ਕਿਵੇਂ ਕਰੀਏ ਪਿਆਜ਼ ਤੇ ਲੱਸਣ ਦੀ ਖੇਤੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਉਤਪਾਦਨ ਦੌਰਾਨ ਤੇ ਕਟਾਈ ਉਪਰੰਤ ਜੇ ਕੁੱਝ ਖ਼ਾਸ ਗੱਲਾਂ ਦਾ ਧਿਆਨ ਰਖਿਆ ਜਾਵੇ ਤਾਂ ਪਿਆਜ਼ ਤੇ ਲੱਸਣ ਦੀ ਸਪਲਾਈ ਬਾਜ਼ਾਰ ਦੀ ਮੰਗ ਅਨੁਸਾਰ ਕੀਤੀ ਜਾ ਸਕਦੀ ਹੈ

photo

 

ਪਿਆਜ਼ ਅਤੇ ਲੱਸਣ ਪੰਜਾਬ ਦੀਆਂ ਮਹੱਤਵਪੂਰਨ ਫ਼ਸਲਾਂ ਹਨ। ਉਤਪਾਦਨ ਦੌਰਾਨ ਤੇ ਕਟਾਈ ਉਪਰੰਤ ਜੇ ਕੁੱਝ ਖ਼ਾਸ ਗੱਲਾਂ ਦਾ ਧਿਆਨ ਰਖਿਆ ਜਾਵੇ ਤਾਂ ਪਿਆਜ਼ ਤੇ ਲੱਸਣ ਦੀ ਸਪਲਾਈ ਬਾਜ਼ਾਰ ਦੀ ਮੰਗ ਅਨੁਸਾਰ ਕੀਤੀ ਜਾ ਸਕਦੀ ਹੈ। ਖਾਦਾਂ ਦੀ ਸਹੀ ਸਮੇਂ ’ਤੇ ਸਹੀ ਵਰਤੋਂ ਬਹੁਤ ਅਹਿਮ ਹੈ। ਪੈਦਾਵਾਰ ਦੇ ਆਖ਼ਰੀ ਪੜਾਅ ’ਤੇ ਨਾਈਟ੍ਰੋਜਨ ਦੀ ਜ਼ਿਆਦਾ ਮਾਤਰਾ ਤੋਂ ਪਰਹੇਜ਼ ਕਰੋ ਕਿਉਂਕਿ ਇਸ ਨਾਲ ਪੱਤਿਆਂ ਦਾ ਵਾਧਾ ਹੋਣ ਲੱਗ ਜਾਂਦਾ ਹੈ ਤੇ ਪਕਾਈ ਲੇਟ ਹੋ ਜਾਂਦੀ ਹੈ। ਨਾਲ ਹੀ ਬੀਮਾਰੀਆਂ ਲੱਗਣ ਦਾ ਖ਼ਤਰਾ ਵੱਧ ਜਾਂਦਾ ਹੈ। ਪੋਟਾਸ਼ ਤੇ ਸਲਫ਼ਰ ਦੀ ਵਰਤੋਂ ਨਾਲ ਵੀ ਭੰਡਾਰਨ ਦੀ ਸਮਰੱਥਾ ’ਚ ਵਾਧਾ ਹੁੰਦਾ ਹੈ। ਸਹੀ ਭੰਡਾਰਨ ਲਈ ਕਟਾਈ ਤੋਂ ਘੱਟੋ-ਘੱਟ 15 ਦਿਨ ਪਹਿਲਾਂ ਪਾਣੀ ਲਾਉਣਾ ਬੰਦ ਕਰ ਦਿਉ।

