ਚਾਰੇ ਦੀ ਮੁੱਖ ਫ਼ਸਲ ਜੁਆਰ (ਚਰ੍ਹੀ) ਦੀ ਬਿਜਾਈ ਦਾ ਸਹੀ ਸਮਾਂ, ਵਧੇਰੇ ਉਪਜਾਊ ਲਈ ਵਰਤੋਂ ਇਹ ਤਰੀਕਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਇਹ ਸਾਉਣੀ ਦੇ ਚਾਰੇ ਦੀ ਮੁੱਖ ਫ਼ਸਲ ਹੈ ਅਤੇ ਪੰਜਾਬ ਵਿੱਚ ਤਕਰੀਬਨ 2.64 ਲੱਖ ਹੈਕਟੇਅਰ ਰਕਬਾ ਇਸ ਫ਼ਸਲ ਹੇਠ ਹੈ। ਇਹ ਫ਼ਸਲ ਮੱਕੀ ਅਤੇ ਬਾਜਰੇ ਨਾਲੋਂ...

Fodder

ਚੰਡੀਗੜ੍ਹ : ਇਹ ਸਾਉਣੀ ਦੇ ਚਾਰੇ ਦੀ ਮੁੱਖ ਫ਼ਸਲ ਹੈ ਅਤੇ ਪੰਜਾਬ ਵਿੱਚ ਤਕਰੀਬਨ 2.64 ਲੱਖ ਹੈਕਟੇਅਰ ਰਕਬਾ ਇਸ ਫ਼ਸਲ ਹੇਠ ਹੈ। ਇਹ ਫ਼ਸਲ ਮੱਕੀ ਅਤੇ ਬਾਜਰੇ ਨਾਲੋਂ ਬਹੁਤ ਦੇਰ ਤੱਕ ਹਰੀ ਰਹਿੰਦੀ ਹੈ ਅਤੇ ਪਸ਼ੂ ਵੀ ਵਧੇਰੇ ਖੁਸ਼ ਹੋ ਕੇ ਖਾਂਦੇ ਹਨ। ਜਲਵਾਯੂ ਅਤੇ ਜ਼ਮੀਨ ਜੁਆਰ ਨੂੰ ਗਰਮ ਅਤੇ ਖੁਸ਼ਕ ਜਲਵਾਯੂ ਦੀ ਲੋੜ ਹੈ। ਸਿਲ੍ਹੇ ਮੌਸਮ ਵਿਚ ਇਸ ਨੂੰ ਪੱਤਿਆਂ ਦੇ ਲਾਲ ਧੱਬਿਆਂ ਦਾ ਰੋਗ ਲੱਗ ਜਾਂਦਾ ਹੈ। ਇਹ ਹਰ ਤਰ੍ਹਾਂ ਦੀ ਜ਼ਮੀਨ ਵਿਚ ਹੋ ਸਕਦੀ ਹੈ ਪਰ ਭਾਰੀਆਂ ਜ਼ਮੀਨਾਂ ਇਸ ਲਈ ਬਹੁਤ ਢੁਕਵੀਆਂ ਹਨ। ਚੰਗੇ ਜਲ ਨਿਕਾਸ ਦਾ ਪ੍ਰਬੰਧ ਕਰਨਾ ਵੀ ਜ਼ਰੂਰੀ ਹੈ।

ਕਾਸ਼ਤ ਦੇ ਢੰਗ:- ਜ਼ਮੀਨ ਦੀ ਤਿਆਰੀ: ਖੇਤ ਚੰਗਾ ਤਿਆਰ ਕਰੋ ਤਾਂ ਜੋ ਨਦੀਨਾਂ ਤੋਂ ਰਹਿਤ ਹੋ ਜਾਵੇ ਅਤੇ ਫ਼ਸਲ ਦਾ ਮੁਢਲਾ ਵਾਧਾ ਤੇਜ਼ ਹੋਵੇ। ਸੇਂਜੂ ਜ਼ਮੀਨਾਂ ਵਿਚ ਇਕ ਵਾਰ ਤਵੀਆਂ ਚਲਾਓ ਅਤੇ ਇਸ ਪਿਛੋਂ ਦੋ ਵਾਰ ਕਲਟੀਵੇਟਰ ਨਾਲ ਵਾਹ ਕੇ ਖੇਤ ਚੰਗਾ ਤਿਆਰ ਕਰੋ। ਬੀਜ ਦੀ ਮਾਤਰਾ, ਬੀਜ ਦੀ ਸੋਧ ਅਤੇ ਬਿਜਾਈ : ਜੁਆਰ ਲਈ ਪ੍ਰਤੀ ਏਕੜ 20-25 ਕਿਲੋ ਬੀਜ ਵਰਤੋ। ਅਗੇਤੇ ਚਾਰੇ ਲਈ ਬਿਜਾਈ ਅੱਧ ਮਾਰਚ ਤੋਂ ਸ਼ੁਰੂ ਕਰ ਦਿਓ।

