Farmer News: ਪਰਾਲੀ ਨੂੰ 10 ਸਾਲ ਤੋਂ ਖੇਤ ਵਿਚ ਵਾਹ ਕੇ ਕਣਕ ਦੀ ਬਿਜਾਈ ਕਰ ਰਿਹੈ ਸੁਖਦੀਪ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

Farmer News: ਉਹ ਖੇਤੀਬਾੜੀ ਦੇ ਆਧੁਨਿਕ ਸੰਦਾ ਦੀ ਵਰਤੋਂ ਕਰ ਕੇ ਪਰਾਲੀ ਦੀ ਸਾਂਭ ਸੰਭਾਲ ਕਰਦਾ ਰਿਹਾ ਹੈ

Sukhdeep Singh is sowing wheat by plowing straw in the field for 10 years

 

Farmer News: ਫਾਜ਼ਿਲਕਾ ਦੇ ਪਿੰਡ ਮਿਆਣੀ ਬਸਤੀ ਦੇ ਅਗਾਂਹ ਵਧੂ ਅਤੇ ਵਾਤਾਵਰਨ ਦੇ ਰਖਵਾਲੇ ਕਿਸਾਨ ਸੁਖਦੀਪ ਸਿੰਘ ਪੁੱਤਰ ਸ਼ਾਮ ਸਿੰਘ ਨੇ ਫਾਜ਼ਿਲਕਾ ਹੀ ਨਹੀਂ ਸਮੁੱਚੇ ਪੰਜਾਬ ਦੇ ਕਿਸਾਨਾਂ ਲਈ ਇਕ ਅਦੁੱਤੀ ਮਿਸਾਲ ਕਾਇਮ ਕੀਤੀ ਹੋਈ ਹੈ ਅਤੇ ਇਸੇ ਕਰ ਕੇ ਵਾਤਾਵਰਣ ਦਾ ਰਖਵਾਲਾ ਵੀ ਬਣਿਆ ਹੋਇਆ ਹੈ। ਕਿਸਾਨ ਸੁਖਦੀਪ ਸਿੰਘ 8 ਏਕੜ ਜ਼ਮੀਨ ਵਿਚ ਖੇਤੀ ਕਰਦਾ ਹੈ ਅਤੇ ਪਿੱਛਲੇ 10 ਸਾਲਾਂ ਤੋਂ ਅਪਣੀ ਫ਼ਸਲ ਦੀ ਰਹਿੰਦ- ਖੂਹਿੰਦ ਨੂੰ ਕਦੇ ਵੀ ਅੱਗ ਨਹੀਂ ਲਗਾਉਂਦਾ।

ਸੁਖਦੀਪ ਸਿੰਘ ਨੇ ਦਸਿਆ ਕਿ ਪਿਛਲੇ 10  ਸਾਲਾਂ ਤੋਂ ਉਸ ਨੇ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ ਅਤੇ ਉਹ ਝੋਨੇ ਦੀ ਪਰਾਲੀ ਨੂੰ ਹੈਪੀ ਸੀਡਰ ਅਤੇ ਐਮ. ਬੀ ਪਲੋਅ ਨਾਲ ਖੇਤ ਵਿਚ ਹੀ ਵਾਹ ਕੇ ਕਣਕ ਦੀ ਬਿਜਾਈ ਕਰ ਰਿਹਾ ਹੈ।  

ਉਹ ਖੇਤੀਬਾੜੀ ਦੇ ਆਧੁਨਿਕ ਸੰਦਾ ਦੀ ਵਰਤੋਂ ਕਰ ਕੇ ਪਰਾਲੀ ਦੀ ਸਾਂਭ ਸੰਭਾਲ ਕਰਦਾ ਰਿਹਾ ਹੈ। ਕਿਸਾਨ ਨੇ ਕਿਹਾ ਕਿ ਉਸ ਦੀ ਕਣਕ ਦੀ ਫ਼ਸਲ ਵਿਚ ਕਦੇ ਕੋਈ ਸਮੱਸਿਆ ਨਹੀਂ ਆਈ। ਉਸ ਨੇ ਦਸਿਆ ਕਿ ਉਹ ਜਿੱਥੇ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਵਿਚ ਅਪਣਾ ਯੋਗਦਾਨ ਪਾ ਰਿਹਾ ਹੈ ਉੱਥੇ ਹੀ ਉਸ ਦੀ ਕਣਕ ਦਾ ਝਾੜ ਵੀ ਬਹੁਤ ਵਧੀਆ ਨਿਕਲਦਾ ਹੈ।  

ਉਸ ਨੇ ਕਿਹਾ ਕਿ ਉਹ ਅਪਣੇ ਬਾਕੀ ਕਿਸਾਨ ਭਰਾਵਾਂ ਨੂੰ ਵੀ ਜਾਗਰੂਕ ਕਰ ਰਿਹਾ ਹੈ ਕਿ ਉਹ ਅਪਣੇ ਝੋਨੇ ਦੀ ਫ਼ਸਲ ਦੀ ਰਹਿੰਦ-ਖੂਹਿੰਦ ਨੂੰ ਅੱਗ ਨਾ ਲਗਾਉਣ ਅਤੇ ਇਸ ਨੂੰ ਜ਼ਮੀਨ ਵਿਚ ਹੀ ਰਲਾਉਣ ਤਾਂ ਜੋ ਧਰਤੀ ਦੀ ਉਪਜਾਊ ਸ਼ਕਤੀ ਵੀ ਬਰਕਰਾਰ ਬਣੀ ਰਹੇ ਅਤੇ ਉਹ ਅਪਣੀ ਧਰਤੀ ਦੇ ਰਖਵਾਲੇ ਸਾਬਤ ਹੋਣ।

ਸੁਖਦੀਪ ਸਿੰਘ ਨੇ ਹੋਰਨਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਪਰਾਲੀ ਨੂੰ ਜ਼ਮੀਨ ਵਿਚ ਦਬਾਉਣਾ ਜ਼ਰੂਰੀ ਹੈ ਤਾਂ ਹੀ ਅਸੀਂ ਅਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪੌਣ-ਪਾਣੀ ਅਤੇ ਧਰਤੀ ਨੂੰ ਸੁਰਖਿਅਤ ਰੱਖ ਸਕਦੇ।