ਵੱਡੇ ਜਰਨੈਲਾਂ ਦੀ ਗ਼ੈਰ-ਹਾਜ਼ਰੀ ਤੇ ਕਣਕ ਦੀ ਵਾਢੀ ਦੇ ਚਲਦੇ ਵਿਸਾਖੀ ਦਾ ਰੰਗ ਰਿਹਾ ਫਿੱਕਾ 

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਪਿਛਲੇ ਕੁੱਝ ਦਿਨਾਂ ਤੋਂ ਮੌਸਮ ਖ਼ਰਾਬ ਹੋਣ ਕਾਰਨ ਕਿਸਾਨਾਂ ਨੇ ਕਣਕਾਂ ਸਾਂਭਣ ਨੂੰ ਤਰਜੀਹ ਦਿੱਤੀ

Wheat

ਖ਼ਾਲਸਾ ਸਾਜਨਾ ਦਿਵਸ ਮੌਕੇ ਅੱਜ ਇੱਥੇ ਵਿਸਾਖੀ ਦਾ ਰੰਗ ਫਿੱਕਾ ਰਿਹਾ। ਪਿਛਲੇ ਕੁੱਝ ਦਿਨਾਂ ਤੋਂ ਮੌਸਮ ਖ਼ਰਾਬ ਹੋਣ ਕਾਰਨ ਕਿਸਾਨਾਂ ਨੇ ਕਣਕਾਂ ਸਾਂਭਣ ਨੂੰ ਤਰਜੀਹ ਦਿੱਤੀ। ਜਦੋਂ ਕਿ ਸੂਬੇ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਦੀਆਂ ਸਿਆਸੀ ਕਾਨਫਰੰਸਾਂ 'ਚ ਵੱਡੇ ਲੀਡਰਾਂ ਦੀ ਗੈਰ-ਹਾਜ਼ਰੀ ਨੇ ਵੀ ਵਰਕਰਾਂ ਦਾ ਉਤਸ਼ਾਹ ਨੂੰ ਮੱਠਾ ਕੀਤਾ। ਸੂਬੇ ਦੀ ਮੁੱਖ ਵਿਰੋਧੀ ਧਿਰ ਆਪ ਨੇ ਵਿਸਾਖੀ ਮੌਕੇ ਸਿਆਸੀ ਕਾਨਫਰੰਸ ਨਹੀਂ ਕੀਤੀ। ਇਸੇ ਤਰ੍ਹਾਂ ਕਾਂਗਰਸ ਨੇ ਵੀ ਅਣਮੰਨੇ ਮਨ ਨਾਲ ਆਖ਼ਰੀ ਦਿਨਾਂ 'ਚ ਕਾਨਫਰੰਸ ਕਰਨ ਦਾ ਮਨ ਬਣਾਇਆ। ਸੂਤਰਾਂ ਅਨੁਸਾਰ ਪਾਰਟੀ ਤੇ ਸਰਕਾਰ ਧਾਰਮਿਕ ਮੇਲਿਆਂ 'ਤੇ ਸਿਆਸੀ ਸਟੇਜ਼ਾਂ ਨਾ ਲਗਾਉਣ ਦੇ ਫੈਸਲੇ ਕਾਰਨ ਇਥੇ ਸਿਆਸੀ ਕਾਨਫਰੰਸ ਕਰਨ ਤੋਂ ਬਚ ਰਹੀ ਸੀ ਪ੍ਰੰਤੂ ਹਲਕੇ ਦੇ ਆਗੂਆਂ ਦੁਆਰਾ ਕਾਨਫਰੰਸ ਦੇ ਹੱਕ ਵਿਚ ਡਟ ਜਾਣ ਕਾਰਨ ਮੌਕੇ 'ਤੇ ਫੈਸਲਾ ਲੈਣਾ ਪਿਆ। ਜਿਸਦੇ ਕਾਰਨ ਹੀ ਪਿਛਲੀ ਵਾਰ ਦੀ ਤਰ੍ਹਾਂ ਇਸ ਦਫ਼ਾ ਵੀ ਇਹ ਕਾਨਫਰੰਸ ਮਨਪ੍ਰੀਤ ਸਿੰਘ ਬਾਦਲ 'ਤੇ ਹੀ ਕੇਂਦਰ ਰਹੀ। ਉਂਜ ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਦੇ ਕਾਂਗਰਸੀ ਆਗੂਆਂ ਤੋਂ ਇਲਾਵਾ ਫ਼ਰੀਦਕੋਟ ਤੋਂ ਵਿਧਾਇਕ ਕੁਸਲਦੀਪ ਸਿੰਘ ਢਿੱਲੋਂ ਵੀ ਪੁੱਜੇ ਹੋਏ ਸਨ। ਕਾਂਗਰਸ ਦੇ ਵਰਕਰਾਂ ਮੁਤਾਬਕ ਜਿਆਦਾਤਰ ਇਕੱਠ ਤਲਵੰਡੀ ਸਾਬੋ ਹਲਕੇ ਦਾ ਹੀ ਸੀ।ਕਾਨਫਰੰਸ ਵਿਚ ਕੈਪਟਨ ਅਮਰਿੰਦਰ ਸਿੰਘ ਜਾਂ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਸਹਿਤ ਕਿਸੇ ਵੱਡੇ ਲੀਡਰ ਦੇ ਨਾ ਆਉਣ ਕਾਰਨ ਪਾਰਟੀ ਵਰਕਰਾਂ ਨੂੰ ਮਾਯੂਸੀ ਦੇਖਣ ਨੂੰ ਮਿਲੀ। ਇਸੇ ਤਰ੍ਹਾਂ ਅਕਾਲੀ ਦਲ ਦੀ ਕਾਨਫਰੰਸ ਵਿਚ ਬੇਸ਼ੱਕ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਹਿਤ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਬਿਕਰਮ ਸਿੰਘ ਮਜੀਠਿਆ ਤੋਂ ਇਲਾਵਾ ਹੋਰ ਵੀ ਵੱਡੇ ਆਗੂ ਪੁੱਜੇ ਹੋਏ ਸਨ ਪ੍ਰੰਤੂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾ ਆਉਣ ਕਾਰਨ ਵੀ ਅਸਰ ਦੇਖਣ ਨੂੰ ਮਿਲਿਆ।

