ਸਕੇ ਭਰਾਵਾਂ ਦੀ ਜੋੜੀ ਬਣੀ ਕਿਸਾਨਾਂ ਲਈ ਪ੍ਰੇਰਨਾ ਸ੍ਰੋਤ, ਬਿਨ੍ਹਾਂ ਪਰਾਲੀ ਨੂੰ ਅੱਗ ਲਗਾਏ ਹੈਪੀ ਸੀਡਰ ਨਾਲ ਕੀਤੀ ਕਣਕ ਦੀ ਬਿਜਾਈ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਲਗਭਗ 50 ਏਕੜ ਜ਼ਮੀਨ ’ਤੇ ਖੇਤੀ ਕਰਦੇ ਹਨ

A pair of able brothers became a source of inspiration for farmers

ਫ਼ਾਜ਼ਿਲਕਾ (ਕੁਲਦੀਪ ਸਿੰਘ ਸੰਧੂ) : ਮੁੱਖ ਖੇਤੀਬਾੜੀ ਅਫ਼ਸਰ ਡਾ. ਸੰਦੀਪ ਕੁਮਾਰ ਰਿਣਵਾ ਨੇ ਦਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਦੀ ਵੱਖ-ਵੱਖ ਤਰੀਕਿਆ ਰਾਹੀਂ ਵਰਤੋਂ ਵਿਚ ਲਿਆਉਣ ਲਈ ਸਰਕਾਰ ਵਲੋਂ ਖੇਤੀਬਾੜੀ ਸੰਦ ਸਬਸਿਡੀ ਤੇ ਮੁਹਈਆ ਕਰਵਾਏ ਜਾ ਰਹੇ ਹਨ ਤਾਂ ਜੋ ਪਰਾਲੀ ਸਾੜਨ ਦੇ ਰੁਝਾਨ ਨੂੰ ਰੋਕਿਆ ਜਾ ਸਕੇ ਅਤੇ ਵਾਤਾਵਰਣ ਨੂੰ ਵੀ ਗੰਧਲਾ ਹੋਣ ਤੋਂ ਬਚਾਇਆ ਜਾ ਸਕੇ।

ਉਨ੍ਹਾਂ ਨੇ ਦਸਿਆ ਕਿ ਕਾਫੀ ਗਿਣਤੀ ਵਿਚ ਅਗਾਂਹਵਧੂ ਕਿਸਾਨ ਵੀਰਾਂ ਵਲੋਂ ਖੇਤੀਬਾੜੀ ਸੰਦਾਂ ਦੀ ਵਰਤੋਂ ਕਰ ਕੇ ਜਿਥੇ ਫ਼ਸਲ ਨੂੰ ਅੱਗ ਨਹੀਂ ਲਗਾਈ ਗਈ, ਉਥੇ ਸਿੱਧੀ ਫ਼ਸਲ ਦੀ ਬਿਜਾਈ ਕਰ ਕੇ ਵੱਧ ਝਾੜ ਪ੍ਰਾਪਤ ਕੀਤਾ ਗਿਆ। ਬਲਾਕ ਫ਼ਾਜ਼ਿਲਕਾ ਦੇ ਪਿੰਡ ਮੁੰਬੇਕਾ ਦਾ ਅਗਾਂਹਵਧੂ ਕਿਸਾਨ ਤਰਸੇਮ ਸਿੰਘ ਬਾਠ ਅਤੇ ਬਲਵਿੰਦਰ ਸਿੰਘ ਬਾਠ ਦੋਵੇਂ ਸਕੇ ਭਰਾ ਹਨ ਤੇ ਪਿੱਛਲੇ ਅੱਠ ਸਾਲ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਵੱਖ-ਵੱਖ ਸੰਦਾ ਦੀ ਮਦਦ ਨਾਲ ਖੇਤ ਵਿਚ ਵਾਹ ਕੇ ਕਣਕ ਦੀ ਬਿਜਾਈ ਕਰ ਰਹੇ ਹਨ।