ਬਿਜਾਈ ਦਾ ਠੀਕ ਸਮਾਂ ਅੱਧ ਜੂਨ ਤੋਂ ਅੱਧ ਜੁਲਾਈ ਹੈ। ਬੀਜ ਨੂੰ 2.5 ਗ੍ਰਾਮ ਐਮੀਸਾਨ 6ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਕੇ ਬੀਜੋ। ਬਿਜਾਈ ਲਈ ਖਾਦ ਬੀਜ ਡਰਿੱਲ ਦਾ ਪ੍ਰਯੋਗ ਕਰੋ ਜਾਂ ਪੋਰ ਦੀ ਵਰਤੋਂ ਕਰੋ। ਕਤਾਰਾਂ ਵਿਚਕਾਰ ਫ਼ਾਸਲਾ 22 ਸੈਂਟੀਮੀਟਰ ਰੱਖੋ। ਚਰ੍ਹੀ ਨੂੰ ਬਿਨਾਂ ਵਹਾਏ ਜੀਰੋ ਟਿੱਲ ਡਰਿੱਲ ਨਾਲ ਵਾਹ ਕੇ ਅਤੇ ਬਿਨਾਂ ਵਹਾਏ ਬੀਜੀ ਕਣਕ ਤੋਂ ਬਾਅਦ ਬੀਜ ਸਕਦੇ ਹਾਂ।

ਨਦੀਨਾਂ ਦੀ ਰੋਕਥਾਮ:- ਐਟਰਾਟਾਫ਼ 50 ਡਬਲਯੂ ਪੀ (ਐਟਰਾਜ਼ੀਨ) 400 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਬਿਜਾਈ ਤੋਂ ਦੋ ਦਿਨਾਂ ਅੰਦਰ 200 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਛਿੜਕੋ। ਇਸ ਨਾਲ ਮੌਸਮੀ ਨਦੀਨਾਂ ਖਾਸ ਕਰਕੇ ਇਟਸਿਟ/ਚੁੱਪਤੀ ਦੀ ਚੰਗੀ ਤਰ੍ਹਾਂ ਰੋਕਥਾਮ ਹੋ ਜਾਂਦੀ ਹੈ। ਜੇਕਰ ਗੁਆਰਾ ਅਤੇ ਚਰ੍ਹੀ ਰਲਾ ਕੇ ਬੀਜੇ ਗਏ ਹੋਣ ਤਾਂ ਸਟੌਂਪ 30 ਤਾਕਤ (ਪੈਂਡੀਮੈਥਾਲੀਨ) ਇਕ ਲਿਟਰ ਪ੍ਰਤੀ ਏਕੜ ਦੇ ਹਿਸਾਬ, ਬਿਜਾਈ ਤੋਂ ਦੋ ਦਿਨਾਂ ਦੇ ਅੰਦਰ ਛਿੜਕੋ। ਇਸ ਨਦੀਨ ਨਾਸ਼ਕ ਦਵਾਈ ਨਾਲ ਇਟਸਿਟ/ਚੁੱਪਤੀ ਦੀ ਰੋਕਥਾਮ ਵੀ ਹੋ ਜਾਂਦੀ ਹੈ।

ਖਾਦਾਂ: - ਘੱਟ ਬਾਰਸ਼ ਵਾਲੇ ਜਾਂ ਬਰਾਨੀ ਇਲਾਕੇ ਵਿਚ 20 ਕਿਲੋ ਨਾਈਟ੍ਰੋਜਨ ਤੱਤ (44 ਕਿਲੋ ਯੂਰੀਆ) ਪ੍ਰਤੀ ਏਕੜ, ਬਿਜਾਈ ਸਮੇਂ ਪੋਰੋ । ਮੀਂਹ ਵਾਲੇ ਜਾਂ ਸੇਂਜੂ ਇਲਾਕਿਆਂ ਵਿਚ 20 ਕਿਲੋ ਨਾਈਟ੍ਰੋਜਨ ਤੱਤ (44 ਕਿਲੋ ਯੂਰੀਆ) ਤੇ 8 ਕਿਲੋ ਫ਼ਾਸਫ਼ੋਰਸ ਤੱਤ (50 ਕਿਲੋ ਸਿੰਗਲ ਸੁਪਰਫਾਸਫੇਟ) ਪਾਓ। ਇਸ ਤੋਂ ਇਕ ਮਹੀਨਾ ਪਿਛੋਂ ਹੋਰ 20 ਕਿਲੋ ਨਾਈਟ੍ਰੋਜਨ (44 ਕਿਲੋ ਯੂਰੀਆ) ਪ੍ਰਤੀ ਏਕੜ ਦੇ ਹਿਸਾਬ ਛੱਟੇ ਨਾਲ ਪਾਓ। ਪੋਟਾਸ਼ ਤੱਤ ਦੀ ਵਰਤੋਂ ਭੂਮੀ ਪਰਖ ਦੇ ਆਧਾਰ ਤੇ ਕਰੋ।

