Farming News: ਲੱਸਣ ਨੂੰ ਹਲਕੀ ਤੋਂ ਭਾਰੀ ਜ਼ਮੀਨ ਵਿਚ ਉਗਾਇਆ ਜਾ ਸਕਦੈ
ਲੱਸਣ ਦਵਾਈਆਂ ਵਿਚ ਵਰਤਿਆ ਜਾਣ ਵਾਲਾ ਤੱਤ ਹੈ
Garlic Farming News: ਲੱਸਣ ਦੱਖਣੀ ਯੂਰਪ ਵਿਚ ਉਗਾਈ ਜਾਣ ਵਾਲੀ ਇਕ ਪ੍ਰਸਿੱਧ ਫ਼ਸਲ ਹੈ। ਇਸ ਨੂੰ ਕਈ ਪਕਵਾਨਾਂ ਵਿਚ ਮਸਾਲੇ ਦੇ ਤੌਰ ’ਤੇ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਲੱਸਣ ਦਵਾਈਆਂ ਵਿਚ ਵਰਤਿਆ ਜਾਣ ਵਾਲਾ ਤੱਤ ਹੈ। ਇਸ ਵਿਚ ਪ੍ਰੋਟੀਨ, ਫ਼ਾਸਫ਼ੋਰਸ ਅਤੇ ਪੋਟਾਸ਼ੀਅਮ ਵਰਗੇ ਤੱਤ ਮਿਲਦੇ ਹਨ। ਇਹ ਪਾਚਣ ਕਿਰਿਆ ਵਿਚ ਮਦਦ ਕਰਦਾ ਹੈ ਅਤੇ ਮਨੁੱਖੀ ਖ਼ੂਨ ਵਿਚ ਕੈਲੇਸਟਰੋਲ ਦੀ ਮਾਤਰਾ ਨੂੰ ਘਟਾਉਂਦਾ ਹੈ। ਵੱਡੇ ਪੱਧਰ ’ਤੇ ਲੱਸਣ ਦੀ ਖੇਤੀ ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ, ਉੜੀਸਾ, ਉਤਰ ਪ੍ਰਦੇਸ਼, ਮਹਾਂਰਾਸ਼ਟਰ, ਪੰਜਾਬ ਅਤੇ ਹਰਿਆਣਾ ਵਿਚ ਕੀਤੀ ਜਾਂਦੀ ਹੈ। ਇਸ ਨੂੰ ਕਿਸੇ ਤਰ੍ਹਾਂ ਦੀ ਵੀ ਹਲਕੀ ਤੋਂ ਭਾਰੀ ਜ਼ਮੀਨ ਵਿਚ ਉਗਾਇਆ ਜਾ ਸਕਦਾ ਹੈ।
ਡੂੰਘੀ ਮੈਰਾ, ਵਧੀਆ ਜਲ ਨਿਕਾਸ ਵਾਲੀ, ਪਾਣੀ ਨੂੰ ਬੰਨ੍ਹ ਕੇ ਰੱਖਣ ਵਾਲੀ ਅਤੇ ਵਧੀਆ ਜੈਵਿਕ ਖਣਿਜਾਂ ਵਾਲੀ ਜ਼ਮੀਨ ਸੱਭ ਤੋਂ ਵਧੀਆ ਰਹਿੰਦੀ ਹੈ। ਨਰਮ ਅਤੇ ਰੇਤਲੀਆਂ ਜ਼ਮੀਨਾਂ ਇਸ ਲਈ ਵਧੀਆ ਨਹੀਂ ਹੁੰਦੀਆਂ ਕਿਉਂਕਿ ਇਸ ਵਿਚ ਬਣੀਆਂ ਗੰਢਾਂ ਛੇਤੀ ਖ਼ਰਾਬ ਹੋ ਜਾਂਦੀਆਂ ਹਨ। ਜ਼ਮੀਨ ਦਾ ਪੱਧਰ 6-7 ਹੋਣਾ ਚਾਹੀਦਾ ਹੈ। ਖੇਤ ਨੂੰ 3-4 ਵਾਰ ਵਾਹ ਕੇ ਨਰਮ ਕਰੋ ਅਤੇ ਜੈਵਿਕ ਖਣਿਜਾਂ ਨੂੰ ਵਧਾਉਣ ਲਈ ਰੂੜੀ ਦੀ ਖਾਦ ਪਾਉ।
ਖੇਤ ਨੂੰ ਪੱਧਰਾ ਕਰ ਕੇ ਕਿਆਰਿਆਂ ਅਤੇ ਖਾਲਾਂ ਵਿਚ ਵੰਡ ਦਿਉ। ਬਿਜਾਈ ਲਈ ਸਹੀ ਸਮਾਂ ਸਤੰਬਰ ਦੇ ਅਖ਼ੀਰਲੇ ਹਫ਼ਤੇ ਤੋਂ ਅਕਤੂਬਰ ਦਾ ਪਹਿਲਾ ਹਫ਼ਤਾ ਮੰਨਿਆ ਜਾਂਦਾ ਹੈ। ਪੌਦੇ ਤੋਂ ਪੌਦੇ ਦਾ ਫ਼ਾਸਲਾ 7.5 ਸੈ:ਮੀ: ਅਤੇ ਕਤਾਰਾਂ ਵਿਚ ਫ਼ਾਸਲਾ 15 ਸੈ:ਮੀ: ਰੱਖੋ। ਲੱਸਣ ਦੀਆਂ ਗੰਢੀਆਂ ਨੂੰ 3-5 ਸੈ:ਮੀ: ਡੂੰਘਾ ਅਤੇ ਉਸ ਦਾ ਉਗਣ ਵਾਲਾ ਸਿਰਾ ਉਪਰ ਨੂੰ ਰੱਖੋ। ਇਸ ਦੀ ਬਿਜਾਈ ਲਈ ਕੇਰਾ ਢੰਗ ਦੀ ਵਰਤੋਂ ਕਰੋ।
