ਅਰਹਰ ਦੀ ਦਾਲ: ਪੜ੍ਹੋ ਬੀਜਣ ਤੋਂ ਵੱਢਣ ਤੱਕ ਦੀ ਪੂਰੀ ਜਾਣਕਾਰੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

135 ਦਿਨਾਂ ਵਿੱਚ ਪੱਕ ਜਾਂਦੀ ਹੈ ਇਹ ਫਸਲ

photo

ਮੁਹਾਲੀ: ਅਰਹਰ ਦੀ ਦਾਲ ਪ੍ਰੋਟੀਨ ਦਾ ਸ੍ਰੋਤ ਹੈ। ਇਹ ਘੱਟ ਵਰਖਾ ਵਾਲੇ ਖੇਤਰਾਂ ਦੀ ਇੱਕ ਮਹੱਤਵਪੂਰਨ ਦਾਲ ਹੈ ਅਤੇ ਇਕੱਲੀ ਜਾਂ ਅਨਾਜਾਂ ਦੇ ਨਾਲ ਉਗਾਈ ਜਾ ਸਕਦੀ ਹੈ। ਭਾਰਤ ਵਿੱਚ ਇਹ ਫਸਲ ਆਂਧਰਾ ਪ੍ਰਦੇਸ਼, ਗੁਜਰਾਤ, ਕਰਨਾਟਕ, ਮੱਧ ਪ੍ਰਦੇਸ਼, ਮਹਾਂਰਾਸ਼ਟਰ ਅਤੇ ਉੱਤਰ ਪ੍ਰਦੇਸ਼ ਵਿੱਚ ਉਗਾਈ ਜਾਂਦੀ ਹੈ।
ਇਹ ਹਰ ਤਰ੍ਹਾਂ ਦੀਆਂ ਜ਼ਮੀਨਾਂ ਵਿੱਚ ਬੀਜੀ ਜਾ ਸਕਦੀ ਹੈ ਪਰ ਉਪਜਾਊ ਅਤੇ ਵਧੀਆ ਜਲ ਨਿਕਾਸ ਵਾਲੀ ਜ਼ਮੀਨ ਇਸ ਲਈ ਸਭ ਤੋਂ ਵਧੀਆ ਹੈ। ਇਹ ਘੱਟ ਸਮੇਂ ਵਾਲੀ ਕਿਸਮ ਹੈ ਅਤੇ 135 ਦਿਨਾਂ ਵਿੱਚ ਪੱਕਦੀ ਹੈ। ਇਸਦੀਆਂ ਫਲੀਆਂ ਗੁੱਛੇਦਾਰ ਹੁੰਦੀਆਂ ਹਨ ਅਤੇ ਔਸਤਨ ਝਾੜ 5.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। 

ਜ਼ਮੀਨ ਦੀ ਤਿਆਰੀ
ਡੂੰਘੀ ਵਾਹੀ ਤੋਂ ਬਾਅਦ 2-3 ਵਾਰ ਤਵੀਆਂ ਫੇਰੋ ਅਤੇ ਖੇਤ ਨੂੰ ਸੁਹਾਗੇ ਨਾਲ ਪੱਧਰਾ ਕਰੋ।ਇਹ ਫਸਲ ਖੜ੍ਹੇ ਪਾਣੀ ਨੂੰ ਸਹਾਰ ਨਹੀਂ ਸਕਦੀ , ਇਸ ਲਈ ਖੇਤ ਵਿੱਚ ਪਾਣੀ ਖੜਨ ਤੋਂ ਰੋਕੋ।

ਬਿਜਾਈ ਦਾ ਸਮਾਂ
ਮਈ ਦੇ ਦੂਜੇ ਪੰਦਰਵਾੜੇ ਵਿੱਚ ਕੀਤੀ ਬਿਜਾਈ ਵੱਧ ਝਾੜ ਦਿੰਦੀ ਹੈ। ਜੇਕਰ ਫਸਲ ਦੇਰੀ ਨਾਲ ਲਗਾਈ ਜਾਵੇ ਤਾਂ ਝਾੜ ਘੱਟ ਜਾਂਦਾ ਹੈ

