ਸਬਜ਼ੀਆਂ ਦੀ ਖੇਤੀ ਨੇ ਬਦਲੀ ਝੰਡੇਮਾਜਰਾ ਦੇ ਕਿਸਾਨ ਮਲਕੀਅਤ ਸਿੰਘ ਦੀ ਜ਼ਿੰਦਗੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਪਿੰਡ ਝੰਡੇਮਾਜਰਾ ਦੇ ਕਿਸਾਨ ਮਲਕੀਅਤ ਸਿੰਘ ਨੇ ਅਪਣੀ ਮਿਹਨਤ ਸਦਕਾ ਦੋ ਏਕੜ ਜ਼ਮੀਨ ਨੂੰ ਹੀ ਚੰਗੀ ਆਮਦਨ ਦਾ ਸਰੋਤ ਬਣਾ ਕੇ ਇਕ ਮਿਸ਼ਾਲ ਕਾਇਮ ਕੀਤੀ ਹੈ...............

Farmer Malkit Singh of Jhande Majra

ਐਸ.ਏ.ਐਸ. ਨਗਰ (ਦਿਹਾਤੀ) : ਪਿੰਡ ਝੰਡੇਮਾਜਰਾ ਦੇ ਕਿਸਾਨ ਮਲਕੀਅਤ ਸਿੰਘ ਨੇ ਅਪਣੀ ਮਿਹਨਤ ਸਦਕਾ ਦੋ ਏਕੜ ਜ਼ਮੀਨ ਨੂੰ ਹੀ ਚੰਗੀ ਆਮਦਨ ਦਾ ਸਰੋਤ ਬਣਾ ਕੇ ਇਕ ਮਿਸ਼ਾਲ ਕਾਇਮ ਕੀਤੀ ਹੈ। ਇਹ ਕਿਸਾਨ ਦੋ ਏਕੜ ਜ਼ਮੀਨ ਵਿਚ ਸਬਜ਼ੀਆਂ ਦੀ ਕਾਸ਼ਤ ਕਰਦਾ ਹੈ, ਜਿਨ੍ਹਾਂ ਵਿਚ ਮੁੱਖ ਤੌਰ 'ਤੇ ਸਲਾਦ ਲਈ ਵਰਤੀਆਂ ਜਾਣ ਵਾਲੀਆਂ ਸਬਜ਼ੀਆਂ ਸ਼ਾਮਲ ਹਨ। ਇਨ੍ਹਾਂ ਸਬਜ਼ੀਆਂ ਦੇ ਸੁਚੱਜੇ ਮੰਡੀਕਰਨ ਸਦਕਾ ਲਾਗਤ ਕੀਮਤ ਕੱਢ ਕੇ ਉਸ ਨੂੰ ਸਾਲਾਨਾ 7 ਲੱਖ ਰੁਪਏ ਦੀ ਆਮਦਨ ਹੋ ਰਹੀ ਹੈ। ਇਸ ਸਬੰਧੀ ਕਿਸਾਨ ਮਲਕੀਅਤ ਸਿੰਘ ਨੇ ਦਸਿਆ ਕਿ ਉਹ ਪਿਛਲੇ 12 ਸਾਲ ਤੋਂ ਇਹ ਕੰਮ ਕਰ ਰਿਹਾ ਹੈ।

ਪਹਿਲਾਂ ਉਹ ਵੀ ਰਵਾਇਤੀ ਫ਼ਸਲਾਂ ਦੀ ਹੀ ਕਾਸ਼ਤ ਕਰਦਾ ਸੀ ਪਰ ਬਾਅਦ ਵਿਚ ਉਸ ਨੇ ਖੇਤੀ ਵਿਭਿੰਨਤਾ ਤਹਿਤ ਸਬਜ਼ੀਆਂ ਦੀ ਕਾਸ਼ਤ ਨੂੰ ਅਪਣਾ ਲਿਆ। ਸਬਜ਼ੀਆਂ ਦੀ ਕਾਸ਼ਤ ਸਬੰਧੀ ਆਧੁਨਿਕ ਤਰੀਕੇ ਅਪਨਾਉਣ ਦੇ ਨਾਲ-ਨਾਲ ਉਸ ਨੇ ਮੰਡੀਕਰਨ ਵਲ ਵਿਸ਼ੇਸ਼ ਧਿਆਨ ਦਿਤਾ। ਸ਼ੁਰੂਆਤ ਵਿਚ ਉਸ ਨੂੰ ਦਿੱਕਤਾਂ ਵੀ ਆਈਆਂ ਪਰ ਉਸ ਨੇ ਸਿਰੜ ਦਾ ਪੱਲਾ ਨਹੀਂ ਛੱਡਆਿ ਤੇ ਸਬਜ਼ੀਆਂ ਦੀ ਕਾਸ਼ਤ ਉਸ ਲਈ ਚੰਗੀ ਆਮਦਨ ਦਾ ਸਰੋਤ ਬਣ ਗਈ। ਇਸ ਖੇਤਰ ਵਿਚ ਪੈਰ ਧਰਨ ਤੋਂ ਬਾਅਦ ਉਸ ਨੇ ਹੌਲੀ-ਹੌਲੀ ਵੱਡੇ ਹੋਟਲਾਂ ਨੂੰ ਸਬਜ਼ੀਆਂ ਸਪਲਾਈ ਕਰਨ ਵਾਲਿਆਂ ਨਾਲ ਰਾਬਤਾ ਕੀਤਾ

