ਮੋਰਿੰਗਾ ਓਲੀਫੇਰਾ - ਸੁਹੰਜਣਾ ਦੇ ਅਣਗਿਣਤ ਫ਼ਾਇਦੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

Health News: ਸੁਹੰਜਣਾ ਫਾਈਬਰ ਨਾਲ ਭਰਪੂਰ ਹੁੰਦਾ ਹੈ, ਜੋ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦਾ ਹੈ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਂਦਾ ਹੈ

Moringa

ਮੋਰਿੰਗਾ ਓਲੀਫੇਰਾ, ਇੱਕ ਬਹੁਪੱਖੀ ਰੁੱਖ ਹੈ। ਇਸ ਨੂੰ ਪੰਜਾਬੀ ’ਚ ਸੁਹੰਜਣਾ, ਹਿੰਦੀ ਵਿਚ ਸਹਿਜਨਾ, ਸੁਜਾਨਾ, ਸੇਂਜਨ ਅਤੇ ਮੁੰਗਾ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਅੰਗਰੇਜ਼ੀ ਵਿਚ ਇਸ ਨੂੰ ‘ਡਰਮਸਟਿਕ ਟ੍ਰੀ’ ਵੀ ਕਿਹਾ ਜਾਂਦਾ ਹੈ। ਇਹ ਇਕ ਤੇਜ਼ੀ ਨਾਲ ਵਧਣ ਵਾਲਾ, ਮੈਰੀਨੋਗਰਾਸੀ ਪਰਿਵਾਰ ਦਾ ਰੁੱਖ ਹੈ। ਇਸ ਰੁੱਖ ਦੇ ਵੱਖ-ਵੱਖ ਹਿੱਸੇ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ, ਇਸ ਲਈ ਇਸ ਦੇ ਵੱਖ-ਵੱਖ ਹਿੱਸਿਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਵਰਤਿਆ ਜਾਂਦਾ ਹੈ। ਇਸ ਦੀਆਂ ਹਰੀਆਂ ਫਲੀਆਂ ਅਤੇ ਪੱਤੀਆਂ ਨੂੰ ਸਬਜ਼ੀਆਂ ਅਤੇ ਰਵਾਇਤੀ ਦਵਾਈ ਵਜੋਂ ਵਰਤਿਆ ਜਾਂਦਾ ਹੈ। ਪੰਜਾਬ ਵਿਚ ਇਸ ਰੁੱਖ ਦਾ ਪ੍ਰਚਾਰ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ। ਦੁਨੀਆਂ ਭਰ ’ਚ ਹੀ ਸੁਹੰਜਣਾ ਦੇ ਫ਼ਾਇਦਿਆਂ ਨੂੰ ਪ੍ਰਚਾਰਿਆ ਜਾ ਰਿਹਾ ਹੈ। ਪੰਜਾਬ ’ਚ ਇਸ ਰੁੱਖ ਨੇ ਕਿੱਕਰਾਂ ਦੀ ਜਗ੍ਹਾ ਲੈ ਲਈ ਹੈ। ਜਗ੍ਹਾ ਜਗ੍ਹਾ ’ਤੇ ਸੁਹੰਜਣਾ ਦੇ ਰੁੱਖ ਲਗਾਏ ਜਾ ਰਹੇ ਹਨ।

