ਕਿਵੇਂ ਕਰੀਏ ਹਲਦੀ ਦੀ ਖੇਤੀ, ਜਾਣੋ ਪੂਰੀ ਵਿਧੀ

ਏਜੰਸੀ

ਖੇਤੀਬਾੜੀ, ਸਹਾਇਕ ਧੰਦੇ

ਹਲਦੀ ਦਵਾਈਆਂ ਲਈ ਵੀ ਵਰਤੀ ਜਾਂਦੀ ਹੈ ਕਿਉਂਕਿ ਇਸ ਵਿਚ ਕੈਂਸਰ ਅਤੇ ਵਿਸ਼ਾਣੂ ਵਿਰੋਧਕ ਤੱਤ ਮਿਲ ਜਾਂਦੇ ਹਨ।

photo

 

 ਹਲਦੀ ਇਕ ਸਦਾਬਹਾਰ ਬੂਟੀ ਹੈ ਅਤੇ ਦਖਣੀ ਏਸ਼ੀਆ ਦੀ ਫ਼ਸਲ ਹੈ। ਇਸ ਨੂੰ ‘ਭਾਰਤੀ ਕੇਸਰ’ ਵੀ ਕਿਹਾ ਜਾਂਦਾ ਹੈ ਅਤੇ ਇਹ ਇਕ ਮਹੱਤਵਪੂਰਨ ਮਸਾਲਾ ਹੈ। ਇਹ ਰਸੋਈ ਦਾ ਮਹੱਤਵਪੂਰਨ ਪਦਾਰਥ ਹੈ ਅਤੇ ਸਵਾਦ ਅਤੇ ਰੰਗ ਲਈ ਵਰਤਿਆ ਜਾਂਦਾ ਹੈ। ਹਲਦੀ ਦਵਾਈਆਂ ਲਈ ਵੀ ਵਰਤੀ ਜਾਂਦੀ ਹੈ ਕਿਉਂਕਿ ਇਸ ਵਿਚ ਕੈਂਸਰ ਅਤੇ ਵਿਸ਼ਾਣੂ ਵਿਰੋਧਕ ਤੱਤ ਮਿਲ ਜਾਂਦੇ ਹਨ। ਇਸ ਨੂੰ ਧਾਰਮਕ ਅਤੇ ਰਸਮ-ਰਿਵਾਜਾਂ ਦੇ ਕੰਮਾਂ ਵਿਚ ਵੀ ਵਰਤਿਆ ਜਾਂਦਾ ਹੈ। ਇਸ ਦੇ ਪ੍ਰਜਣਨ (ਵਾਧੇ) ਲਈ ਰਹਾਈਜ਼ੋਮਸ ਵਰਤੇ ਜਾਂਦੇ ਹਨ।

ਇਸ ਦੇ ਪੱਤੇ ਲੰਬੇ, ਚੌੜੇ ਅਤੇ ਗੂੜ੍ਹੇ ਹਰੇ ਰੰਗ ਦੇ ਅਤੇ ਫੁੱਲ ਫਿੱਕੇ ਪੀਲੇ ਰੰਗ ਦੇ ਹੁੰਦੇ ਹਨ। ਭਾਰਤ ਸੰਸਾਰ ਵਿਚ ਸੱਭ ਤੋਂ ਵੱਧ ਹਲਦੀ ਉਗਾਉਣ, ਖਾਣ ਅਤੇ ਬਾਹਰ ਭੇਜਣ ਵਾਲਾ ਦੇਸ਼ ਹੈ। ਭਾਰਤ ਵਿਚ ਇਹ ਫ਼ਸਲ ਆਂਧਰਾ ਪ੍ਰਦੇਸ਼, ਉੜੀਸਾ, ਪਛਮੀ ਬੰਗਾਲ, ਕਰਨਾਟਕ ਅਤੇ ਕੇਰਲ ਵਿਚ ਉਗਾਈ ਜਾਂਦੀ ਹੈ। ਵਧੀਆ ਜਲ ਨਿਕਾਸ ਵਾਲੀਆਂ ਹਲਕੀਆਂ ਜਾਂ ਭਾਰੀਆਂ, ਰੇਤਲੀਆਂ ਅਤੇ ਚੀਕਣੀਆਂ ਜ਼ਮੀਨਾਂ ਇਸ ਲਈ ਵਧੀਆ ਮੰਨੀਆ ਜਾਂਦੀਆ ਹਨ।

