ਸੁਲਤਾਨ ਅਤੇ ਅਰਜੁਨ ਤੋਂ ਬਾਅਦ 1500 ਕਿਲੋ ਵਾਲੇ ਝੋਟੇ ਦੇ ਹੋ ਰਹੇ ਨੇ ਚਰਚੇ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

1500 ਕਿੱਲੋ ਦੇ ਸਾਨ੍ਹ ਨੂੰ ਦੇਖ ਕੇ ਹੋ ਜਾਓਗੇ ਹੈਰਾਨ...

HF Penny maker

ਬਠਿੰਡਾ: ਹੁਣ ਤੱਕ ਤੁਸੀਂ ਸੁਲਤਾਨ ਅਤੇ ਅਰਜਨ ਦੇਖੇ ਹੋਣਗੇ। ਅਸੀਂ ਕਿਸੇ ਫਿਲਮੀ ਅਦਾਕਾਰ ਦੀ ਗੱਲ ਨਹੀਂ ਕਰ ਰਹੇ। ਅਸੀਂ ਗੱਲ ਕਰ ਰਹੇ ਹਾਂ ਅਰਜਨ ਅਤੇ ਸੁਲਤਾਨ ਝੋਟਿਆਂ ਦੀ, ਜਿਨ੍ਹਾਂ ਵਿਚ ਕਈ ਖੂਬੀਆਂ ਹਨ ਜਾਂ ਉਹਨਾਂ ਦੀ ਕੀਮਤ ਕਰੋੜਾਂ ਵਿਚ ਹਨ। ਅੱਜ ਅਸੀਂ ਤੁਹਾਨੂੰ ਔਲਖ ਡੇਅਰੀ ਫਾਰਮ ਦੇ ਇਕ ਅਜਿਹੇ ਝੋਟੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਵਿਚ ਵਾਕਈ ਬਹੁਤ ਖੂਬੀਆਂ ਹਨ।

ਇਸ ਦੇ ਨਾਲ ਇਸ ਝੋਟੇ ਦਾ ਪੰਜਾਬ ਵਿਚ ਨਸਲ ਸੁਧਾਰ ਲਈ ਬਹੁਤ ਵੱਡਾ ਯੋਗਦਾਨ ਹੈ।  ਸਪੋਕਸਮੈਨ ਟੀਵੀ ਵੱਲੋਂ ਇਸ ਝੋਟੇ ਦੇ ਮਾਲਕ ਗਗਨ ਨਾਲ ਗੱਲਬਾਤ ਕੀਤੀ ਗਈ। ਇਹਨਾਂ ਦੀ ਡੇਅਰੀ ਵੱਲੋਂ HF ਪੈਨੀ ਮੇਕਰ ਨਸਲ ਦਾ ਝੋਟਾ ਰੱਖਿਆ ਗਿਆ ਹੈ। ਇਸ ਮੌਕੇ ਸਪੋਕਸਮੈਨ ਟੀਵੀ ਦੀ ਟੀਮ ਨੇ ਡੇਅਰੀ ਮਾਲਕ ਤੋਂ ਇਸ ਨਸਲ ਦੀਆਂ ਖੂਬੀਆਂ ਅਤੇ ਹੋਰ ਕਈ ਜਾਣਕਾਰੀ ਹਾਸਲ ਕੀਤੀ।

ਇਸ ਦੌਰਾਨ ਡੇਅਰੀ ਮਾਲਕ ਗਗਨ ਨੇ ਦੱਸਿਆ ਕਿ ਇਹ  HF ਪੈਨੀ ਮੇਕਰ ਬੁੱਲ ਏਬੀਐਸ, ਜਿਸ ਦੀ ਹੁਣ ਮੌਤ ਹੋ ਚੁੱਕੀ ਹੈ, ਉਸ ਦਾ ਬੱਚਾ ਹੈ। ਉਹਨਾਂ ਦੱਸਿਆ ਕਿ ਇਸ ਦੀ ਮਾਂ ਹੈਡਨ ਦੀ ਸੀ। ਉਹਨਾਂ ਦੱਸਿਆ ਕਿ ਇਸ ਦੀ ਮਾਂ ਦੇ ਪਹਿਲੇ ਸੂਏ ਦਾ ਦੁੱਧ 41 ਲੀਟਰ ਸੀ ਅਤੇ ਉਸ ਦੇ ਅਗਲੇ ਸੂਏ ਦਾ ਦੁੱਧ 58 ਲੀਟਰ ਸੀ। ਇਸ ਝੋਟੇ ਦੀ ਖਾਸੀਅਤ ਦੱਸਦੇ ਹੋਏ ਉਹਨਾਂ ਦੱਸਿਆ ਕਿ ਇਸ ਝੋਟੇ ਦਾ ਸਰੀਰ ਬਹੁਤ ਠੰਢਾ ਹੁੰਦਾ ਹੈ।

