ਕਿਸਾਨਾਂ ਲਈ ਪਸ਼ੂ ਪਾਲਣ ਦੇ ਧੰਦੇ ਵਿਚ ਸਹਾਈ ਨੁਕਤੇ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਪਸ਼ੂਆਂ ਨੂੰ ਉਮਰ ਮੁਤਾਬਕ ਅਲੱਗ ਰਖਣਾ ਚਾਹੀਦਾ ਹੈ ਕਿਉਂਕਿ ਹਰ ਪਸ਼ੂ ਦੀ ਉਮਰ ਦੇ ਹਿਸਾਬ ਨਾਲ ਵੱਖ-ਵੱਖ ਲੋੜ ਅਤੇ ਸੁਭਾਅ ਹੁੰਦਾ ਹੈ

Helpful tips for farmers in the business of animal husbandry

ਪਸ਼ੂਆਂ ਨੂੰ ਉਮਰ ਮੁਤਾਬਕ ਅਲੱਗ ਰਖਣਾ ਚਾਹੀਦਾ ਹੈ ਕਿਉਂਕਿ ਹਰ ਪਸ਼ੂ ਦੀ ਉਮਰ ਦੇ ਹਿਸਾਬ ਨਾਲ ਵੱਖ-ਵੱਖ ਲੋੜ ਅਤੇ ਸੁਭਾਅ ਹੁੰਦਾ ਹੈ। ਬਿਮਾਰ ਪਸ਼ੂਆਂ ਨੂੰ ਬਾਕੀ ਸਿਹਤਮੰਦ ਪਸ਼ੂਆਂ ਨਾਲੋਂ ਵੱਖ ਕਰ ਦੇਣਾ ਚਾਹੀਦਾ ਹੈ ਅਤੇ ਬੀਮਾਰੀਆਂ ਦੀ ਰੋਕਥਾਮ ਲਈ ਸਹੀ ਸਮੇਂ 'ਤੇ ਟੀਕਾਕਰਨ ਅਤੇ ਮਲੱਪ ਰਹਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਬੀਮਾਰੀ ਤੋਂ ਪਸ਼ੂ ਦੀ ਸਿਹਤ ਨੂੰ ਹੋਣ ਵਾਲੇ ਨੁਕਸਾਨ ਅਤੇ ਦੁੱਧ ਵਿਚ ਕਮੀ ਨੂੰ ਬਚਾਇਆ ਜਾ ਸਕੇ।

- ਸਮੇਂ-ਸਮੇਂ 'ਤੇ ਡੇਅਰੀ ਪਸ਼ੂਆਂ ਦੀ ਬਿਮਾਰੀ ਲਈ ਜਾਂਚ ਕਰਦੇ ਰਹੋ।
- ਨਵੇਂ ਖ਼ਰੀਦੇ ਪਸ਼ੂਆਂ ਨੂੰ ਬਾਕੀ ਪਸ਼ੂਆਂ ਨਾਲੋਂ 21 ਦਿਨ ਅਲੱਗ ਰਖਿਆ ਜਾਣਾ ਚਾਹੀਦਾ ਹੈ ਤਾਕਿ ਦੂਜੇ ਪਸ਼ੂਆਂ ਨੂੰ ਬਿਮਾਰੀ ਤੋਂ ਬਚਾਇਆ ਜਾ ਸਕੇ।

- ਪਸ਼ੂਆਂ ਦੇ ਥਣਾਂ ਦੀ ਸਾਫ਼-ਸਫ਼ਾਈ ਰੱਖੋ ਤਾਂ ਜੋ ਥਨੇਲਾ ਰੋਗ ਤੋਂ ਬਚਾਇਆ ਜਾ ਸਕੇ। ਦੁੱਧ ਚੁਆਈ ਤੋਂ ਬਾਅਦ ਘੱਟੋ-ਘੱਟ ਅੱਧਾ ਘੰਟਾ ਅਪਣੇ ਪਸ਼ੂਆਂ ਨੂੰ ਬੈਠਣ ਨਾ ਦਿਉ ਕਿਉਂਕਿ ਇਸ ਸਮੇਂ ਦੌਰਾਨ ਉਨ੍ਹਾਂ ਦੇ ਥਣਾਂ ਦੀਆਂ ਮੋਰੀਆਂ ਖੁਲ੍ਹੀਆਂ ਹੁੰਦੀਆਂ ਹਨ ਅਤੇ ਜੇ ਬੈਠਣ ਵਾਲੀ ਥਾਂ ਸਾਫ਼ ਨਾ ਹੋਵੇ ਤਾਂ ਥਨੇਲਾ ਰੋਗ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਇਸ ਲਈ ਬਹੁਤੇ ਪਸ਼ੂ ਪਾਲਕ ਵੀਰ ਦੁੱਧ ਦੀ ਚੁਆਈ ਤੋਂ ਬਾਅਦ ਪਸ਼ੂਆਂ ਨੂੰ ਫ਼ੀਡ ਪਾ ਦਿੰਦੇ ਹਨ ਤਾਂ ਜੋ ਪਸ਼ੂ ਬੈਠ ਨਾ ਸਕੇ।

