ਖੇਤੀਬਾੜੀ ਵਿਭਾਗ ਤੇ ਪੀਏਯੂ ਫਾਰਮ ਸਲਾਹਕਾਰ ਸੇਵਾ ਨੇ ਖੂਈਖੇੜਾ ਵਿਚ ਲਗਾਇਆ ਕਿਸਾਨ ਸਿਖਲਾਈ ਕੈਂਪ
ਕਿਸਾਨਾਂ ਨੂੰ ਜ਼ਮੀਨ ਵਿੱਚ ਕਾਰਬਨਿਕ ਮਾਦੇ ਦੇ ਮਹੱਤਵ ਤੋਂ ਜਾਣੂ ਕਰਵਾਉਂਦਿਆਂ ਆਉਣ ਵਾਲੀ ਫ਼ਸਲ ਤੋਂ ਪਹਿਲਾਂ ਹਰੀ ਖਾਦ ਦੀ ਕਾਸ਼ਤ ਕਰਨ ਦੀ ਸਲਾਹ ਵੀ ਦਿੱਤੀ।
ਫਾਜ਼ਿਲਕਾ (ਸੁਖਦੇਵ ਸਿੰਘ ਸੰਧੂ)-ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫਾਰਮਰ ਸਲਾਹਕਾਰ ਸੇਵਾ ਵੱਲੋਂ ਪਿੰਡ ਖੂਈ ਖੇੜਾ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਫਾਰਮਰ ਸਲਾਹਕਾਰ ਸੇਵਾ ਤੋਂ ਡਾ. ਜਗਦੀਸ਼ ਅਰੋੜਾ ਤੋਂ ਇਲਾਵਾ ਖੇਤੀਬਾੜੀ ਵਿਭਾਗ ਤੋਂ ਖੇਤੀਬਾੜੀ ਵਿਕਾਸ ਅਫਸਰ ਗਗਨਦੀਪ ਸਿੰਘ, ਆਸ਼ੀਸ਼ ਕੁਮਾਰ, ਸੁਨੀਤਾ ਅਤੇ ਏਐਸਆਈ ਅਰਮਾਨਦੀਪ ਸਿੰਘ ਅਤੇ ਸੁਨੀਲ ਕੁਮਾਰ ਨੇ ਕਿਸਾਨਾਂ ਨੂੰ ਵੱਖ-ਵੱਖ ਵਿਸ਼ਿਆਂ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ।
ਇਸ ਮੌਕੇ ਬੋਲਦਿਆਂ ਡਾ. ਜਗਦੀਸ਼ ਅਰੋੜਾ ਨੇ ਦੱਸਿਆ ਕਿ ਇਸ ਸਮੇਂ ਤਾਪਮਾਨ ਵਾਧੇ ਦਾ ਕਣਕ ਦੇ ਝਾੜ 'ਤੇ ਅਸਰ ਨਾ ਪਵੇ ਇਸ ਲਈ ਪ੍ਰਤੀ ਏਕੜ ਦੋ ਕਿਲੋ 13-0-45 ਦੀ ਸਪਰੇ 200 ਲੀਟਰ ਪਾਣੀ ਵਿੱਚ ਘੋਲ ਕੇ ਕਰਨੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਫਾਜ਼ਿਲਕਾ ਜ਼ਿਲ੍ਹੇ ਵਿੱਚ ਪੀਲੀ ਕੁੰਗੀ ਦੇ ਹਮਲੇ ਦੀ ਫ਼ਿਲਹਾਲ ਕੋਈ ਸੰਭਾਵਨਾ ਨਹੀਂ ਹੈ ਇਸ ਲਈ ਕਿਸਾਨ ਬੇਲੋੜੀਆਂ ਸਪਰੇਆਂ ਕਰਨ ਤੋਂ ਪਰਹੇਜ਼ ਕਰਨ। ਉਹਨਾਂ ਨੇ ਕਿਸਾਨਾਂ ਨੂੰ ਜ਼ਮੀਨ ਵਿੱਚ ਕਾਰਬਨਿਕ ਮਾਦੇ ਦੇ ਮਹੱਤਵ ਤੋਂ ਜਾਣੂ ਕਰਵਾਉਂਦਿਆਂ ਆਉਣ ਵਾਲੀ ਫ਼ਸਲ ਤੋਂ ਪਹਿਲਾਂ ਹਰੀ ਖਾਦ ਦੀ ਕਾਸ਼ਤ ਕਰਨ ਦੀ ਸਲਾਹ ਵੀ ਦਿੱਤੀ।
ਡਾ.ਜਗਦੀਸ਼ ਅਰੋੜਾ ਨੇ ਵਿਸ਼ੇਸ਼ ਤੌਰ 'ਤੇ ਕਿਸਾਨਾਂ ਨੂੰ ਨਰਮੇ ਦੀ ਕਾਸ਼ਤ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵੇਲੇ ਨਰਮੇ ਦੀਆਂ ਜੋ ਛਟੀਆਂ ਖੇਤਾਂ ਵਿੱਚ ਪਈਆਂ ਹਨ ਉਹਨਾਂ ਨੂੰ ਝਾੜ ਕੇ ਪਿੰਡ ਲਿਆਂਦਾ ਜਾਵੇ ਤਾਂਜੋ ਉਸ ਵਿੱਚ ਪਿਆ ਗੁਲਾਬੀ ਸੁੰਡੀ ਦਾ ਲਾਰਵਾ ਖ਼ਤਮ ਹੋ ਜਾਵੇ ਅਤੇ ਅਗਲੀ ਫ਼ਸਲ 'ਤੇ ਇਸ ਦਾ ਹਮਲਾ ਨਹੀਂ ਹੋਵੇਗਾ। ਉਨਾਂ ਨੇ ਕਿਸਾਨਾਂ ਨੂੰ ਨਰਮੇ ਦੀ ਕਾਸ਼ਤ ਵੱਲ ਪ੍ਰੇਰਿਤ ਕੀਤਾ। ਇਸ ਮੌਕੇ ਉਨਾਂ ਨੇ ਬਾਗਾਂ ਅਤੇ ਸਬਜ਼ੀਆਂ ਵਿੱਚ ਝੋਨੇ ਦੀ ਪਰਾਲੀ ਨੂੰ ਮਲਚਿੰਗ ਵਜੋਂ ਵਰਤਣ ਦੀ ਸਲਾਹ ਵੀ ਦਿੱਤੀ। ਇਸ ਮੌਕੇ ਹੀਰਾ ਲਾਲ ਬੋਲਗਾਰਡ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਦੇ ਕਿਸਾਨ ਹਾਜ਼ਰ ਸਨ।