ਉਹਨਾਂ ਨੂੰ ਉਮੀਦ ਹੈ ਕਿ ਇਸ ਦੀਆਂ ਬੱਚੀਆਂ ਕਰੀਬ 38 ਤੋਂ 40 ਲੀਟਰ ਤੱਕ ਦੁੱਧ ਦੇਣਗੀਆਂ। ਬੀਤੇ ਸਾਲ ਕਰਨਾਲ ਵਿਚ ਪਸ਼ੂਆਂ ਦਾ ਇਕ ਸ਼ੋਅ ਹੋਇਆ ਸੀ, ਜਿਸ ਵਿਚ ਇਹ ਪਹਿਲੇ ਨੰਬਰ ‘ਤੇ ਆਇਆ ਸੀ। ਇਸ ਝੋਟੇ ਦੀ ਕੀਮਤ ਬਾਰੇ ਉਹਨਾਂ ਦੱਸਿਆ ਕਿ ਉਹਨਾਂ ਨੇ ਹੁਣ ਤੱਕ ਇਸ ਦਾ ਮੁੱਲ ਨਹੀਂ ਲਗਾਇਆ ਹੈ। ਉਹਨਾਂ ਦੱਸਿਆ ਕਿ ਇਸ ਝੋਟੇ ਦੀ ਖੁਰਾਕ ਵਿਚ ਉਹ ਇਸ ਨੂੰ 8 ਤੋਂ 10 ਕਿਲੋ ਫੀਡ ਦਿੰਦੇ ਹਨ।

ਇਸ ਨੂੰ ਫੀਡ ਨਾਲ ਸਰ੍ਹੋਂ ਦੀ ਖਲ਼, ਛੋਲੇ ਦੇ ਛਿਲਕੇ ਜਾਂ ਸੋਇਆਬੀਨ ਆਦਿ ਦਿੱਤੇ ਜਾਂਦੇ ਹਨ। ਉਹਨਾਂ ਦੱਸਿਆ ਕਿ ਇਸ ਦਾ ਭਾਰ 1500 ਕਿਲੋ ਹੈ ਅਤੇ ਇਸ ਦੀ ਉਮਰ ਸਾਢੇ ਚਾਰ ਸਾਲ ਹੈ। ਉਹਨਾਂ ਇਹ ਵੀ ਦੱਸਿਆ ਕਿ ਇਹ ਝੋਟਾ ਲਗਭਗ 10 ਸਾਲ ਉਮਰ ਹਢਾਉਂਦਾ ਹੈ ਅਤੇ ਇਹ ਅਮਰੀਕਾ ਦੀ ਨਸਲ ਹੈ। ਉਹਨਾਂ ਦੱਸਿਆ ਕਿ ਇਸ ਝੋਟੇ ਦਾ ਸੀਮਨ ਕਰਨਾਲ ਤੋਂ ਕਰਵਾਇਆ ਗਿਆ ਹੈ। ਉਹਨਾਂ ਇਹ ਵੀ ਦੱਸਿਆ ਕਿ ਉਹਨਾਂ ਨੇ ਸੀਮਨ ਦਾ ਰੇਟ ਕੁਝ ਜ਼ਿਆਦਾ ਨਹੀਂ ਰੱਖਿਆ ਹੈ, ਇਸ ਦਾ ਰੇਟ 80 ਰੁਪਏ ਰੱਖਿਆ ਗਿਆ ਹੈ।

