ਧਰਤੀ ਹੇਠਲਾ ਪਾਣੀ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਸਮੇਂ ਦੀ ਲੋੜ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਸਿੱਧੀ ਬਿਜਾਈ ਕਰਨ ਨਾਲ ਰਵਾਇਤੀ ਖੇਤੀ ਨਾਲੋਂ ਤਿੰਨ ਹਜ਼ਾਰ ਰੁਪਏ ਤੋਂ ਵੱਧ ਦੀ ਬੱਚਤ ਹੁੰਦੀ ਹੈ

photo

 

ਬਟਾਲਾ (ਰਮਨਦੀਪ ਕੌਰ ਸੈਣੀ/ਨਿਤਿਨ ਲੁਥਰਾ): ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇਣ ਦਾ ਐਲਾਨ ਕੀਤਾ ਗਿਆ ਸੀ। ਪੰਜਾਬ ਵਿਚ ਜ਼ਮੀਨਦੋਜ਼ ਪਾਣੀ ਦਾ ਪੱਧਰ ਲਗਾਤਾਰ ਥੱਲੇ ਜਾ ਰਿਹਾ ਹੈ ਅਤੇ ਝੋਨੇ ਦੀ ਖੇਤੀ ਵਿਚ ਬਹੁਤ ਜ਼ਿਆਦਾ ਪਾਣੀ ਦੀ ਵਰਤੋਂ ਹੁੰਦੀ ਹੈ। ਇਸ ਲਈ ਸਰਕਾਰ ਪਾਣੀ ਦੀ ਬੱਚਤ ਲਈ ਝੋਨੇ ਦੀ ਸਿੱਧੀ ਬਿਜਾਈ ਉਤੇ ਜ਼ਿਆਦਾ ਜ਼ੋਰ ਦੇ ਰਹੀ ਹੈ।

ਬਟਾਲਾ ਦੇ ਕਿਸਾਨ ਮੱਖਣ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਝੋਨੇ ਦੀ ਸਿੱਧੀ ਬਿਜਾਈ ਦੇ ਫ਼ਾਇਦਿਆਂ ਬਾਰੇ ਬੋਲਦਿਆਂ ਜਾਣਕਾਰੀ ਦਿਤੀ ਕਿ ਇਸ ਨਾਲ ਕਿੰਨਾ ਝਾੜ ਘੱਟਦਾ ਹੈ ਤੇ ਕਿੰਨਾ ਵਧਦਾ ਹੈ। ਕਿਸਾਨ ਮੱਖਣ ਸਿੰਘ ਨੇ ਦਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਪਾਣੀ ਦੀ ਬੱਚਤ ਹੁੰਦੀ ਹੈ ਕਿਉਂਕਿ ਕੱਦੂ ਕਰ ਕੇ ਬਿਜਾਈ ਕਰਨ ਨਾਲ ਪਾਣੀ ਦੀ ਬਹੁਤ ਜ਼ਿਆਦਾ ਖਪਤ ਹੁੰਦੀ ਹੈ। ਉਨ੍ਹਾਂ ਦਸਿਆ ਕਿ ਸਿੱਧੀ ਬਿਜਾਈ ਕਰਨ ਨਾਲ ਰਵਾਇਤੀ ਖੇਤੀ ਨਾਲੋਂ ਤਿੰਨ ਹਜ਼ਾਰ ਰੁਪਏ ਤੋਂ ਵੱਧ ਦੀ ਬੱਚਤ ਹੁੰਦੀ ਹੈ। ਕਿਸਾਨ ਮੱਖਣ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਢੰਗਾਂ ਨਾਲ ਝੋਨੇ ਦੀ ਬਿਜਾਈ ਕੀਤੀ ਜਾਵੇ ਤਾਂ ਜੋ ਧਰਤੀ ਹੇਠਲੇ ਪਾਣੀ ਦੀ ਬੱਚਤ ਹੋ ਸਕੇ। ਉਨ੍ਹਾਂ ਕਿਹਾ ਕਿ ਸਿੱਧੀ ਬਿਜਾਈ ਕਰਨ ਨਾਲ ਫ਼ਸਲ ਦੇ ਝਾੜ ’ਤੇ ਕੋਈ ਫ਼ਰਕ ਨਹੀਂ ਪੈਂਦਾ ਇਸ ਦਾ ਝਾੜ ਰਵਾਇਤੀ ਢੰਗ ਨਾਲ ਕੀਤੀ ਝੋਨੇ ਦੀ ਫ਼ਸਲ ਦੇ ਬਰਾਬਰ ਹੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਿੱਧੀ ਬਿਜਾਈ ਕਰਨ ਨਾਲ ਮਿਹਨਤ ਤੇ  ਪੈਸੇ ਦੀ ਵੱਧ ਤੋਂ ਵੱਧ ਬੱਚਤ ਹੁੰਦੀ ਹੈ ਤੇ ਰਵਾਇਤੀ ਢੰਗ ਨਾਲ ਬਿਜਾਈ ਕਰਨ ਨਾਲ ਮਿਹਨਤ ਤੇ ਖ਼ਰਚ ਜ਼ਿਆਦਾ ਹੁੰਦਾ ਹੈ। ਉਨ੍ਹਾਂ ਦਸਿਆ ਕਿ ਜੇਕਰ ਖੇਤਾਂ ਵਿਚ ਨਰਮਾਈ ਹੋਵੇ ਤਾਂ ਉਸ ’ਚ ਬੀਜੀ ਝੋਨੇ ਦੀ ਫ਼ਸਲ ਨੂੰ 18 ਦਿਨਾਂ ਬਾਅਦ ਪਾਣੀ ਦੇਣ ਦੀ ਲੋੜ ਹੁੰਦੀ ਹੈ। ਰਵਾਇਤੀ ਢੰਗ ਨਾਲ ਬੀਜੇ ਝੋਨੇ ’ਚ ਨਿਤ ਪਾਣੀ ਦੇਣਾ ਪੈਂਦਾ ਹੈ।

ਕਿਸਾਨ ਮੱਖਣ ਸਿੰਘ ਨੇ ਦਸਿਆ ਕਿ ਉਹ 17 ਕਿੱਲਿਆਂ ਦੀ ਖੇਤੀ ਕਰਦਾ ਹੈ ਤੇ ਹਰ ਸਾਲ ਝੋਨੇ ਦੀ ਸਿੱਧੀ ਬਿਜਾਈ ਕਰ ਕੇ ਸਰਕਾਰ ਦੀ ਸਕੀਮ ਦਾ ਲਾਭ ਲੈ ਰਿਹਾ ਹੈ। ਕਿਸਾਨ ਨੇ ਚਿਤਾਵਨੀ ਦਿਤੀ ਕਿ ਜੇਕਰ ਸਮਾਂ ਰਹਿੰਦੇ ਧਰਤੀ ਹੇਠਲੇ ਪਾਣੀ ਦੀ ਕਦਰ ਨਾ ਪਾਈ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਇਕ ਹੋਰ ਮਾਰੂਥਲ ਵਜੋਂ ਉਭਰ ਕੇ ਸਾਹਮਣੇ ਆਵੇਗਾ।