- ਦੁੱਧ ਚੁਆਈ ਤੋਂ ਬਾਅਦ ਟੀਟ-ਡਿਪਸ  ਦੀ ਵਰਤੋਂ ਕਰਨੀ ਚਾਹੀਦੀ ਹੈ, ਜੋ ਕਿ ਬਾਜ਼ਾਰ ਤੋਂ ਅਸਾਨੀ ਨਾਲ ਮਿਲਦੇ ਹਨ ਜਾਂ ਅਸੀ ਇਕ ਬੋਤਲ ਪਾਣੀ ਵਿਚ ਇਕ ਚੁਟਕੀ ਲਾਲ ਦਵਾਈ ਪਾ ਕੇ, ਇਸ ਨੂੰ ਪਸ਼ੂ ਦੇ ਥਣਾਂ 'ਤੇ ਛਿੜਕਾਅ ਲਈ ਇਕ ਮਹੀਨਾ ਅਰਾਮ ਨਾਲ ਵਰਤ ਸਕਦੇ ਹਾਂ।
-ਨਸਲ ਨੂੰ ਸੁਧਾਰਨ ਲਈ ਸਹੀ ਟੀਕੇ ਦੀ ਵਰਤੋਂ ਕਰੋ ਤੇ ਕਿਸੇ ਮਾਹਰ ਵੈਟਨਰੀ ਡਾਕਟਰ ਤੋਂ ਹੀ ਟੀਕਾ ਭਰਵਾਉ।

-ਪਸ਼ੂਆਂ ਨੂੰ ਗਭਣ, ਵਜ਼ਨ ਦੇ ਹਿਸਾਬ ਨਾਲ ਕਰਵਾਉ ਨਾਕਿ ਉਮਰ ਦੇ ਹਿਸਾਬ ਨਾਲ।
-ਪਸ਼ੂਆਂ ਨੂੰ ਦੁੱਧ ਅਤੇ ਵਜ਼ਨ ਦੇ ਹਿਸਾਬ ਨਾਲ ਚਾਰਾ ਤੇ ਖ਼ੁਰਾਕ ਪਾਉ ਅਤੇ ਉਨ੍ਹਾਂ ਨੂੰ ਸੰਤੁਲਿਤ ਆਹਾਰ ਦਿਉ ਤੇ ਰਜਵਾਂ ਪਾਣੀ ਪਿਲਾਉ।
- ਉੱਲੀ ਰਹਿਤ ਖ਼ੁਰਾਕ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਉੱਲੀ ਲੱਗੀ ਖ਼ੁਰਾਕ ਪਸ਼ੂਆਂ ਨੂੰ ਬਿਮਾਰ ਕਰਦੀ ਹੈ ਤੇ ਜੋ ਦੁੱਧ ਪੀਣ ਵਾਲਿਆਂ ਦੀ ਸਿਹਤ ਲਈ ਹਾਨੀਕਾਰਕ ਸਾਬਤ ਹੁੰਦੀ ਹੈ।

- ਖੁਰਲੀਆਂ ਅਤੇ ਖੇਲਾਂ ਦੀ ਸਾਫ਼-ਸਫ਼ਾਈ ਰੱਖੋ ਤੇ ਖੇਲਾਂ ਨੂੰ ਅੰਦਰੋਂ ਚਿੱਟੀ ਕਲੀ ਕਰੋ ਜੋ ਕਿ ਸਾਡੇ ਪਸ਼ੂਆਂ ਵਿਚ ਕੈਲਸ਼ੀਅਮ ਦੀ ਮਾਤਰਾ ਨੂੰ ਪੂਰੀ ਕਰਨ ਵਿਚ ਸਹਾਈ ਸਾਬਤ ਹੁੰਦੀ ਹੈ।
- ਮੌਸਮ ਦੇ ਹਿਸਾਬ ਨਾਲ ਪਸ਼ੂਆਂ ਦੀ ਸਾਂਭ-ਸੰਭਾਲ ਕਰੋ। ਸਰਦੀਆਂ ਵਿਚ ਪਸ਼ੂਆਂ ਨੂੰ ਗਰਮ ਰੱਖਣ ਦੀ ਕੋਸ਼ਿਸ਼ ਕਰੋ ਤੇ ਗਰਮੀਆਂ ਵਿਚ ਉਨ੍ਹਾਂ ਨੂੰ ਹੀਟ ਸਟਰੈਸ ਤੋਂ ਬਚਾਉਣ ਦਾ ਪ੍ਰਬੰਧ ਕਰੋ।