ਲੋਕ ਇਸ ਨੂੰ ਅਪਣੇ ਭੋਜਨ ਵਿਚ ਵੀ ਸ਼ਾਮਲ ਕਰ ਰਹੇ ਹਨ, ਸਬਜ਼ੀ ਬਣਾ ਕੇ ਜਾਂ ਇਸ ਦੇ ਪੱਤਿਆਂ ਤੋਂ ਪਰਾਠੇ ਜਾਂ ਰੋਟੀ ਬਣਾ ਕੇ ਖਾ ਰਹੇ ਹਨ। ਪੱਤਿਆਂ ਨੂੰ ਸੁਕਾ ਕੇ ਇਸ ਦਾ ਪਾਊਡਰ ਬਣਾਇਆ ਜਾ ਰਿਹਾ ਹੈ ਅਤੇ ਫਲੀਆਂ ਦਾ ਅਚਾਰ ਵੀ ਪਾ ਰਹੇ ਹਨ। ਇਸ ਦੇ ਪੌਦੇ ਦੀ ਉਚਾਈ 10 ਮੀਟਰ ਦੇ ਕਰੀਬ ਹੁੰਦੀ ਹੈ ਪਰ ਲੋਕ ਇਸ ਨੂੰ ਹਰ ਸਾਲ ਡੇਢ ਤੋਂ ਦੋ ਮੀਟਰ ਦੀ ਉਚਾਈ ਤੋਂ ਕੱਟ ਦਿੰਦੇ ਹਨ ਤਾਂ ਜੋ ਹੱਥ ਆਸਾਨੀ ਨਾਲ ਇਸ ਦੇ ਫਲਾਂ, ਫੁੱਲਾਂ ਅਤੇ ਪੱਤਿਆਂ ਤੱਕ ਪਹੁੰਚ ਸਕੇ। ਇਸ ਦੀਆਂ ਕੱਚੀਆਂ ਹਰੀਆਂ ਫਲੀਆਂ ਸਭ ਤੋਂ ਵੱਧ ਵਰਤੀਆਂ ਜਾਂਦੀਆਂ ਹਨ।

ਸੁਹਾਜਣਾ ਦੇ ਲਗਭਗ ਸਾਰੇ ਹਿੱਸੇ (ਪੱਤਾ, ਫੁੱਲ, ਫਲ, ਬੀਜ, ਟਾਹਣੀ, ਸੱਕ, ਜੜ੍ਹ, ਬੀਜਾਂ ਤੋਂ ਪ੍ਰਾਪਤ ਤੇਲ ਆਦਿ) ਖਾਧੇ ਜਾਂਦੇ ਹਨ। ਦੁਨੀਆ ਦੇ ਕੁਝ ਹਿੱਸਿਆਂ ਵਿਚ ਜਵਾਨ ਫਲੀਆਂ ਖਾਣ ਦੀ ਪਰੰਪਰਾ ਹੈ ਜਦੋਂ ਕਿ ਦੂਜੇ ਹਿੱਸਿਆਂ ਵਿਚ ਪੱਤਿਆਂ ਨੂੰ ਤਰਜੀਹ ਦਿਤੀ ਜਾਂਦੀ ਹੈ। ਇਸ ਦੇ ਫੁੱਲਾਂ ਨੂੰ ਪਕਾਇਆ ਜਾਂਦਾ ਹੈ ਅਤੇ ਖਾਧਾ ਜਾਂਦਾ ਹੈ ਅਤੇ ਇਨ੍ਹਾਂ ਦਾ ਸਵਾਦ ਖੁੰਬ ਵਰਗਾ ਹੁੰਦਾ ਹੈ। ਬਹੁਤ ਸਾਰੇ ਦੇਸ਼ਾਂ ਵਿਚ, ਇਸ ਦੀ ਸੱਕ, ਰਸ, ਪੱਤੇ, ਬੀਜ, ਤੇਲ ਅਤੇ ਫੁੱਲਾਂ ਤੋਂ ਰਵਾਇਤੀ ਦਵਾਈਆਂ ਬਣਾਈਆਂ ਜਾਂਦੀਆਂ ਹਨ। ਇਸ ਦੇ ਜੂਸ ਨੂੰ ਨੀਲੇ ਰੰਗ ਦੇ ਰੂਪ ਵਿਚ ਵਰਤਿਆ ਜਾਂਦਾ ਹੈ। ਦੱਖਣੀ ਭਾਰਤੀ ਪਕਵਾਨਾਂ ਵਿਚ ਇਸ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ। ਇਹ ਔਸ਼ਧੀ ਗੁਣਾਂ ਨਾਲ ਭਰਪੂਰ ਹੈ। ਸੁਹੱਜਣਾ ਦੇ ਪੱਤਿਆਂ ਨੂੰ ਪੀਸ ਕੇ ਇਸ ਦੀਆਂ ਗੋਲੀਆਂ ਬਣਾ ਕੇ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਪਾਚਨ ਤੰਤਰ ਲਈ ਫ਼ਾਇਦੇਮੰਦ, ਹਾਈ ਬਲੱਡ ਪ੍ਰੈਸ਼ਰ ਨੂੰ ਕਾਬੂ ਕਰਦਾ ਹੈ, ਗੁਰਦਿਆਂ ਲਈ ਫਾਇਦੇਮੰਦ ਹੈ। ਕੈਂਸਰ ਦੇ ਖ਼ਤਰੇ ਨੂੰ ਘੱਟ ਕਰਦਾ ਹੈ ਤੇ ਜਿਗਰ ਲਈ ਵੀ ਫ਼ਾਇਦੇਮੰਦ ਹੈ।