ਪਿਆਜ਼ ਦੀ ਪੁਟਾਈ ਉਦੋਂ ਕਰੋ ਜਦੋਂ 50 ਫ਼ੀ ਸਦੀ ਉਪਰਲੇ ਪੱਤੇ ਹੇਠਾਂ ਡਿੱਗ ਪੈਣ ਤੇ ਲੱਸਣ ਦੇ 50 ਫ਼ੀ ਸਦੀ ਪੱਤੇ ਸੁਕ ਜਾਣ। ਬੂਟੇ ਨੂੰ ਗੱਠੇ ਸਮੇਤ ਖਿੱਚ ਕੇ ਜ਼ਮੀਨ ’ਚੋਂ ਬਾਹਰ ਕੱਢ ਲਵੋ। ਪਿਆਜ਼ ਦੀ ਪੁਟਾਈ ਸਮੇਂ ਮੌਸਮ ਖ਼ੁਸ਼ਕ ਹੋਣਾ ਚਾਹੀਦਾ ਹੈ। ਪੁਟਾਈ ਸਮੇਂ ਗੱਠੇ ਸੁਡੌਲ, ਸੁੱਕੀ ਗਰਦਨ ਵਾਲੇ ਤੇ ਵਧੀਆ ਆਕਾਰ ਦੇ ਹੋਣੇ ਚਾਹੀਦੇ ਹਨ। ਹਲਕੀਆਂ ਜ਼ਮੀਨਾਂ ’ਚ ਪੁਟਾਈ ਹੱਥ ਨਾਲ ਜਾਂ ਮੌਡੀਫ਼ਾਈਡ ਡਿੱਗਰ ਨਾਲ ਕਰੋ। ਗੱਠਿਆਂ ਨੂੰ ਆਕਾਰ ਤੇ ਗੁਣਵੱਤਾ ਅਨੁਸਾਰ ਛਾਂਟੋ। ਹਾੜੀ ਵਾਲੇ ਪਿਆਜ਼ ਦੀ ਪੁਟਾਈ ਮਈ ਤੇ ਗਰਮੀਆਂ ਦੇ ਮਹੀਨਿਆਂ ਦੌਰਾਨ ਤੇ ਸਾਉਣੀ ਵਾਲੇ ਪਿਆਜ਼ ਦੀ ਨਵੰਬਰ-ਦਸੰਬਰ ਦੌਰਾਨ ਕੀਤੀ ਜਾਂਦੀ ਹੈ ਜਦਕਿ ਲੱਸਣ ਦੀ ਬਿਜਾਈ ਸਿਰਫ਼ ਹਾੜੀ ਦੀ ਰੁੱਤ ’ਚ ਕੀਤੀ ਜਾਂਦੀ ਹੈ। ਹਾੜੀ ਵਾਲੇ ਪਿਆਜ਼ ਦੀ ਭੰਡਾਰਨ ਸਮਰੱਥਾ ਕਾਫ਼ੀ ਵਧੀਆ ਹੁੰਦੀ ਹੈ ਕਿਉਂਕਿ ਇਸ ਦੀ ਕਿਉਰਿੰਗ ਸਮੇਂ ਤਾਪਮਾਨ ਜ਼ਿਆਦਾ ਹੁੰਦਾ ਹੈ। ਪੁੰਗਰੇ ਹੋਏ, ਕੀੜਾ ਲੱਗੇ ਹੋੋਏ ਜਾਂ ਹੋਰ ਕਿਸੇ ਕਾਰਨ ਕਰਕੇ ਖ਼ਰਾਬ ਪਿਆਜ਼ ਨੂੰ ਸੁੱਟ ਦਿਉ।