ਖ਼ੁਫੀਆ ਸੂਤਰਾਂ ਮੁਤਾਬਕ ਦੋਨਾਂ ਹੀ ਧਿਰਾਂ ਵਲੋਂ ਇਕੱਠ ਕਰਨ ਵਿਚ ਵੱਡਾ ਉਤਸਾਹ ਨਹੀਂ ਦਿਖਾਇਆ। ਇਸਤੋਂ ਇਲਾਵਾ ਕਿਸਾਨਾਂ ਦੇ ਵੀ ਕਣਕ ਦੀ ਵਾਢੀ 'ਚ ਰੁੱਝੇ ਹੋਣ ਕਾਰਨ ਇਸਦਾ ਅਸਰ ਦੇਖਣ ਨੂੰ ਮਿਲਿਆ। ਮੌਸਮ ਖ਼ਰਾਬੀ ਕਾਰਨ ਕਿਸਾਨ ਜਲਦੀ ਤੋਂ ਜਲਦੀ ਪੱਕੀ ਹੋਣੀ ਫ਼ਸਲ ਨੂੰ ਸੰਭਾਲਣ ਦੇ ਆਹਰ ਵਿਚ ਲੱਗੇ ਰਹੇ। ਮੌਸਮ ਵਿਭਾਗ ਮੁਤਾਬਕ ਆਉਣ ਵਾਲੀ 16-17 ਤਰੀਕ ਨੂੰ ਮੌਸਮ ਜਿਆਦਾ ਖ਼ਰਾਬ ਹੋਣ ਦੀ ਸੰਭਾਵਨਾ ਦੇ ਚੱਲਦੇ ਵਾਢੀ ਦਾ ਜੋਰ ਪੈਣਾ ਲੱਗਾ ਹੈ। ਕਿਸਾਨਾਂ ਮੁਤਾਬਕ ਸਿਆਸੀ ਲੀਡਰਾਂ ਦੀ ਤਕਰੀਰਾਂ ਦੀ ਬਜਾਏ ਉਨ੍ਹਾਂ ਦੇ ਬੱਚਿਆਂ ਦਾ ਪੇਟ ਇਸ ਫ਼ਸਲ ਨੇ ਹੀ ਭਰਨਾ ਹੈ। ਕਿਸਾਨ ਆਗੂ ਜਸਵੀਰ ਸਿੰਘ ਸੇਮਾ ਨੇ ਕਿਹਾ ਕਿ ''ਹੇਠਲਾਂ ਤਬਕਾ ਲੀਡਰਾਂ ਦੀਆਂ ਸਿਆਸੀ ਗੱਲਾਂ ਸੁਣ-ਸੁਣ ਕੇ ਅੱਕ ਗਿਆ ਹੈ, ਜਿਸ ਕਾਰਨ ਸਬੰਧਤ ਪਾਰਟੀਆਂ ਦੇ ਪੱਕੇ ਵਰਕਰ ਹੀ ਰੈਲੀਆਂ ਵਿਚ ਜਾਂਦੇ ਹਨ।'' ਉਧਰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨੇ ਮੰਨਿਆਂ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਵਿਸਾਖੀ ਵਾਲੇ ਦਿਨ ਸਰਧਾਲੂਆਂ ਦੀ ਗਿਣਤੀ ਘੱਟ ਰਹੀ। ਇੱਕ ਪ੍ਰਬੰਧਕ ਨੇ ਇਹ ਵੀ ਕਿਹਾ ਕਿ ਸ਼ਰਧਾਲੂ ਦਿਨੇ ਅਪਣਾ ਕੰਮ ਛੱਡ ਕੇ ਆਉਣ ਦੀ ਬਜਾਏ ਦੇਰ ਰਾਤ ਜਾਂ ਸਵੇਰੇ ਹੀ ਮੱਥਾ ਟੇਕਣ ਵਿਚ ਲੱਗੇ ਰਹੇ।