ਕਿਸਾਨ ਤਰਸੇਮ ਸਿੰਘ ਬਾਠ ਨੇ ਦਸਿਆ ਕਿ ਉਹ ਲਗਭਗ 50 ਏਕੜ ਜ਼ਮੀਨ ’ਤੇ ਖੇਤੀ ਕਰਦੇ ਹਨ ਤੇ ਇਸ ਵਾਰ ਝੋਨੇ ਦੀ 1885 ਕਿਸਮ ਦੀ ਕਟਾਈ ਕਰਨ ਉਪਰੰਤ ਸੱਭ ਤੋਂ ਪਹਿਲਾਂ ਝੋਨੇ ਦੀ ਪਰਾਲੀ ਨੂੰ ਸਾਰੇ ਖੇਤ ਵਿਚ ਇਕ ਸਾਰ ਖਲਾਰ ਦਿਤਾ ਗਿਆ ਉਸ ਤੋਂ ਬਾਅਦ ਮਲਚਰ ਚਲਾ ਕੇ ਪਰਾਲੀ ਨੂੰ ਖੇਤ ਵਿਚ ਵਿਛਾ ਦਿਤਾ ਗਿਆ ਅਤੇ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕਰ ਦਿਤੀ। ਇਸ ਤਰੀਕੇ ਨਾਲ ਇਹ ਕਿਸਾਨ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਦੇ ਲਗਾਤਾਰ ਉਪਰਾਲੇ ਕਰ ਰਹੇ ਹਨ ਤੇ ਹੋਰਨਾਂ ਕਿਸਾਨਾਂ ਨੂੰ ਵੀ ਪ੍ਰੇਰਤ ਕਰ ਰਹੇ ਹਨ।

ਇਸ ਮੌਕੇ ਖੇਤੀਬਾੜੀ ਵਿਭਾਗ ਵਲੋਂ ਸਰਕਲ ਇੰਚਾਰਜ ਸੁਖਦੀਪ ਸਿੰਘ ਜੇਟੀ ਤਰਸੇਮ ਸਿੰਘ ਅਤੇ ਗੁਰਬਖਸ਼ ਲਾਲ ਨੇ ਦਸਿਆ ਕਿ ਉਹ ਲਗਾਤਾਰ ਕਿਸਾਨਾਂ ਨੂੰ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਤ ਕਰ ਰਹੇ ਹਨ ਜਿਸ ਸਦਕਾ ਕਿਸਾਨ ਤਰਸੇਮ ਸਿੰਘ ਬਾਠ ਆਪਣੀ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਉਦਾ ਅਤੇ ਹੋਰ ਵੀ ਕਈ ਕਿਸਾਨ ਵੀ ਅਪਣੀ ਝੋਨੇ ਦੀ ਪਰਾਲੀ ਨੂੰ ਅੱਗ ਨਹੀ ਲਗਾਉਂਦੇ। ਉਨ੍ਹਾਂ ਨੇ ਦਸਿਆ ਕਿ ਪਰਾਲੀ ਨੂੰ ਸਾੜਨ ਨਾਲ ਵਾਤਾਵਰਣ ਵੀ ਦੁਸ਼ਿਤ ਹੁੰਦਾ ਹੈ ਜਿਸ ਨਾਲ ਮਨੁੱਖੀ ਸਿਹਤ ਉਤੇ ਮਾੜਾ ਅਸਰ ਪੈਂਦਾ ਹੈੇ ਇਸ ਲਈ ਸਾਨੂੰ ਪਰਾਲੀ ਨੂੰ ਨਹੀਂ ਸਾੜਨਾ ਚਾਹੀਦਾ। ਸਰਕਾਰ ਵਲੋਂ ਪਰਾਲੀ ਦੀ ਸਾਂਭ ਸੰਭਾਲ ਲਈ ਵੱਖ-ਵੱਖ ਮਸ਼ੀਨਾਂ ਸਬਸਿਡੀ ਉਤੇ ਮੁਹਈਆ ਕਰਵਾਈਆਂ ਗਈਆਂ ਹਨ ਜਿਨ੍ਹਾਂ ਨੂੰ ਵਰਤ ਕੇ ਪਰਾਲੀ ਦਾ ਪ੍ਰਬੰਧਨ ਕੀਤਾ ਜਾ ਸਕਦਾ ਹੈ।