ਕਿਉਰਿੰਗ ਤੁੜਾਈ ਤੋਂ ਤੁਰਤ ਬਾਅਦ ਕੀਤੀ ਜਾਂਦੀ ਹੈ। ਇਸ ਨਾਲ ਪਿਆਜ਼ ਤੇ ਲੱਸਣ ਦੀ ਬਾਹਰਲੀ ਪਰਤ ਤੋਂ ਨਮੀ ਘਟਾਈ ਜਾਂਦੀ ਹੈ, ਜਿਸ ਨਾਲ ਬਾਹਰਲੀ ਪਰਤ ਥੋੜ੍ਹੀ ਸਖ਼ਤ ਹੋ ਜਾਂਦੀ ਹੈ। ਬਾਹਰਲੇ ਪੱਤਿਆਂ ਨੂੰ ਸੁਕਾਉਣ ਨਾਲ ਜਿਥੇ ਭੰਡਾਰਨ ਦੇ ਸਮੇਂ ’ਚ ਵਾਧਾ ਹੁੰਦਾ ਹੈ, ਉਥੇ ਬੀਮਾਰੀਆਂ ਲੱਗਣ ਤੇ ਗਲਣ ਦਾ ਖ਼ਤਰਾ ਵੀ ਘਟਦਾ ਹੈ। ਪਿਆਜ਼ ਦੀ ਕਿਉਰਿੰਗ ਉਦੋਂ ਸਹੀ ਹੁੰਦੀ ਹੈ ਜਦੋਂ ਗਰਦਨੀ ਛੋਟੀ ਹੋ ਜਾਵੇ ਤੇ ਬਾਹਰਲੇ ਪੱਤੇ ਪੂਰੀ ਤਰ੍ਹਾਂ ਸੁਕ ਕੇ ਖੜ-ਖੜ ਦੀ ਆਵਾਜ਼ ਕਰਨ। ਗੱਠਿਆਂ ਨੂੰ ਖੇਤ ਜਾਂ ਹਵਾਦਾਰ ਕਮਰੇ ’ਚ ਕਿਉਰ ਕੀਤਾ ਜਾਂਦਾ ਹੈ। ਖੇਤ ਵਿਚ ਕਿਉਰਿੰਗ ਇਸ ਤਰੀਕੇ ਨਾਲ ਕੀਤੀ ਜਾਂਦੀ ਹੈ ਕਿ ਇਕ ਕਤਾਰ ਦੇ ਪਿਆਜ਼ਾਂ ਦੇ ਉਪਰ ਦੂਜੀ ਕਤਾਰ ਦੇ ਪੱਤੇ ਆ ਜਾਣ ਤਾਂ ਜੋ ਪਿਆਜ਼ ਸੂਰਜ ਦੀ ਸਿੱਧੀ ਰੋਸ਼ਨੀ ਤੋਂ ਢੱਕੇ ਰਹਿਣ। ਪਿਆਜ਼ਾਂ ਦੀ ਤੁੜਾਈ ਤੋਂ ਬਾਅਦ ਪੱਤਿਆਂ ਸਮੇਤ ਖੇਤ ’ਚ ਘੱਟ ਤੋਂ ਘੱਟ ਚਾਰ ਜਾਂ ਪੰਜ ਦਿਨਾਂ ਲਈ ਕਿਉਰਿੰਗ ਕੀਤੀ ਜਾਵੇ ਤੇ ਬਾਅਦ ’ਚ ਛਾਂ ਵਿਚ ਦੋ-ਤਿੰਨ ਹਫ਼ਤਿਆਂ ਲਈ ਰਖਿਆ ਜਾਵੇ। ਛਾਂ ਵਿਚ ਰੱਖਣ ਨਾਲ ਬਲਬ ਦਾ ਰੰਗ ਬਣਦਾ ਹੈ। ਜੇ ਮੌਸਮ ਖ਼ਰਾਬ ਹੋਵੇ ਤਾਂ ਖੇਤ ਵਿਚ ਕਿਉਰਿੰਗ ਕਰਨ ਦੀ ਬਜਾਏ ਹਵਾਦਾਰ ਕਮਰੇ ਵਿਚ ਕਿਉਰਿੰਗ ਕਰੋ। ਪੂਰੀ ਤਰ੍ਹਾਂ ਸੁਕਾਉਣ ਤੋਂ ਬਾਅਦ ਪੱਤਿਆਂ ਨੂੰ ਗੱਠੇ ਤੋਂ 2 ਸੈਂਟੀਮੀਟਰ ਤਕ ਕੱਟ ਦਿਉ। ਜਦੋਂ ਕਿਉਰਿੰਗ ਹੋ ਜਾਵੇ ਤਾਂ ਆਕਾਰ ਦੇ ਅਨੁਸਾਰ ਵੱਡੇ, ਦਰਮਿਆਨੇ, ਛੋਟੇ ਅਤੇ ਬਹੁਤ ਛੋਟੇ ਦੇ ਵਰਗ ’ਚ ਗਰੇਡਿੰਗ ਕਰੋ।

