ ਕਾਫ਼ੀ ਹੈ ਜੋ ਉਸ ਦੀ ਹੈਸੀਅਤ ਤੋਂ ਬਾਹਰ ਹੈ। ਇਸ ਲਈ ਉਹ ਆਪਣੇ ਖੇਤਾਂ ਵਿਚ ਬਲਦਾਂ ਦੀ ਸਹਾਇਤਾ ਨਾਲ ਹੀ ਖੇਤੀ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਕੁਝ ਹੋਰ ਕਿਸਾਨ ਵੀ ਉਸ ਨੂੰ ਆਪਣੀ ਪੈਲੀ ਵਾਉਣ ਲਈ ਬੁਲਾਉਂਦੇ ਹਨ ਕਿਉਂਕਿ ਖੇਤਾਂ ਦੇ ਕੁਝ ਹਿੱਸਿਆਂ ਵਿਚ ਟ੍ਰੈਕਟਰ ਨਹੀਂ ਜਾ ਸਕਦਾ।