ਝੋਨੇ ਦੀ ਸਿੱਧੀ ਬਿਜਾਈ ਸਬੰਧੀ ਸਰਕਾਰ ਦੀਆਂ ਹਦਾਇਤਾਂ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

25 ਲੱਖ ਏਕੜ ਦੀ ਸਿੰਜਾਈ ਲਈ 14.5 ਲੱਖ ਟਿਊਬਵੈਲਾਂ ਨੂੰ ਰੋਜ਼ਾਨਾ 8 ਘੰਟੇ ਬਿਜਲੀ

Paddy

ਚੰਡੀਗੜ੍ਹ (ਜੀ.ਸੀ. ਭਾਰਦਵਾਜ) : ਇਸ ਸੀਜ਼ਨ ’ਚ 32 ਲੱਖ ਏਕੜ ਸਿੰਜਾਈ ਜ਼ਮੀਨ ਤੋਂ ਉਪਜੀ ਕਣਕ ਦੀ 133 ਲੱਖ ਟਨ ਦੀ ਖਰੀਦ ਉਪਰੰਤ ਹੁਣ ਪੰਜਾਬ ਸਰਕਾਰ ਨੇ ਪਿਛਲੇ ਸਾਲ ਦੀ ਤਰ੍ਹਾਂ 25 ਲੱਖ ਏਕੜ ਜ਼ਮੀਨ ’ਤੇ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ 14,50,000 ਟਿਊਬਵੈੱਲਾਂ ਨੂੰ 8 ਘੰਟੇ ਬਿਜਲੀ ਸਪਲਾਈ 10 ਜੂਨ ਤੋਂ ਕਰਨ ਦੀ ਹਦਾਇਤ ਕੀਤੀ ਹੈ।

ਮੁੱਖ ਮੰਤਰੀ ਦੀ ਪ੍ਰਵਾਨਗੀ ਮਗਰੋਂ ਵਿਕਾਸ ਮਹਿਕਮੇ ਦੇ ਸੀਨੀਅਰ ਅਧਿਕਾਰੀ ਐਡੀਸ਼ਨਲ ਚੀਫ਼ ਸਕੱਤਰ ਅਨੁਰਿਧ ਤਿਵਾੜੀ ਨੇ ਪਟਿਆਲਾ ਸਥਿਤ ਪਾਵਰ ਕਾਰਪੋਰੇਸ਼ਨ ਦੇ ਐਮ.ਡੀ. ਵੀਨੂੰ ਪ੍ਰਸਾਦ ਨੂੰ ਬੀਤੇ ਕਲ ਜਾਰੀ ਇਕ ਸਫ਼ੇ ਦੀ ਚਿੱਠੀ ’ਚ ਲਿਖਿਆ ਹੈ ਕਿ ਝੋਨੇ ਦੀ ਬਿਜਾਈ ਤੋਂ ਪਹਿਲਾਂ 9 ਦਿਨਾਂ ਵਾਸਤੇ 25 ਮਈ ਤੋਂ 2 ਜੂਨ ਤਕ ਜ਼ਮੀਨ ਨੂੰ ਤਿਆਰ ਕਰਨ ਯਾਨੀ ‘ਕੱਦੂ ਕਰਨ’ ਲਈ ਰੋਜ਼ਾਨਾ 8 ਘੰਟੇ ਬਿਜਲੀ ਦਿਤੀ ਜਾਵੇ।

