ਪੀ.ਏ.ਯੂ. ਵਿੱਚ ਬੇਕਰੀ ਅਤੇ ਕੰਨਫੈਕਸ਼ਨਰੀ ਉਤਪਾਦਾਂ ਬਾਰੇ ਪੰਜ ਰੋਜ਼ਾ ਸਿਖਲਾਈ ਕੋਰਸ ਕਰਾਇਆ ਗਿਆ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਬੇਕਰੀ ਉਤਪਾਦ, ਬ੍ਰੇਕਫਾਸਟ ਆਦਿ ਬਨਾਉਣ ਦੇ ਦੱਸੇ ਤਰੀਕੇ

training course on bakery

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਦੀ ਰਹਿਨੁਮਾਈ ਹੇਠ ਨੌਕਰੀ ਕਰ ਰਹੇ ਸਿਖਿਆਰਥੀਆਂ ਲਈ ਪੰਜ ਰੋਜ਼ਾ ਸਿਖਲਾਈ ਕੋਰਸ ਕਰਵਾਇਆ ਗਿਆ ।

ਇਸ ਸਿਖਲਾਈ ਕੋਰਸ ਦਾ ਸਿਰਲੇਖ ਬੇਕਰੀ ਅਤੇ ਕੰਨਫੈਕਸ਼ਨਰੀ ਉਤਪਾਦ ਤਿਆਰ ਕਰਨਾ ਸੀ । ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗੀ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਵੱਖ-ਵੱਖ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ 27 ਵਿਗਿਆਨੀਆਂ ਅਤੇ ਡੈਮੋਨਸਟ੍ਰੇਟਰਾਂ ਨੇ ਬੇਕਰੀ ਅਤੇ ਕੰਨਫੈਕਸ਼ਨਰੀ ਦੇ ਪੌਸ਼ਟਿਕ ਉਤਪਾਦ ਬਨਾਉਣ ਦੀ ਸਿਖਲਾਈ ਲਈ ।

ਕੋਰਸ ਦੇ ਕੁਆਰਡੀਨੇਟਰ ਅਤੇ ਸੀਨੀਅਰ ਪਸਾਰ ਮਾਹਿਰ ਡਾ. ਕਿਰਨ ਗਰੋਵਰ ਨੇ ਫੰਕਸ਼ਨਲ ਭੋਜਨ ਉਤਪਾਦਾਂ ਦੇ ਸਿਹਤ ਸੰਬੰਧੀ ਲਾਭ ਗਿਣਾਉਂਦਿਆਂ ਮਹੱਤਵਪੂਰਨ ਜਾਣਕਾਰੀ ਦਿੱਤੀ । ਸਹਿਯੋਗੀ ਪ੍ਰੋਫੈਸਰ ਭੋਜਨ ਅਤੇ ਪੋਸ਼ਣ ਡਾ. ਸੋਨਿਕਾ ਸ਼ਰਮਾ ਨੇ ਪੀ.ਏ.ਯੂ. ਵੱਲੋਂ ਵਿਕਸਿਤ ਕੱਦੂ ਅਤੇ ਸੂਰਜਮੁਖੀ ਦੀਆਂ ਕਿਸਮਾਂ ਦੇ ਬੀਜਾਂ ਤੋਂ ਕੇਕ, ਕੁਕੀਜ਼, ਬਹੁ ਅਨਾਜੀ ਆਟਾ, ਚਾਕਲੇਟ, ਵੇਸਣ ਦੇ ਲੱਡੂ ਅਤੇ ਪੰਜੀਰੀ ਬਨਾਉਣ ਦੇ ਤਰੀਕੇ ਦੱਸੇ ।

ਉਹਨਾਂ ਨੇ ਦੱਸਿਆ ਕਿ ਇਹਨਾਂ ਪਦਾਰਥਾਂ ਦੀ ਮਦਦ ਨਾਲ ਬਣਾਏ ਜਾਣ ਵਾਲੇ ਭੋਜਨ ਉਤਪਾਦ ਪ੍ਰੋਟੀਨ ਨਾਲ ਭਰਪੂਰ ਹਨ । ਇਸ ਤੋਂ ਇਲਾਵਾ ਫਾਈਵਰ, ਫੈਟ, ਆਇਰਨ ਅਤੇ ਜ਼ਿੰਕ ਆਦਿ ਤੱਤਾਂ ਦੀ ਹੋਂਦ ਵਾਲੇ ਹਨ । ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਡਾ. ਜਸਪ੍ਰੀਤ ਕੌਰ ਅਤੇ ਡਾ. ਅਰਸ਼ਦੀਪ ਸਿੰਘ ਨੇ ਵੱਖ-ਵੱਖ ਅਨਾਜਾਂ ਤੋਂ ਕੰਪੋਜ਼ਿਟ ਆਟਾ, ਬੇਕਰੀ ਉਤਪਾਦ, ਬ੍ਰੇਕਫਾਸਟ ਆਦਿ ਬਨਾਉਣ ਦੇ ਤਰੀਕੇ ਦੱਸੇ ।

ਉਹਨਾਂ ਨੇ ਸਿਖਿਆਰਥੀਆਂ ਨੂੰ ਮਲਟੀਗਰੇਨ ਆਟਾ ਅਤੇ ਖਾਣ ਲਈ ਤਿਆਰ ਪਦਾਰਥਾਂ ਦੀ ਤਿਆਰੀ ਬਾਰੇ ਜਾਣਕਾਰੀ ਦਿੱਤੀ । ਸ੍ਰੀਮਤੀ ਕੰਵਲਜੀਤ ਕੌਰ ਨੇ ਸਿਖਿਆਰਥੀਆਂ ਨਾਲ ਆਉਣ ਵਾਲੇ ਦਿਨਾਂ ਵਿੱਚ ਲਗਾਉਣ ਵਾਲੇ ਸਿਖਲਾਈ ਪ੍ਰੋਗਰਾਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ।