ਪੰਜਾਬ ਵਿਚ ਝੋਨੇ ਦੀ ਚੁਕਾਈ 150 ਲੱਖ ਮੀਟਰਿਕ ਟਨ ਤੋਂ ਪਾਰ ਹੋਈ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਪੰਜਾਬ ਸਰਕਾਰ ਦੀ ਸਰਗਰਮ ਪਹੁੰਚ ਕਾਰਨ 17 ਨਵੰਬਰ ਤਕ 11 ਲੱਖ ਤੋਂ ਵੱਧ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ (ਐਮ ਐਸ ਪੀ) ਦਾ ਲਾਭ ਮਿਲਿਆ ਹੈ।

Paddy lifting in Punjab crosses 150 lakh metric tonnes

ਮੁਹਾਲੀ (ਸਸਸ) : ਪੰਜਾਬ’ਚ ਹਾਲ ਹੀ ਵਿਚ ਆਏ ਹੜ੍ਹਾਂ ਕਾਰਨ ਪੈਦਾ ਹੋਈਆਂ ਸਥਿਤੀਆਂ ਦੇ ਬਾਵਜੂਦ ਪੰਜਾਬ ਦੀਆਂ ਮੰਡੀਆਂ ਵਿਚ ਸੁਚਾਰੂ ਅਤੇ ਢੁਕਵੇਂ ਬੁਨਿਆਦੀ ਢਾਂਚੇ ਸਦਕਾ ਝੋਨੇ ਦੀ ਚੁਕਾਈ ਦਾ ਅੰਕੜਾ 150 ਲੱਖ ਮੀਟਰਿਕ ਟਨ  ਨੂੰ ਪਾਰ ਕਰ ਗਿਆ ਹੈ। ਇਸ ਤੋਂ ਪਹਿਲਾਂ, ਝੋਨੇ ਆਮਦ ਅਤੇ ਖ਼ਰੀਦ ਦੋਵੇਂ ਹੀ 150 ਲੱਖ ਮੀਟਰਿਕ ਟਨ ਦੇ ਅੰਕੜੇ ਨੂੰ ਪਾਰ ਕਰ ਗਏ ਸਨ।

ਝੋਨੇ ਦੀ ਸੁਚਾਰੂ ਖ਼ਰੀਦ ਨੂੰ ਯਕੀਨੀ ਬਣਾਉਣ ਵਿਚ ਕੋਈ ਕਸਰ ਨਾ ਛੱਡਦੇ ਹੋਏ, ਪੰਜਾਬ ਸਰਕਾਰ ਦੀ ਸਰਗਰਮ ਪਹੁੰਚ ਕਾਰਨ 17 ਨਵੰਬਰ ਤਕ 11 ਲੱਖ ਤੋਂ ਵੱਧ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ (ਐਮ ਐਸ ਪੀ) ਦਾ ਲਾਭ ਮਿਲਿਆ ਹੈ।

ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਹੇਠ, ਖ਼ਰੀਦ, ਲਿਫ਼ਟਿੰਗ ਅਤੇ ਅਦਾਇਗੀ ਪੂਰੇ ਜੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਹੁਣ ਤਕ 96920 ਕਿਸਾਨਾਂ ਨੂੰ ਐਮ ਐਸ ਪੀ ਦਾ ਲਾਭ ਪ੍ਰਾਪਤ ਹੋਣ ਨਾਲ ਪਟਿਆਲਾ ਜ਼ਿਲ੍ਹਾ ਸਭ ਤੋਂ ਅੱਗੇ ਹੈ। ਜ਼ਿਕਰਯੋਗ ਹੈ ਕਿ 17 ਨਵੰਬਰ ਸ਼ਾਮ ਤਕ ਰਾਜ ਭਰ ਦੀਆਂ ਮੰਡੀਆਂ ਵਿਚ ਕੁੱਲ 15644022.7 ਮੀਟਰਕ ਟਨ ਝੋਨੇ ਦੀ ਆਮਦ ਹੋਈ  ਹੈ।

ਇਸ ’ਚੋਂ 15630983.39 ਮੀਟਰਕ ਟਨ ਝੋਨਾ ਖ਼ਰੀਦਿਆ ਗਿਆ ਹੈ ਅਤੇ ਜੋ 99 ਪ੍ਰਤੀਸ਼ਤ ਬਣਦਾ  ਹੈ। ਕੁੱਲ ਲਿਫਟਿੰਗ ਦਾ ਅੰਕੜਾ 15024082.31 ਮੀਟਰਕ ਟਨ ਹੈ ਜੋ ਹੁਣ ਤਕ ਕੁੱਲ ਖ਼ਰੀਦੀ ਗਈ ਫ਼ਸਲ ਦਾ 96 ਪ੍ਰਤੀਸ਼ਤ ਹੈ। ਜਿੱਥੋਂ ਤਕ ਅਦਾਇਗੀਆਂ ਦਾ ਸਬੰਧ ਹੈ, ਕਿਸਾਨਾਂ ਨੂੰ 36000 ਕਰੋੜ ਰੁਪਏ ਤੋਂ ਵੱਧ ਦੀ ਅਦਾਇਗੀ ਕੀਤੀ ਜਾ ਚੁਕੀ ਹੈ।