ਗਰੀਨ ਹਾਊਸ ’ਚ ਸਬਜ਼ੀਆਂ ਤੇ ਫਲਾਂ ਦੀ ਸਫ਼ਲ ਕਾਸ਼ਤ ਦੇ ਢੰਗ

ਏਜੰਸੀ

ਖੇਤੀਬਾੜੀ, ਸਹਾਇਕ ਧੰਦੇ

ਇਸ ਤਰ੍ਹਾਂ ਦੀ ਖੇਤੀ ਹੋਣ ਨਾਲ ਜ਼ਹਿਰੀਲੇ ਪਦਾਰਥਾਂ ਦੀ ਵਰਤੋਂ ਘਟਣ ਦੇ ਨਾਲ ਹੀ ਧਰਤੀ ਹੇਠਲੇ ਪਾਣੀ ਦੀ ਵੀ ਵੱਡੇ ਪੱਧਰ ’ਤੇ ਬੱਚਤ ਹੋਣੀ ਸ਼ੁਰੂ ਹੋ ਗਈ ਹੈ

photo

 

ਪੰਜਾਬ ਅੰਦਰ ਖੇਤਾਂ ’ਚ ਸਬਜ਼ੀਆਂ ਪੈਦਾ ਕਰਨ ਦੇ ਰੁਝਾਨ ਤੋਂ ਬਾਅਦ ਕਿਸਾਨ ਆਧੁਨਿਕ ਤਕਨੀਕ ਅਪਣਾ ਕੇ ਗਰੀਨ ਹਾਉੂਸ ਅਤੇ ਹੋਰ ਕਈ ਸਾਧਨਾਂ ਰਾਹੀਂ ਸਬਜ਼ੀਆਂ ਦੀ ਕਾਸ਼ਤ ਕਰਨ ਲੱਗ ਪਏ ਹਨ। ਇਸ ਤਰ੍ਹਾਂ ਦੀ ਖੇਤੀ ਹੋਣ ਨਾਲ ਜ਼ਹਿਰੀਲੇ ਪਦਾਰਥਾਂ ਦੀ ਵਰਤੋਂ ਘਟਣ ਦੇ ਨਾਲ ਹੀ ਧਰਤੀ ਹੇਠਲੇ ਪਾਣੀ ਦੀ ਵੀ ਵੱਡੇ ਪੱਧਰ ’ਤੇ ਬੱਚਤ ਹੋਣੀ ਸ਼ੁਰੂ ਹੋ ਗਈ ਹੈ। ਗਰੀਨ ਹਾਊਸ ਰਾਹੀਂ ਪੈਦਾ ਕੀਤੀਆਂ ਜਾ ਰਹੀਆਂ ਸਬਜ਼ੀਆਂ ਨਾਲ ਲੋਕਾਂ ਦੀ ਸਿਹਤ ਵਧੀਆ ਹੋਣ ਨਾਲ ਹੀ ਕਿਸਾਨਾਂ ਨੂੰ ਵੀ ਚੋਖੀ ਆਮਦਨੀ ਹੋ ਰਹੀ ਹੈ ਪਰ ਗਰੀਨ ਹਾਊੁਸ ’ਚ ਸਬਜ਼ੀਆਂ ਦੀ ਪੈਦਾਵਾਰ ਲਈ ਢੁਕਵੇਂ ਅਤੇ ਵਿਗਿਆਨਕ ਢੰਗ-ਤਰੀਕਿਆਂ ਦੇ ਨਾਲ ਹੀ ਪੱਕੇ ਤੌਰ ’ਤੇ ਮਜ਼ਦੂਰ ਰੱਖਣ ਵਰਗੇ ਪ੍ਰਬੰਧ ਜ਼ਰੂਰੀ ਹੋ ਗਏ ਹਨ।