ਅਤੇ ਨਾਲ ਹੀ ਚੰਡੀਗੜ੍ਹ ਵਿਚਲੀਆਂ ਸਬਜ਼ੀਆਂ ਮੰਡੀਆਂ ਵਿਚ ਖ਼ੁਦ ਸਬਜ਼ੀਆਂ ਲਿਜਾਣੀਆਂ ਸ਼ੁਰੂ ਕੀਤੀਆਂ। ਸਬਜ਼ੀਆਂ ਦੇ ਮਿਆਰ ਨਾਲ ਕਿਸੇ ਵੀ ਕਿਸਮ ਦਾ ਸਮਝੌਤਾ ਨਾ ਕਰਨ ਸਦਕਾ ਉਸ ਦੀਆਂ ਸਬਜ਼ੀਆਂ ਹੱਥੋ-ਹੱਥ ਵਿਕਦੀਆਂ ਗਈਆਂ। ਨਿੱਠ ਕੇ ਕੰਮ ਕਰਨ ਸਦਕਾ ਹੁਣ ਉਸ ਦੇ ਗਾਹਕ ਪੱਕੇ ਹੋ ਗਏ ਹਨ ਤੇ ਕਈ ਵੱਡੇ ਹੋਟਲਾਂ ਵਿਚ ਉਸ ਦੀ ਸਬਜ਼ੀ ਜਾ ਰਹੀ ਹੈ ਤੇ ਉਹ ਚੌਖਾ ਮੁਨਾਫਾ ਕਮਾ ਰਿਹਾ ਹੈ। ਉਹ ਮੁੱਖ ਤੌਰ 'ਤੇ ਬਰੌਕਲੀ, ਸ਼ਿਮਲਾ ਮਿਰਚਾਂ, ਲੈਟਸ, ਸੈਲਰੀ, ਲੈਮਨ ਗਰਾਸ, ਆਈਸ ਬਰਗ, ਚਾਈਨੀਜ਼ ਕੈਬੇਜ ਅਤੇ ਰੈੱਡ ਕੈਬੇਜ ਦੀ ਕਾਸ਼ਤ ਕਰ ਰਿਹਾ ਹੈ। 

ਇਸ ਸਬੰਧੀ ਡਿਪਟੀ ਡਾਇਰੈਕਟਰ (ਬਾਗਬਾਨੀ) ਕਰਮਜੀਤ ਸਿੰਘ ਨੇ ਦਸਿਆ ਕਿ ਕਿਸਾਨਾਂ ਨੂੰ ਬਾਗ਼ਬਾਨੀ ਲਈ ਉਤਸ਼ਾਹਤ ਕਰਨ ਵਾਸਤੇ ਵਿਭਾਗ ਵਲੋਂ ਟ੍ਰੇਨਿੰਗ ਕਰਵਾਉਣ ਦੇ ਨਾਲ-ਨਾਲ ਬਾਗ਼ਬਾਨੀ ਲਈ ਲੋੜੀਂਦੇ ਸਾਜ਼ੋ-ਸਮਾਨ ਲਈ ਸਬਸਿਡੀ ਵੀ ਮੁਹਈਆ ਕਰਵਾਈ ਜਾਂਦੀ ਹੈ। ਉਨ੍ਹਾਂ ਦਸਿਆ ਕਿ ਕਿਸਾਨਾਂ ਨੂੰ ਸਬਜ਼ੀਆਂ ਦੀ ਕਾਸ਼ਤ ਸਬੰਧੀ ਸਿਖਲਾਈ ਦੇਣ ਲਈ ਸਰਕਾਰ ਵਲੋਂ ਕਰਤਾਰਪੁਰ ਵਿਖੇ ਸੈਂਟਰ ਆਫ਼ ਐਕਸੀਲੈਂਸ ਵੀ ਬਣਾਇਆ ਗਿਆ ਹੈ।