ਇਸ ਵਿਚ 300 ਤੋਂ ਵੱਧ ਬਿਮਾਰੀਆਂ ਦੀ ਰੋਕਥਾਮ ਦੇ ਗੁਣ ਹਨ। ਇਸ ਵਿਚ 90 ਤਰ੍ਹਾਂ ਦੇ ਮਲਟੀਵਿਟਾਮਿਨ, 45 ਤਰ੍ਹਾਂ ਦੇ ਐਂਟੀ-ਆਕਸੀਡੈਂਟ ਗੁਣ, 35 ਤਰ੍ਹਾਂ ਦੇ ਦਰਦ ਤੋਂ ਰਾਹਤ ਦੇਣ ਵਾਲੇ ਗੁਣ ਅਤੇ 17 ਤਰ੍ਹਾਂ ਦੇ ਅਮੀਨੋ ਐਸਿਡ ਹੁੰਦੇ ਹਨ। ਸੁਹੰਜਣਾ ਇਕ ਅਜਿਹਾ ਰੁੱਖ ਹੈ ਜਿਸ ਦੇ ਫਲ, ਪੱਤੇ, ਬੀਜ ਅਤੇ ਫੁੱਲ ਸਾਰੇ ਸਿਹਤ ਲਈ ਫ਼ਾਇਦੇਮੰਦ ਹਨ। ਇਹ ਗ਼ਰੀਬਾਂ ਲਈ ਇਕ ਕਿਸਮ ਦਾ ਮੁਫ਼ਤ ਮਲਟੀਵਿਟਾਮਿਨ ਹੈ। ਮੋਰਿੰਗਾ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ, ਜੋ ਇਮਿਊਨਿਟੀ ਨੂੰ ਵਧਾਉਂਦਾ ਹੈ ਅਤੇ ਜ਼ੁਕਾਮ, ਫਲੂ ਅਤੇ ਹੋਰ ਰੋਗਾਂ ਨਾਲ ਲੜਨ ਵਿਚ ਮਦਦ ਕਰਦਾ ਹੈ।

ਦਿਲ ਦੀ ਸਿਹਤ ਨੂੰ ਸੁਧਾਰਦਾ ਹੈ। ਸੁਹੰਜਣੇ ਵਿਚ ਓਮੇਗਾ-3 ਫੈਟੀ ਐਸਿਡ ਹੁੰਦੇ ਹਨ, ਜੋ ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾਉਣ ਅਤੇ ਦਿਲ ਦੀ ਸਿਹਤ ਨੂੰ ਬਿਹਤਰ ਬਣਾਉਣ ਵਿਚ ਮਦਦ ਕਰਦੇ ਹਨ। ਇਸ ਵਿਚ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਸਫੋਰਸ ਵਰਗੇ ਖਣਿਜ ਹੁੰਦੇ ਹਨ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿਚ ਮਦਦ ਕਰਦੇ ਹਨ।