-ਇਕ ਫ਼ਾਰਮ ਦੇ ਸੰਦ ਦੂਜੇ ਫ਼ਾਰਮ ਵਿਚ ਨਾ ਵਰਤੋ ਅਤੇ ਫ਼ਾਰਮ ਵਿਚ ਜੀਵ ਸੁਰੱਖਿਆ ਪ੍ਰਣਾਲੀ ਅਪਣਾਉ। ਫ਼ਾਰਮ ਦੇ ਪ੍ਰਵੇਸ਼ 'ਤੇ ਕਲੀ ਦਾ ਛਿੜਕਾਅ ਕਰੋ ਅਤੇ ਲੋੜ ਤੋਂ ਬਿਨਾਂ ਕਿਸੇ ਨੂੰ ਵੀ ਫ਼ਾਰਮ ਦੇ ਅੰਦਰ ਨਾ ਜਾਣ ਦਿਉ।
- ਡੇਅਰੀ ਫ਼ਾਰਮ 'ਤੇ ਹਰ ਪਸ਼ੂ ਦਾ ਰਜਿਸਟਰ ਅਤੇ ਰੀਕਾਰਡ ਬਣਾ ਕੇ ਰੱਖੋ ਜਿਸ ਵਿਚ ਦੁੱਧ ਦਾ ਉਤਪਾਦਨ, ਮਲੱਪ ਰਹਿਤ ਤੇ ਟੀਕਾਕਰਨ ਕੀਤੇ ਜਾਣ ਦਾ ਸਮਾਂ, ਗੱਭਣ ਕਰਵਾਉਣ ਦਾ ਸਮਾਂ ਆਦਿ ਸ਼ਾਮਲ ਹੋਣ।

-ਪੂਰਬ ਤੋਂ ਪੱਛਮ ਵਲ ਸ਼ੈੱਡ ਦੀ ਦਿਸ਼ਾ ਉੱਤਰ ਤੋਂ ਦੱਖਣ ਨਾਲੋਂ ਵਧੇਰੇ ਲਾਭਕਾਰੀ ਸਾਬਤ ਹੁੰਦੀ ਹੈ। ਇਸ ਨਾਲ ਇਕ ਵਧੇਰੇ ਠੰਢਾ ਵਾਤਾਵਰਣ ਪ੍ਰਦਾਨ ਹੁੰਦਾ ਹੈ।
-ਪਸ਼ੂਆਂ ਨੂੰ ਕੱਚੀ ਸਤਹ 'ਤੇ ਰੱਖੋ ਜਾਂ ਪੱਕੀ ਸਤਹ 'ਤੇ ਮੈਟ ਦਾ ਇਸਤੇਮਾਲ ਕਰੋ ਤਾਂ ਜੋ ਪਸ਼ੂਆਂ ਨੂੰ ਖੁਰਾਂ ਦੀਆਂ ਬੀਮਾਰੀਆਂ ਤੋਂ ਬਚਾਇਆ ਜਾ ਸਕੇ।
- ਵਧਦੇ ਖੁਰਾਂ ਨੂੰ ਸਮੇਂ ਸਮੇਂ 'ਤੇ ਕਟਦੇ ਰਹਿਣਾ ਚਾਹੀਦਾ ਹੈ ਤੇ ਉਨ੍ਹਾਂ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ।

- ਪਿਸ਼ਾਬ ਤੇ ਗੋਹੇ ਦੇ ਨਿਕਾਸ ਵਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।
-ਫ਼ਾਰਮ 'ਚ ਸਮੇਂ-ਸਮੇਂ 'ਤੇ ਕੀਟਨਾਸ਼ਕ ਦਵਾਈ ਦਾ ਛਿੜਕਾਅ ਕਰੋ ਤਾਂ ਜੋ ਮੱਖੀਆਂ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਇਆ ਜਾ ਸਕੇ।
-ਡਾ. ਕੰਵਰਪਾਲ ਸਿੰਘ ਢਿੱਲੋਂ,
ਸੰਪਰਕ : 99156-78787