ਖੇਤ ਵਿਚ ਪਾਣੀ ਖੜਾ ਨਾ ਹੋਣ ਦਿਉ ਕਿਉਂਕਿ ਇਹ ਫ਼ਸਲ ਖੜੇ ਪਾਣੀ ਨੂੰ ਸਹਾਰ ਨਹੀਂ ਸਕਦੀ। ਵੱਧ ਝਾੜ ਲੈਣ ਲਈ ਬਿਜਾਈ ਅਪ੍ਰੈਲ ਦੇ ਅੰਤ ਵਿਚ ਕਰੋ। ਇਸ ਨੂੰ ਪਨੀਰੀ ਦੇ ਨਾਲ ਵੀ ਉਗਾਇਆ ਜਾ ਸਕਦਾ ਹੈ। ਇਸ ਲਈ ਜੂਨ ਦੇ ਪਹਿਲੇ ਪੰਦੜਵਾੜੇ ਤਕ ਪਨੀਰੀ ਖੇਤ ਵਿਚ ਲਾ ਦਿਉ। ਪਨੀਰੀ ਲਈ 35-45 ਦਿਨਾਂ ਦੇ ਪੌਦਿਆਂ ਨੂੰ ਖੇਤ ਵਿਚ ਲਗਾਉ। ਬੀਜ ਦੀ ਡੂੰਘਾਈ 3 ਸੈ:ਮੀ: ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਸ ਦੀ ਬਿਜਾਈ ਸਿੱਧੇ ਖੇਤ ਵਿਚ ਲਗਾ ਕੇ ਜਾਂ ਪਨੀਰੀ ਲਗਾ ਕੇ ਕੀਤੀ ਜਾਂਦੀ ਹੈ। ਬਿਜਾਈ ਤੋਂ 2-3 ਦਿਨਾਂ ਦੇ ਵਿਚ ਪੈਂਡੀਮੈਥਾਲਿਨ 30 ਈ.ਸੀ 800 ਮਿ.ਲੀ. ਜਾਂ ਮੈਟਰੀਬਿਉਜ਼ਿਨ 70 ਡਬਲਿਊ ਪੀ 400 ਗ੍ਰਾਮ ਨੂੰ  200 ਲੀਟਰ ਪਾਣੀ ਵਿਚ ਪਾ ਕੇ ਸਪਰੇਅ ਕਰੋ। ਨਦੀਨ ਨਾਸ਼ਕ ਦੀ ਵਰਤੋਂ ਤੋਂ ਬਾਅਦ ਖੇਤ ਨੂੰ ਹਰੇ ਪੱਤਿਆਂ ਜਾਂ ਝੋਨੇ ਦੀ ਤੂੜੀ ਨਾਲ ਢੱਕ ਦਿਉ।

ਜੜ੍ਹਾਂ ਦੇ ਵਿਕਾਸ ਲਈ ਬਿਜਾਈ ਤੋਂ 50-60 ਦਿਨ ਬਾਅਦ ਅਤੇ ਫਿਰ 40 ਦਿਨ ਬਾਅਦ ਜੜ੍ਹਾਂ ਨੂੰ ਮਿੱਟੀ ਲਾਉ। ਇਹ ਘੱਟ ਬਾਰਸ਼ ਵਾਲੀ ਫ਼ਸਲ ਹੈ, ਇਸ ਲਈ ਬਾਰਸ਼ ਦੇ ਅਨੁਸਾਰ ਸਿੰਚਾਈ ਕਰੋ। ਹਲਕੀ ਜ਼ਮੀਨ ਵਿਚ ਫ਼ਸਲ ਨੂੰ ਕੁਲ 35-40 ਸਿੰਚਾਈਆਂ ਦੀ ਲੋੜ ਪੈਂਦੀ ਹੈ। ਬਿਜਾਈ ਤੋਂ ਬਾਅਦ ਫ਼ਸਲ ਨੂੰ 40-60 ਕੁਇੰਟਲ ਪ੍ਰਤੀ ਏਕੜ ਹਰੇ ਪੱਤਿਆਂ ਨਾਲ ਢੱਕ ਦਿਉ।