ਸਿੰਚਾਈ ਤੇ ਜਲ ਨਿਕਾਸ:- ਅਗੇਤੇ ਮੌਸਮ ਦੇ ਚਾਰੇ (ਮਾਰਚ-ਜੂਨ) ਨੂੰ ਲਗਭਗ 5 ਪਾਣੀ ਦਿਉ। ਬਰਸਾਤ ਦੇ ਮੌਸਮ ਵਾਲੀ ਫ਼ਸਲ ਨੂੰ ਬਾਰਸ਼ ਮੁਤਾਬਕ 1-2 ਪਾਣੀ ਹੀ ਕਾਫੀ ਹਨ। ਖੇਤ ਵਿਚ ਜਲ ਨਿਕਾਸ ਦਾ ਪ੍ਰਬੰਧ ਵੀ ਹੋਣਾ ਚਾਹੀਦਾ ਹੈ। ਕਟਾਈ ਦਾ ਸਮਾਂ: ਗੋਭੇ ਤੋਂ ਦੋਧੇ ਦੀ ਅਵਸਥਾ (60 - 80 ਦਿਨ) ਤੇ ਫ਼ਸਲ ਦੀ ਕਟਾਈ ਕਰਨ ਤੇ ਇਸ ਚਾਰੇ ਤੋਂ ਵੱਧ ਤੋਂ ਵੱਧ ਖੁਰਾਕੀ ਤੱਤ ਪ੍ਰਾਪਤ ਹੁੰਦੇ ਹਨ। ਸੋਕੇ ਦੀਆਂ ਹਾਲਤਾਂ ਵਿਚ ਚਾਰੇ ਨੂੰ ਕੱਟਣ ਤੋਂ ਘੱਟੋ ਘੱਟ ਇਕ ਹਫਤਾ ਪਹਿਲਾਂ ਪਾਣੀ ਲਾ ਦੇਣਾ ਚਾਹੀਦਾ ਹੈ। ਸਾਵਧਾਨੀਆਂ: 1. ਮੈਲਾਥੀਆਨ ਦਾ ਧੂੜਾ, ਟ੍ਰਾਈਕਲੋਰਫੋਨ, ਸੈਵੀਥੀਆਨ ਜਾਂ ਮੋਨੋਕਰੋਟੋਫ਼ੋਸ ਦਵਾਈਆਂ ਬਿਲਕੁਲ ਨਾ ਵਰਤੋ ਕਿਉਂਕਿ ਇਨ੍ਹਾਂ ਨਾਲ ਫ਼ਸਲ ਸੜ ਜਾਂਦੀ ਹੈ।

2. ਛਿੜਕਾਅ ਕਰਨ ਦੇ ਦੋ ਹਫਤੇ ਤੱਕ ਚਾਰਾ ਡੰਗਰਾਂ ਨੂੰ ਬਿਲਕੁਲ ਨਾ ਚਾਰੋ। 3. ਚਾਰਿਆਂ ਦੀਆਂ ਫ਼ਸਲਾਂ ਨੂੰ ਹਮੇਸ਼ਾਂ ਦੂਸਰੀਆਂ ਫ਼ਸਲਾਂ, ਜਿਨ੍ਹਾਂ ਉਪਰ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਹੁੰਦੀ ਹੈ, ਤੋਂ ਦੂਰ ਬੀਜੋ ਤਾਂ ਕਿ ਸਪਰੇ ਕਰਨ ਸਮੇਂ ਦਵਾਈ ਹਵਾ ਨਾਲ ਉੱਡ ਕੇ ਇਨ੍ਹਾਂ ਉਪਰ ਨਾ ਪਵੇ। 4. ਜਿਨ੍ਹਾਂ ਖੇਤਾਂ ਵਿੱਚ ਗੁੱਲੀ ਡੰਡੇ ਨੂੰ ਮਾਰਨ ਲਈ ਲੀਡਰ/ਐਸ ਐਫ- 10 /ਸਫਲ/ਮਾਰਕਸਲਫੋ/ਟੋਟਲ/ ਮਾਰਕਪਾਵਰ/ਐਟਲਾਂਟਿਸ ਨਦੀਨ ਨਾਸ਼ਕ ਦਵਾਈ ਵਰਤੀ ਗਈ ਹੋਵੇ ਉਨ੍ਹਾਂ ਖੇਤਾਂ ਵਿੱਚ ਸਾਉਣੀ ਸਮੇਂ ਚਰ੍ਹੀ ਜਾਂ ਮੱਕੀ ਨਾ ਬੀਜੋ ।