ਇਸ ਤਰ੍ਹਾਂ ਦੇ ਗਰੀਨ ਹਾਊਸਾਂ ਵਿਚ ਖੀਰਾ, ਸ਼ਿਮਲਾ ਮਿਰਚ, ਵਤਊਂ, ਟਮਾਟਰ, ਖਰਬੂਜ਼ਾ, ਤਰਬੂਜ਼ ਆਦਿ ਦੀ ਪੈਦਾਵਾਰ ਤੋਂ ਬਿਨਾਂ ਫਲਾਂ ਵਿਚੋਂ ਪਪੀਤੇ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਆਮ ਤੌਰ ’ਤੇ ਖੇਤੀ ਮਾਹਰਾਂ ਅਨੁਸਾਰ ਗਰੀਨ ਹਾਊਸ ਦੇ ਪ੍ਰਤੀ ਏਕੜ ’ਚੋਂ 300-400 ਕੁਇੰਟਲ ਖੀਰੇ ਦੀ ਪੈਦਾਵਾਰ ਹੁੰਦੀ ਹੈ ਪਰ ਕਿਸਾਨਾਂ ਨੇ ਪ੍ਰਤੀ ਏਕੜ ਗਰੀਨ ਹਾਊਸ ’ਚੋਂ 512 ਕੁਇੰਟਲ ਖੀਰੇ ਦੀ ਪੈਦਾਵਾਰ ਕੀਤੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਉਹ ਇਕ ਏਕੜ ਗਰੀਨ ਹਾਊਸ ਵਿਚੋਂ 20 ਏਕੜ ਦੇ ਬਰਾਬਰ ਦੀ ਪੈਦਾਵਾਰ ਦਾ ਟੀਚਾ ਲੈ ਕੇ ਚਲ ਰਹੇ ਹਨ ਕਿਉਂਕਿ ਉਹ ਸਬਜ਼ੀਆਂ ਦੀ ਪੈਦਾਵਾਰ ਵਧਾਉਣ ਲਈ ਮੀਂਹ ਦੇ ਪਾਣੀ ਦੀ ਵਰਤੋਂ ਕਰ ਰਹੇ ਹਨ ਅਤੇ ਕਿਸੇ ਵੀ ਤਰ੍ਹਾਂ ਦਾ ਜ਼ਹਿਰੀਲਾ ਪਦਾਰਥ ਨਹੀਂ ਵਰਤਿਆ ਜਾ ਰਿਹਾ।

ਮੀਂਹ ਦੇ ਪਾਣੀ ਨੂੰ ਸੰਭਾਲ ਕੇ ਰੱਖਣ ਲਈ ਖ਼ਾਸ ਤਰ੍ਹਾਂ ਦੇ ਢੰਗ ਵਰਤੇ ਜਾਂਦੇ ਹਨ। ਗਰੀਨ ਹਾਊਸਾਂ ’ਤੇ ਪੈਣ ਵਾਲੇ ਮੀਂਹ ਦੇ ਪਾਣੀ ਨੂੰ ਪਾਈਪਾਂ ਰਾਹੀਂ ਛੱਪੜ ’ਚ ਇਕੱਠਾ ਕੀਤਾ ਜਾਂਦਾ ਹੈ। ਇਸ ਇਕੱਠੇ ਕੀਤੇ ਗਏ ਬਰਸਾਤ ਦੇ ਪਾਣੀ ਨੂੰ ਫ਼ਿਲਟਰ ਕਰ ਕੇ ਗਰੀਨ ਹਾਊਸ ’ਚ ਪੈਦਾ ਕੀਤੀਆਂ ਜਾ ਰਹੀਆਂ ਸਬਜ਼ੀਆਂ ਲਈ ਵਰਤਿਆ ਜਾਂਦਾ ਹੈੈ। ਇਸ ਤਰ੍ਹਾਂ ਦੀ ਯੋਜਨਾ ਨਾਲ ਸਬਜ਼ੀਆਂ ਦੇ ਝਾੜ ’ਚ ਵਾਧਾ ਹੁੰਦਾ ਹੈ ਤੇ ਧਰਤੀ ਹੇਠਲੇ ਪਾਣੀ ਦੀ ਵੀ ਬੱਚਤ ਹੁੰਦੀ ਹੈ। ਇਸ ਤਰ੍ਹਾਂ ਦੀਆਂ ਯੋਜਨਾਵਾਂ ਨਾਲ ਗਰੀਨ ਹਾਊਸ ਬਹੁਤ ਵਧੀਆ ਢੰਗ ਨਾਲ ਚਲਾਏ ਜਾ ਰਹੇ ਹਨ। 