ਪਿਆਜ਼ ਦੇ ਭੰਡਾਰਨ ਲਈ ਬਹੁਤ ਤਰ੍ਹਾਂ ਦੇ ਢਾਂਚੇ ਵਰਤੇ ਜਾਂਦੇ ਹਨ ਜਿਨ੍ਹਾਂ ’ਚੋਂ ਜ਼ਿਆਦਾਤਰ ਪ੍ਰੰਪਰਾਗਤ ਵਿਧੀ ’ਤੇ ਆਧਾਰਤ ਹੁੰਦੇ ਹਨ। ਕਈ ਸੁਧਰੇ ਹੋਏ ਢਾਂਚੇ ਵੀ ਵਿਕਸਤ ਕਰ ਕੇ ਪਰਖ ਕੀਤੇ ਜਾ ਚੁੱਕੇ ਹਨ। ਪਿਆਜ਼ ਦਾ ਭੰਡਾਰਨ ਉਚੇ ਰੈਂਕ ’ਤੇ ਜਿਥੇ ਹੇਠਾਂ ਅਤੇ ਪਾਸਿਆਂ ਤੋਂ ਹਵਾ ਦੇ ਸੰਚਾਰ ਦਾ ਪ੍ਰਬੰਧ ਹੋਵੇ, ਤਾਪਮਾਨ 30-35 ਡਿਗਰੀ ਅਤੇ ਨਮੀ 65-70 ਫ਼ੀ ਸਦੀ ਹੋਵੇ, ਸੱਭ ਤੋਂ ਵਧੀਆ ਹੁੰਦਾ ਹੈ। ਪਿੰਡਾਂ ਵਿਚ ਆਮ ਤੌਰ ’ਤੇ ਲੱਸਣ ਦੇ ਗੱਠਿਆਂ ਨੂੰ ਛੋਟੇ-ਛੋਟੇ ਗੁੱਡਿਆਂ ਵਿਚ ਬੰਨ੍ਹ ਕੇ ਬਾਂਸ ਦੀ ਮਦਦ ਨਾਲ ਹਵਾਦਾਰ ਕਮਰੇ ਵਿਚ ਟੰਗ ਦਿਤਾ ਜਾਂਦਾ ਹੈ ਤਾਂ ਜੋ ਹਵਾ ਦਾ ਨਿਕਾਸ ਹੁੰਦਾ ਰਹੇ। 

ਛੋਟੇ ਪੱਧਰ ’ਤੇ ਇਹ ਤਕਨੀਕ ਬਹੁਤ ਕਾਰਗਰ ਹੈ। ਭੰਡਾਰਨ ਕੀਤੇ ਹੋਏ ਪਿਆਜ਼ਾਂ ਦਾ ਹਰ 15 ਦਿਨਾਂ ਬਾਅਦ ਪਾਸਾ ਬਦਲੋ ਅਤੇ ਖ਼ਰਾਬ ਗਲੇ ਹੋਏ ਪਿਆਜ਼ਾਂ ਨੂੰ ਕੱਢ ਦਿਉ ਤਾਂ ਜੋ ਭੰਡਾਰਨ ਦਾ ਸਮਾਂ ਵਧਾਇਆ ਜਾ ਸਕੇ। ਇਨ੍ਹਾਂ ਢਾਂਚਿਆਂ ਦੀ ਮਦਦ ਨਾਲ ਭੰਡਾਰਨ ਦੌਰਾਨ ਹੋਣ ਵਾਲੇ ਨੁਕਸਾਨ ਨੂੰ 20-50 ਫ਼ੀਸਦੀ ਤਕ ਘਟਾਇਆ ਜਾ ਸਕਦਾ ਹੈ। ਕੋਲਡ ਸਟੋਰ ਵਿਚ ਭੰਡਾਰਨ ਦਾ ਤਾਪਮਾਨ 0 ਤੋਂ 2 ਡਿਗਰੀ ਅਤੇ 60-70 ਫ਼ੀਸਦੀ ਨਮੀ ਹੋਣੀ ਚਾਹੀਦੀ ਹੈ ਪਰ ਕੋਲਡ ਸਟੋਰ ਵਿਚ ਰੱਖਣ ਦਾ ਖ਼ਰਚ ਕਾਫ਼ੀ ਜ਼ਿਆਦਾ ਹੋ ਜਾਂਦਾ ਹੈ। ਕੁਲ ਮਿਲਾ ਕੇ ਪਿਆਜ਼ ਅਤੇ ਲੱਸਣ ਦੇ ਉਤਪਾਦਨ ਅਤੇ ਇਸ ਤੋਂ ਹੋਣ ਵਾਲੇ ਮੁਨਾਫ਼ੇ ਨੂੰ ਮੱਦੇਨਜ਼ਰ ਰਖਦਿਆਂ ਇਸ ਦੀ ਗੁਣਵੱਤਾ ਬਣਾਈ ਰੱਖਣ ਤੇ ਨੁਕਸਾਨ ਨੂੰ ਘਟਾਉਣ ਲਈ ਇਨ੍ਹਾਂ ਦਾ ਸਹੀ ਤਰੀਕੇ ਨਾਲ ਭੰਡਾਰਨ ਕਰਨਾ ਬਹੁਤ ਜ਼ਰੂਰੀ ਹੈ।