ਫਾਸਲਾ
ਬਿਜਾਈ ਲਈ  50 ਸੈ.ਮੀ. ਕਤਾਰਾਂ ਵਿੱਚ ਅਤੇ 25 ਸੈ.ਮੀ. ਪੌਦਿਆਂ ਵਿੱਚਕਾਰ ਫਾਸਲਾ ਰੱਖੋ 

ਬੀਜ ਦੀ ਡੂੰਘਾਈ
ਬੀਜ ਸੀਡ ਡਰਿੱਲ ਨਾਲ ਬੀਜੇ ਜਾਂਦੇ ਹਨ ਅਤੇ ਇਹਨਾਂ ਦੀ ਡੂੰਘਾਈ 7-10 ਸੈ:ਮੀ: ਹੁੰਦੀ ਹੈ। 

ਬਿਜਾਈ ਦਾ ਢੰਗ
ਬੀਜ ਛਿੱਟੇ ਨਾਲ ਵੀ ਬੀਜਿਆਂ ਜਾ ਸਕਦਾ ਹੈ ਪਰ ਬਿਜਾਈ ਵਾਲੀ ਮਸ਼ੀਨ ਨਾਲ ਕੀਤੀ ਬਿਜਾਈ ਵੱਧ ਪੈਦਾਵਾਰ ਦਿੰਦੀ ਹੈ।

ਕੀੜੇ-ਮਕੌੜੇ 'ਤੇ ਰੋਕਥਾਮ
 ਫੁੱਲਾਂ ਦਾ ਟਿੱਡਾ ਫੁੱਲਾਂ ਨੂੰ ਖਾਂਦਾ ਹੈ ਅਤੇ ਫਲੀਆਂ ਦੀ ਮਾਤਰਾ ਘਟਾ ਦਿੰਦਾ ਹੈ। ਜਵਾਨ ਕੀੜੇ ਕਾਲੇ ਰੰਗ ਦੇ ਹੁੰਦੇ ਹਨ ਜਿਨ੍ਹਾਂ ਦੇ ਮੂਹਰਲੇ ਖੰਭ ਉੱਤੇ ਲਾਲ ਧਾਰੀਆਂ ਹੁੰਦੀਆਂ ਹਨ। ਇਸਨੂੰ ਰੋਕਣ ਲਈ ਡੈਲਟਾਮੈਥਰੀਨ 28 ਈ.ਸੀ. 200 ਮਿ.ਲੀ. ਜਾਂ ਇੰਡੋਕਸਾਕਾਰਬ 14.5 ਐੱਸ.ਸੀ. 200 ਮਿ.ਲੀ. ਪ੍ਰਤੀ ਏਕੜ 100-125 ਲੀ. ਪਾਣੀ ਵਿੱਚ ਪਾ ਕੇ ਸਪਰੇਅ ਕਰੋ। ਸਪਰੇਅ ਸ਼ਾਮ ਦੇ ਸਮੇਂ  ਅਤੇ 10 ਦਿਨਾਂ ਦੇ ਫਾਸਲੇ ਤੇ ਕਰੋ।

ਸਬਜ਼ੀਆਂ ਲਈ ਉਗਾਈ ਫਸਲ ਪੱਤਿਆਂ ਅਤੇ ਫਲੀਆਂ ਦੇ ਹਰੇ ਹੋਣ 'ਤੇ ਵੱਢੀ ਜਾਂਦੀ ਹੈ ਅਤੇ ਦਾਣਿਆਂ ਵਾਲੀ ਫਸਲ ਨੂੰ 75-80% ਫਲੀਆਂ ਦੇ ਸੁੱਕਣ 'ਤੇ ਵੱਢਿਆ ਜਾਂਦਾ ਹੈ।ਵਾਢੀ ਵਿੱਚ ਦੇਰੀ ਹੋਣ 'ਤੇ ਬੀਜ ਖਰਾਬ ਹੋ ਜਾਂਦੇ ਹਨ।ਵਾਢੀ ਹੱਥੀਂ ਅਤੇ ਮਸ਼ੀਨ ਨਾਲ ਕੀਤੀ ਸਕਦੀ ਹੈ। ਵਾਢੀ ਤੋਂ ਬਾਅਦ ਪੌਦਿਆਂ ਨੂੰ ਸੁੱਕਣ ਲਈ ਸਿੱਧੇ ਰੱਖੋ। ਗੁਹਾਈ ਕਰਕੇ ਦਾਣੇ ਅਲੱਗ ਕੀਤੇ ਜਾਂਦੇ ਹਨ ਅਤੇ ਆਮ ਤੌਰ 'ਤੇ ਸੋਟੀ ਨਾਲ ਕੁੱਟ ਕੇ ਗੁਰਾਈ ਕੀਤੀ ਜਾਂਦੀ ਹੈ।