ਪੰਜਾਬ ਸਰਕਾਰ ਨੇ ਵੀ ਕਿਸਾਨਾਂ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ ’ਚੋਂ ਕੱਢ ਕੇ ਹੋਰ ਸਹਾਇਕ ਧੰਦਿਆਂ ਵਲ ਉਤਸ਼ਾਹਤ ਕਰਨ ਅਤੇ ਵਿਸ਼ੇਸ਼ ਤੌਰ ’ਤੇ ਬਾਗ਼ਬਾਨੀ ਨੂੰ ਉਤਸ਼ਾਹਤ ਕਰਨ ਲਈ ਕੌਮੀ ਬਾਗ਼ਬਾਨੀ ਮਿਸ਼ਨ ਅਧੀਨ ਕੋਲਡ ਸਟੋਰ, ਪੈਕ ਹਾਊਸ, ਗਰੀਨ ਹਾਊਸ, ਖੁੰਬਾਂ ਦੀ ਕਾਸ਼ਤ, ਸਬਜ਼ੀਆਂ, ਬਾਗ਼ਬਾਨੀ ਨਾਲ ਸਬੰਧਤ ਮਸ਼ੀਨਰੀ, ਵਰਮੀ ਕੰਪੋਸਟ ਅਤੇ ਫੁੱਲਾਂ ਦੀ ਖੇਤੀ ’ਤੇ ਵੱਡੀ ਪੱਧਰ ’ਤੇ ਸਬਸਿਡੀ ਦਿਤੀ ਜਾਂਦੀ ਹੈ ਤਾਂ ਜੋ ਕਿਸਾਨ ਬਾਗ਼ਬਾਨੀ ਨਾਲ ਸਬੰਧਤ ਧੰਦੇ ਅਪਣਾ-ਅਪਣਾ ਆਰਥਕ ਪੱਧਰ ਉੱਚਾ ਚੁਕ ਸਕਣ। ਬਾਗ਼ਬਾਨੀ ਵਿਭਾਗ ਦੇ ਜ਼ਿਲ੍ਹਾ ਪਧਰੀ ਵਿਭਾਗਾਂ ਵਲੋਂ ਫੁੱਲਾਂ, ਸਬਜ਼ੀਆਂ ਤੇ ਫਲਾਂ ਦੀ ਖੇਤੀ ਨੂੰ ਉਤਸ਼ਾਹਤ ਕਰਨ ਵਾਸਤੇ ਇਕੱਲੇ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਬਾਗ਼ਬਾਨਾਂ ਨੂੰ ਪਿਛਲੇ ਪੰਜ ਸਾਲਾਂ ਦੌਰਾਨ 11 ਕਰੋੜ 77 ਲੱਖ 75 ਹਜ਼ਾਰ 470 ਰੁਪਏ ਦੀ ਸਬਸਿਡੀ ਦਿਤੀ ਗਈ ਹੈ। ਇਸ ਤੋਂ ਇਲਾਵਾ 186 ਹੈਕਟੇਅਰ ਰਕਬੇ ਵਿਚ ਬਾਗ਼ ਲਾਉਣ ਵਾਸਤੇ 5 ਲੱਖ 41 ਹਜ਼ਾਰ 51 ਰੁਪਏ ਦੀ ਸਬਸਿਡੀ ਵੀ ਕਿਸਾਨਾਂ ਨੂੰ ਮੁਹਈਆ ਕਰਵਾਈ ਗਈ। ਇਸ ਜ਼ਿਲੇ੍ਹ ਵਿਚ 40 ਗਰੀਨ ਹਾਊਸ ਸਥਾਪਤ ਕੀਤੇ ਗਏ ਹਨ।