ਦੱਸ ਦਈਏ ਕਿ ਇਹ ਡੇਅਰੀ ਫਾਰਮ ਰਾਮਪੁਰਾ ਫੂਲ ਦੇ ਨੇੜੇ ਇਕ ਪਿੰਡ ਵਿਚ ਹੈ ਅਤੇ ਔਲਖ ਡੇਅਰੀ ਫਾਰਮ ਨੂੰ ਗਗਨ ਸੰਭਾਲਦੇ ਹਨ। ਗਗਨ ਨੇ ਦੱਸਿਆ ਕਿ ਅੱਜ ਤੱਕ ਇਹ ਝੋਟੇ ਨੂੰ ਕੋਈ ਬਿਮਾਰੀ ਨਹੀਂ ਆਈ। ਉਹਨਾਂ ਦੱਸਿਆ ਕਿ ਇਸ ਦੀ ਇਹ ਵੀ ਖਾਸੀਅਤ ਹੈ ਕਿ ਇਹ 80 ਫੀਸਦੀ ਬੱਚੇ ਅਪਣੇ ਉੱਪਰ ਲੈ ਕੇ ਜਾਂਦਾ ਹੈ। ਗਗਨ ਨੇ ਦੱਸਿਆ ਕਿ ਹਰਿਆਣਾ ਵਿਚ ਹੋਏ ਇਕ ਮੁਕਾਬਲੇ ‘ਚ ਵੀ ਇਸ ਨੇ ਪਹਿਲਾ ਇਨਾਮ ਜਿੱਤਿਆ ਸੀ।

ਗਗਨ ਇਸ ਦੀ ਸੰਭਾਲ ਲਈ 1 ਘੰਟਾ ਸਵੇਰੇ ਅਤੇ 1 ਘੰਟਾ ਸ਼ਾਮ ਨੂੰ ਦਿੰਦੇ ਹਨ। ਇਸ ਦੇ ਨਾਲ ਹੀ ਗਗਨ ਨੇ ਦੱਸਿਆ ਕਿ ਉਹ ਸਵੇਰੇ-ਸ਼ਾਮ ਦੋ-ਦੋ ਕਿਲੋਮੀਟਰ ਇਸ ਨੂੰ ਸੈਰ ਕਰਵਾਉਂਦੇ ਹਨ। ਉਹਨਾਂ ਦੱਸਿਆ ਕਿ ਇਸ ਦਾ ਵੱਧੋ-ਵੱਧ ਭਾਰ 1700 ਕਿਲੋਗ੍ਰਾਮ ਹੋ ਸਕਦਾ ਹੈ। ਉਹਨਾਂ ਦੱਸਿਆ ਕਿ ਇਸ ਤਰ੍ਹਾਂ ਦੀ ਨਸਲਾਂ ਪੰਜਾਬ ਵਿਚ 2 ਜਾਂ 3 ਹਨ। ਉਹਨਾਂ ਦਾ ਕਹਿਣਾ ਹੈ ਕਿ ਇਸ ਨਸਲ ਵੱਲ ਲੋਕਾਂ ਦਾ ਕੁਝ ਖ਼ਾਸ ਧਿਆਨ ਨਹੀਂ ਹੁੰਦਾ, ਕਿਉਂਕਿ ਲੋਕ ਦੇਸੀ ਗਾਂ ਦੇ ਦੁੱਧ ਨੂੰ ਜ਼ਿਆਦਾ ਪਹਿਲ ਦਿੰਦੇ ਹਨ।

ਉਹਨਾਂ ਦੱਸਿਆ ਕਿ ਕਈ ਲੋਕਾਂ ਵੱਲੋਂ ਇਸ ਬੁੱਲ ਦੀ ਮੰਗ ਕੀਤੀ ਗਈ ਹੈ ਪਰ ਉਹ ਇਸ ਨੂੰ ਵੇਚਣ ਲਈ ਤਿਆਰ ਨਹੀਂ ਹਨ। ਲੋਕਾਂ ਦੇ ਮਨਾਂ ਅੰਦਰ ਗਾਂ ਦੇ ਦੁੱਧ ਨੂੰ ਲੈ ਕੇ ਧਾਰਨਾ ਬਣੀ ਹੋਈ ਹੈ ਕਿ ਦੇਸੀ ਗਾਂ ਦਾ ਦੁੱਧ ਜ਼ਿਆਦਾ ਵਧੀਆ ਹੁੰਦਾ ਹੈ ਪਰ ਗਗਨ ਅਨੁਸਾਰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਵਿਦੇਸ਼ੀ ਲੋਕ ਵੀ ਇਸੇ ਨਸਲ ਦਾ ਦੁੱਧ ਪੀਂਦੇ ਹਨ। ਜੇਕਰ ਕੋਈ ਕਿਸਾਨ ਅਪਣੇ ਪਸ਼ੂਆਂ ਜਾਂ ਗਾਵਾਂ ਦੀ ਨਸਲ ਵਿਚ ਸੁਧਾਰ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਗਗਨ ਨਾਲ ਸੰਪਰਕ ਕਰ ਸਕਦੇ ਹਨ।