PM ਮੋਦੀ ਨੇ ਵਿਸ਼ਵ ਡੇਅਰੀ ਸੰਮੇਲਨ ਦਾ ਕੀਤਾ ਉਦਘਾਟਨ, ਕਿਹਾ- ਕਿਸਾਨਾਂ ਨੂੰ ਹੋਵੇਗਾ ਵੱਡਾ ਫ਼ਾਇਦਾ

ਏਜੰਸੀ

ਖੇਤੀਬਾੜੀ, ਸਹਾਇਕ ਧੰਦੇ

ਡੇਅਰੀ ਖੇਤਰ ਦੀ ਸਮਰੱਥਾ ਨਾ ਸਿਰਫ਼ ਪੇਂਡੂ ਅਰਥਵਿਵਸਥਾ ਨੂੰ ਹੁਲਾਰਾ ਦਿੰਦੀ ਹੈ, ਸਗੋਂ ਇਹ ਦੁਨੀਆ ਭਰ ਦੇ ਕਰੋੜਾਂ ਲੋਕਾਂ ਲਈ ਰੋਜ਼ੀ-ਰੋਟੀ ਦਾ ਇੱਕ ਵੱਡਾ ਸਰੋਤ ਵੀ ਹੈ।

PM Modi

 

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯੂਪੀ ਦੇ ਗ੍ਰੇਟਰ ਨੋਇਡਾ ਵਿਚ ਵਿਸ਼ਵ ਡੇਅਰੀ ਸੰਮੇਲਨ ਦਾ ਉਦਘਾਟਨ ਕੀਤਾ। ਇਸ ਮੌਕੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਮੌਜੂਦ ਸਨ। ਪੀਐਮ ਮੋਦੀ ਨੇ ਕਿਹਾ ਕਿ ਵਿਸ਼ਵ ਡੇਅਰੀ ਸੰਮੇਲਨ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ। ਵਿਸ਼ਵ ਡੇਅਰੀ ਸੰਮੇਲਨ ਤੋਂ ਪੇਂਡੂ ਅਰਥਚਾਰੇ ਨੂੰ ਮਜ਼ਬੂਤੀ ਮਿਲੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਡੇਅਰੀ ਖੇਤਰ ਦੀ ਸਮਰੱਥਾ ਨਾ ਸਿਰਫ਼ ਪੇਂਡੂ ਅਰਥਵਿਵਸਥਾ ਨੂੰ ਹੁਲਾਰਾ ਦਿੰਦੀ ਹੈ, ਸਗੋਂ ਇਹ ਦੁਨੀਆ ਭਰ ਦੇ ਕਰੋੜਾਂ ਲੋਕਾਂ ਲਈ ਰੋਜ਼ੀ-ਰੋਟੀ ਦਾ ਇੱਕ ਵੱਡਾ ਸਰੋਤ ਵੀ ਹੈ।

ਮੈਨੂੰ ਯਕੀਨ ਹੈ ਕਿ ਇਹ ਕਾਨਫਰੰਸ ਡੇਅਰੀ ਖੇਤਰ ਨਾਲ ਸਬੰਧਤ ਵਿਚਾਰਾਂ, ਤਕਨੀਕਾਂ, ਮੁਹਾਰਤ ਅਤੇ ਪਰੰਪਰਾਵਾਂ ਦੇ ਪੱਧਰ 'ਤੇ ਇੱਕ ਦੂਜੇ ਦੇ ਗਿਆਨ ਅਤੇ ਸਿੱਖਣ ਵਿਚ ਬਹੁਤ ਭੂਮਿਕਾ ਨਿਭਾਵੇਗਾ। ਵਿਸ਼ਵ ਡੇਅਰੀ ਸੰਮੇਲਨ ਦੇ ਉਦਘਾਟਨ ਮੌਕੇ ਪੀਐੱਮ ਮੋਦੀ ਨੇ ਕਿਹਾ ਕਿ ਦੁਨੀਆ ਦੇ ਹੋਰ ਵਿਕਸਤ ਦੇਸ਼ਾਂ ਤੋਂ ਅਲੱਗ, ਭਾਰਤ ਵਿਚ ਡੇਅਰੀ ਸੈਕਟਰ ਦੀ ਅਸਲ ਸ਼ਕਤੀ ਛੋਟੇ ਕਿਸਾਨ ਹਨ। ਭਾਰਤ ਦੇ ਡੇਅਰੀ ਸੈਕਟਰ ਦੀ ਪਹਿਚਾਣ ਵੱਡੇ ਪੈਮਾਨੇ 'ਤੇ ਉਤਪਾਦਨ ਤੋਂ ਜ਼ਿਆਦਾ ਵੱਡੇ ਸਮੂਹ ਦੁਆਰਾ ਉਦਪਾਦਨ ਕੀਤੀ ਗਈ ਹੈ। 

ਪੀਐਮ ਮੋਦੀ ਨੇ ਕਿਹਾ ਕਿ ਅੱਜ ਭਾਰਤ ਵਿਚ ਡੇਅਰੀ ਸਹਿਕਾਰਤਾਵਾਂ ਦਾ ਅਜਿਹਾ ਵਿਸ਼ਾਲ ਨੈੱਟਵਰਕ ਹੈ, ਜਿਸ ਦੀ ਮਿਸਾਲ ਪੂਰੀ ਦੁਨੀਆ ਵਿਚ ਲੱਭਣੀ ਮੁਸ਼ਕਲ ਹੈ। ਇਹ ਡੇਅਰੀ ਸਹਿਕਾਰੀ ਦੇਸ਼ ਦੇ ਦੋ ਲੱਖ ਤੋਂ ਵੱਧ ਪਿੰਡਾਂ ਦੇ ਦੋ ਕਰੋੜ ਕਿਸਾਨਾਂ ਤੋਂ ਦਿਨ ਵਿਚ ਦੋ ਵਾਰ ਦੁੱਧ ਇਕੱਠਾ ਕਰਕੇ ਗਾਹਕਾਂ ਤੱਕ ਪਹੁੰਚਾਉਂਦੀਆਂ ਹਨ। ਇਸ ਸਾਰੀ ਪ੍ਰਕਿਰਿਆ ਵਿਚ ਕੋਈ ਵਿਚੋਲਾ ਨਹੀਂ ਹੈ ਅਤੇ ਗਾਹਕਾਂ ਤੋਂ ਪ੍ਰਾਪਤ ਕੀਤੇ ਗਏ 70 ਫ਼ੀਸਦੀ ਤੋਂ ਵੱਧ ਪੈਸੇ ਕਿਸਾਨਾਂ ਦੀਆਂ ਜੇਬਾਂ ਵਿਚ ਜਾਂਦੇ ਹਨ। ਪੂਰੀ ਦੁਨੀਆ ਵਿਚ ਕਿਸੇ ਹੋਰ ਦੇਸ਼ ਵਿਚ ਇੰਨਾ ਉੱਚ ਅਨੁਪਾਤ ਨਹੀਂ ਹੈ।