ਜਿਨ੍ਹਾਂ ਵਿਚ ਕਿਸਾਨਾਂ ਵਲੋਂ ਸਫ਼ਲਤਾਪੂਰਵਕ ਸ਼ਿਮਲਾ ਮਿਰਚ, ਟਮਾਟਰ ਅਤੇ ਬਿਨਾਂ ਬੀਜ ਵਾਲੇ ਖੀਰੇ ਦੀ ਖੇਤੀ ਕੀਤੀ ਜਾ ਰਹੀ ਹੈ। ਇਨ੍ਹਾਂ ਸਬਜ਼ੀਆਂ ਦੀ ਗੁਣਵੱਤਾ ਵਧੀਆ ਹੋਣ ਕਰ ਕੇ ਕਿਸਾਨਾਂ ਨੂੰ ਮੰਡੀਆਂ ਵਿਚ ਲਾਹੇਵੰਦ ਭਾਅ ਹਾਸਲ ਹੁੰਦੇ ਹਨ। ਗਰੀਨ ਹਾਊਸ ਸਥਾਪਤ ਕਰਨ ਵਾਲੇ ਕਿਸਾਨਾਂ ਨੂੰ 4 ਕਰੋੜ 12 ਲੱਖ 25 ਹਜ਼ਾਰ 739 ਰੁਪਏ ਦੀ ਸਬਸਿਡੀ ਵੰਡੀ ਜਾ ਚੁੱਕੀ ਹੈ। ਬਾਗ਼ਬਾਨੀ ਵਿਭਾਗ ਵਲੋਂ 8 ਕੋਲਡ ਸਟੋਰਾਂ ਦੀ ਉਸਾਰੀ ਲਈ 6 ਕਰੋੜ 55 ਲੱਖ 39 ਹਜ਼ਾਰ 200 ਰੁਪਏ ਦੀ ਸਬਸਿਡੀ ਦਿਤੀ ਗਈ । ਕਿਸਾਨਾਂ ਨੂੰ 44 ਯੂਨਿਟ ਗੰਡੋਏ ਦੀ ਖਾਦ ਤਿਆਰ ਕਰਨ ਵਾਸਤੇ ਖ਼ਰੀਦਣ ਲਈ 13 ਲੱਖ 20 ਹਜ਼ਾਰ ਰੁਪਏ, ਬਾਗ਼ਬਾਨੀ ਨਾਲ ਸਬੰਧਤ ਮਸ਼ੀਨਰੀ ਖ਼ਰੀਦਣ ’ਤੇ 56 ਲੱਖ 2 ਹਜ਼ਾਰ 980 ਰੁਪਏ, 12 ਪੈਕ ਹਾਊਸ ਲਈ 18 ਲੱਖ ਰੁਪਏ ਦੀ ਸਬਸਿਡੀ ਮੁਹਈਆ ਕਰਵਾਈ ਗਈ, ਜਦੋਂਕਿ 116 ਪਾਵਰ ਸਪਰੇਅ ਪੰਪ ਖ਼ਰੀਦਣ ਲਈ 13 ਲੱਖ 82 ਹਜ਼ਾਰ 100 ਰੁਪਏ ਦੀ ਸਬਸਿਡੀ ਦਿਤੀ ਗਈ।

ਇਸੇ ਤਰ੍ਹਾਂ ਹੀ ਕੌਮੀ ਬਾਗ਼ਬਾਨੀ ਮਿਸ਼ਨ ਸਕੀਮ ਅਧੀਨ ਬਾਗ਼ਬਾਨੀ ਵਿਭਾਗ ਸੰਗਰੂਰ ਵਲੋਂ ਵੀ ਫ਼ਲਦਾਰ ਬੂਟਿਆਂ ਦੀ ਪੈਦਾਵਾਰ, ਖੁੰਬਾਂ ਦੀ ਕਾਸ਼ਤ, ਬਾਗ਼ਬਾਨੀ ਵਿਭਾਗ ਲਈ ਕੰਮ ਆਉਣ ਵਾਲੀਆਂ ਮਸ਼ੀਨਾਂ, ਸ਼ਹਿਦ ਦੀਆਂ ਮੱਖੀਆਂ ਪਾਲਣ, ਪੋਲੀ ਗਰੀਨ ਹਾਊਸ ਬਣਾਉਣ ਤੇ ਗੰਡੋਆ ਖਾਦ ਯੂਨਿਟ ਲਾਉਣ ’ਤੇ 40 ਤੋਂ 50 ਫ਼ੀ ਸਦੀ ਸਬਸਿਡੀ ਮੁਹਈਆ ਕਰਵਾਈ ਗਈ।