ਬਿਜਾਈ ਹੱਥਾਂ ਨਾਲ ਜਾਂ ਮਸ਼ੀਨ ਨਾਲ ਕੀਤੀ ਜਾ ਸਕਦੀ ਹੈ। ਲੱਸਣ ਦੀਆਂ ਗੰਢੀਆਂ ਨੂੰ ਮਿੱਟੀ ਨਾਲ ਢੱਕ ਕੇ ਹਲਕੀ ਸਿੰਚਾਈ ਕਰੋ। ਬਿਜਾਈ ਲਈ 225-250 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਬੀਜੋ। ਬੀਜ ਨੂੰ ਥੀਰਮ 2 ਗ੍ਰਾਮ ਪ੍ਰਤੀ ਕਿਲੋ ਅਤੇ ਬੈਨੋਮਾਈਲ 50 ਗ੍ਰਾਮ ਪ੍ਰਤੀ ਲੀਟਰ ਪਾਣੀ ਨਾਲ ਸੋਧ ਕੇ ਉਖੇੜਾ ਰੋਗ ਅਤੇ ਕਾਂਗਿਆਰੀ ਤੋਂ ਬਚਾਇਆ ਜਾ ਸਕਦਾ ਹੈ। ਰਸਾਇਣ ਵਰਤਣ ਤੋਂ ਬਾਅਦ ਬੀਜ ਨੂੰ ਟਰਾਈਕੋਡਰਮਾ ਵਿਰਾਇਡ 2 ਗ੍ਰਾਮ ਪ੍ਰਤੀ ਕਿਲੋ ਬੀਜ ਨਾਲ ਸੋਧ ਕੇ ਇਸ ਨੂੰ ਮਿੱਟੀ ਦੀਆਂ ਬੀਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ। ਬਿਜਾਈ ਤੋਂ 10 ਦਿਨ ਪਹਿਲਾਂ ਖੇਤ ਵਿਚ 2 ਟਨ ਰੂੜੀ ਦੀ ਖਾਦ ਪਾਉ।
50 ਕਿਲੋ ਨਾਈਟ੍ਰੋਜਨ (110 ਕਿਲੋ ਯੂਰੀਆ) ਅਤੇ 25 ਕਿਲੋ ਫ਼ਾਸਫ਼ੋਰਸ (115 ਕਿਲੋ ਸਿੰਗਲ ਸੁਪਰ ਫ਼ਾਸਫ਼ੇਟ) ਪ੍ਰਤੀ ਏਕੜ ਪਾਉ। ਇਹ ਫ਼ਸਲ ਬਿਜਾਈ ਤੋਂ 135-150 ਦਿਨ ਬਾਅਦ ਜਾਂ ਜਦੋਂ 50 ਫ਼ੀ ਸਦੀ ਪੱਤੇ ਪੀਲੇ ਹੋ ਜਾਣ ਅਤੇ ਸੁੱਕ ਜਾਣ ਉਦੋਂ ਵੱਢੀ ਜਾ ਸਕਦੀ ਹੈ। ਵਾਢੀ ਤੋਂ 15 ਦਿਨ ਪਹਿਲਾਂ ਸਿੰਚਾਈ ਬੰਦ ਕਰ ਦਿਉ। ਪੌਦਿਆਂ ਨੂੰ ਪੁੱਟ ਕੇ ਛੋਟੇ ਗੁੱਛਿਆਂ ਵਿਚ ਬੰਨ੍ਹੋ ਅਤੇ 2-3 ਦਿਨ ਲਈ ਖੇਤ ਵਿਚ ਸੁੱਕਣ ਲਈ ਰੱਖ ਦਿਉ। ਪੂਰੀ ਤਰ੍ਹਾਂ ਸੁਕਣ ਤੋਂ ਬਾਅਦ ਸੁੱਕੇ ਹੋਏ ਤਣੇ ਵੱਢ ਦਿਉ ਅਤੇ ਗੰਢਾਂ ਨੂੰ ਸਾਫ਼ ਕਰੋ। ਵਾਢੀ ਕਰਨ ਅਤੇ ਸਕਾਉਣ ਤੋਂ ਬਾਅਦ ਗੰਢਾਂ ਨੂੰ ਆਕਾਰ ਅਨੁਸਾਰ ਵੰਡੋ।
(For more news apart from 'Garlic Farming News in punjabi ' stay tuned to Rozana Spokesman)