ਇਸ ਵਿਚ ਐਂਟੀ-ਡਾਇਬੀਟਿਕ ਗੁਣ ਹੁੰਦੇ ਹਨ, ਜੋ ਸ਼ੂਗਰ ਨੂੰ ਕੰਟਰੋਲ ਕਰਨ ਵਿਚ ਮਦਦ ਕਰਦੇ ਹਨ। ਸੁਹੰਜਣਾ ਫਾਈਬਰ ਨਾਲ ਭਰਪੂਰ ਹੁੰਦਾ ਹੈ, ਜੋ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦਾ ਹੈ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਂਦਾ ਹੈ। ਇਸ ਵਿਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ, ਜੋ ਚਮੜੀ ਨੂੰ ਸੁਧਾਰਨ ਅਤੇ ਵਾਲਾਂ ਨੂੰ ਮਜ਼ਬੂਤ ਬਣਾਉਣ ਵਿਚ ਮਦਦ ਕਰਦੇ ਹਨ।

ਡਰੱਮਸਟਿਕ ਵਿਚ ਕਲੋਰੋਜੈਨਿਕ ਐਸਿਡ ਅਤੇ ਮੋਟਾਪਾ ਵਿਰੋਧੀ ਗੁਣ ਹੁੰਦੇ ਹਨ, ਜੋ ਭਾਰ ਘਟਾਉਣ ਵਿਚ ਮਦਦ ਕਰਦੇ ਹਨ। ਅਖੀਰ ਵਿਚ ਸਮੱਸਿਆ ਇਹ ਪੈਦਾ ਹੁੰਦੀ ਹੈ ਕਿ ਇਨਸਾਨ ਬਣੀਆਂ-ਬਣਾਈਆਂ ਦਵਾਈਆਂ ਜਾਂ ਹੋਰ ਸਾਧਨਾਂ ’ਤੇ ਨਿਰਭਰ ਹੋ ਗਿਆ ਹੈ ਜਿਸ ਕਰ ਕੇ ਅਸੀਂ ਕੋਈ ਵੀ ਕੰਮ ਖੁਦ ਕਰਨ ਲਈ ਤਿਆਰ ਨਹੀਂ ਹਾਂ। ਸੁਹੰਜਣਾ ਦੇ ਅਨੇਕਾਂ ਹੀ ਫ਼ਾਈਦੇ ਹੋਣ ਦੇ ਬਾਵਜੂਦ ਅਸੀਂ ਨੇੜੇ ਖੜ੍ਹੇ ਰੁੱਖ ਤੋਂ ਫ਼ਾਈਦੇ ਨਹੀਂ ਲੈ ਸਕਦੇ।

ਘਰ ਵਿਚ ਟੁੱਥਪੇਸਟ ਪਿਆ ਹੋਣ ਕਰ ਕੇ ਕਿੱਕਰ ਜਾਂ ਨਿੰਮ ਦੀ ਦਾਤਣ ਤੋੜਨ ਵਾਸਤੇ ਨਹੀਂ ਜਾਂਦੇ। ਇਹੀ ਹਾਲਤ ਸੁਹੰਜਣਾ ਦੇ ਫ਼ਾਇਦਿਆਂ ਨਾਲ ਸਬੰਧਤ ਹਨ। ਸੋ ਆਓ ਮੈਡੀਕਲ ਦਵਾਈਆਂ ਤੋਂ ਬਚਾਅ ਲਈ ਸੁਹੰਜਣੇ ਦੀ ਵਰਤੋ ਕਰੀਏ। ਬੱਚਿਆਂ ਨੂੰ ਚਟਪਟੇ ਖਾਦ ਪਦਾਰਥ ਦੇਣ ਦੀ ਬਜਾਏ ਸੁਹੰਜਣੇ ਦੀ ਵੱਖ-ਵੱਖ ਢੰਗਾਂ ਨਾਲ ਵਰਤੋਂ ਕਰਨੀ ਸਿੱਖੀਏ ਅਤੇ ਸਿਖਾਈਏ।
ਬ੍ਰਿਸ ਭਾਨ ਬੁਜਰਕ ਕਾਹਨਗੜ੍ਹ ਰੋਡ (ਮੋ. 9876101698)