ਇਸ ਤੋਂ ਬਾਅਦ 3 ਜੂਨ ਤੋਂ 9 ਜੂਨ ਤਕ ਯਾਨੀ 7 ਦਿਨ ਇਹ ਸਪਲਾਈ ਕੇਵਲ 4 ਘੰਟੇ ਰੋਜ਼ਾਨਾ ਅਤੇ ਮਗਰੋਂ ਬਿਜਲੀ ਲਗਾਤਾਰ 8 ਘੰਟੇ ਨਿਰਵਿਘਨ 10 ਜੂਨ ਤੋਂ ਜਾਰੀ ਰੱਖੀ ਜਾਵੇ। ਚਿੱਠੀ ’ਚ ਲਿਖਿਆ ਹੈ ਕਿ ਖੇਤੀਬਾੜੀ ਯੂਨੀਵਰਸਟੀ ਲੁਧਿਆਣਾ ਦੀ ਸਿਫ਼ਾਰਸ਼ ’ਤੇ ਪੁਖਤਾ ਸਲਾਹ-ਮਸ਼ਵਰੇ ਨਾਲ ਪਨੀਰੀ ਦੀ ਥਾਂ ਚਾਵਲ-ਝੋਨੇ ਦੇ ਬੀਜ ਦੀ ਨਵੇਂ ਯੰਤਰਾਂ ਨਾਲ ਤਰ-ਬਤੱਰ ਜ਼ਮੀਨ ’ਚ ਸਿੱਧੀ ਬਿਜਾਈ ਨਾਲ 10-15 ਫ਼ੀਸਦੀ ਜ਼ਮਨ ਹੇਠਲੇ ਪਾਣੀ ਦੀ ਵਰਤੋਂ ਦੀ ਬੱਚਤ ਹੁੰਦੀ ਹੈ ਅਤੇ ਫ਼ਸਲ ਤਿਆਰ ਹੋਣ ਨੂੰ ਸਮਾਂ ਵੀ ਘੱਟ ਲਗਦਾ ਹੈ।

ਚਿੱਠੀ ’ਚ ਇਹ ਵੀ ਕਿਹਾ ਗਿਆ ਹੈ, ਪਿਛਲੇ ਸਾਲ ਦੀ ਤਰ੍ਹਾਂ ਐਤਕੀਂ ਵੀ ਕੋਰੋਨਾ ਮਹਾਂਮਾਰੀ, ਲੇਬਰ ਦੀ ਕਮੀ ਅਤੇ ਹੋਰ ਦਿੱਕਤਾਂ ਹੋਣ ਨਾਲ 1 ਜੂਨ ਤੋਂ ਸਿੱਧੀ ਬਿਜਾਈ ਵਲ ਧਿਆਨ ਦੇਣਾ ਜ਼ਰੂਰੀ ਹੈ, ਜਿਸ ਨਾਲ ਲੇਬਰ ਦੀ ਕਮੀ ਅਤੇ ਹੋਰ ਮੁਸ਼ਕਲਾਂ ’ਤੇ ਕਾਬੂ ਪਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਪੰਜਾਬ ਦੀ ਕੁਲ 105 ਲੱਖ ਏਕੜ ਜ਼ਮੀਨ ’ਚੋਂ 30-35 ਲੱਖ ਏਕੜ ਜ਼ਮੀਨ ’ਤੇ ਕਣਕ ਦੀ ਫ਼ਸਲ, 25-30 ਲੱਖ ’ਤੇ ਝੋਨੇ ਦੀ ਫ਼ਸਲ ਬੀਜੀ ਜਾਂਦੀ ਹੈ

ਜੋ 14,50,000 ਟਿਊਬਵੈੱਲਲਾਂ ਨਾਲ ਸਿੰਜਾਈ ਕਰਨ ਕਰ ਕੇ ਜ਼ਮੀਨ ਹੇਠਲਾ ਪਾਣੀ ਹਰ ਸਾਲ ਤਿੰਨ ਫੁੱਟ ਤੋਂ ਵਧ ਹੇਠਾਂ ਹੀ ਹੇਠਾਂ ਜਾਈ ਜਾ ਰਿਹਾ ਹੈ। ਨਤੀਜਾ ਕੁਲ 150 ਬਲਾਕਾਂ ’ਚੋਂ 110 ਬਲਾਕ ਰੈੱਡ ਜ਼ੋਨ ’ਚ ਆ ਗਏ ਹਨ ਜਿਥੇ ਹੋਰ ਨਵੇਂ ਟਿਊਬਵੈੱਲਾਂ ਨੂੰ ਬਿਜਲੀ ਕੁਨੈਕਸ਼ਨ ਦੇਣੇ ਬੰਦ ਕਰ ਦਿਤੇ ਹਨ। ਰੀਕਾਰਡ ਅਨੁਸਾਰ ਪੰਜਾਬ ਦੀ ਕੁਲ ਫ਼ਸਲੀ ਜ਼ਮੀਨ ’ਚੋਂ 98.9 ਫ਼ੀ ਸਦੀ ਭੂਮੀ ਸਿੰਜਾਈ ਹੇਠ ਹੈ।