ਮਿਰਚਾਂ ਦੀ ਖੇਤੀ ਤੋਂ ਕਿਸਾਨ ਹੋ ਰਹੇ ਹਨ ਅਮੀਰ, ਜਾਣੋ ਕਿਵੇਂ ਸ਼ੁਰੂ ਕਰੀਏ

ਏਜੰਸੀ

ਖੇਤੀਬਾੜੀ, ਸਹਾਇਕ ਧੰਦੇ

ਇਹ ਭਾਰਤ ਦੀ ਇੱਕ ਮੱਹਤਵਪੂਰਨ ਫ਼ਸਲ ਹੈ। ਮਿਰਚ ਨੂੰ ਕੜ੍ਹੀ, ਆਚਾਰ, ਚੱਟਨੀ ਅਤੇ ਹੋਰ ਸਬਜ਼ੀਆਂ ਵਿੱਚ ਮੁੱਖ ਤੌਰ ਤੇ ਵਰਤਿਆ ਜਾਂਦਾ ਹੈ...ਵ

Farmers are getting rich from pepper cultivation, know how to start

 

ਇਹ ਭਾਰਤ ਦੀ ਇੱਕ ਮੱਹਤਵਪੂਰਨ ਫ਼ਸਲ ਹੈ। ਮਿਰਚ ਨੂੰ ਕੜ੍ਹੀ, ਆਚਾਰ, ਚੱਟਨੀ ਅਤੇ ਹੋਰ ਸਬਜ਼ੀਆਂ ਵਿੱਚ ਮੁੱਖ ਤੌਰ ਤੇ ਵਰਤਿਆ ਜਾਂਦਾ ਹੈ। ਮਿਰਚ ਵਿੱਚ ਕੌੜਾ-ਪਣ ਕੈਪਸੇਸਿਨ ਨਾਮ ਦੇ ਇੱਕ ਤੱਤ ਕਰਕੇ ਹੁੰਦਾ ਹੈ, ਜਿਸਨੂੰ ਦਵਾਈਆਂ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ। 

ਮਿੱਟੀ

ਮਿਰਚ ਹਲਕੀ ਤੋਂ ਭਾਰੀ ਹਰ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ। ਚੰਗੇ ਵਿਕਾਸ ਲਈ ਹਲਕੀ ਉਪਜਾਊ ਅਤੇ ਪਾਣੀ ਦੇ ਵਧੀਆ ਨਿਕਾਸ ਵਾਲੀ ਜ਼ਮੀਨ ਜਿਸ ਵਿੱਚ ਨਮੀਂ ਹੋਵੇ, ਇਸ ਲਈ ਢੁੱਕਵੀਂ ਹੁੰਦੀ ਹੈ। ਹਲਕੀਆਂ ਜ਼ਮੀਨਾਂ ਭਾਰੀਆਂ ਜ਼ਮੀਨਾਂ ਦੇ ਮੁਕਾਬਲੇ ਵਧੀਆ ਕੁਆਲਿਟੀ ਦੀ ਪੈਦਾਵਾਰ ਦਿੰਦੀਆਂ ਹਨ। ਮਿਰਚ ਦੇ ਚੰਗੇ ਵਿਕਾਸ ਲਈ ਜਮੀਨ ਦੀ pH 6–7 ਢੁੱਕਵੀਂ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

CH-1: ਇਹ ਕਿਸਮ ਪੀ ਏ ਯੂ ਲੁਧਿਆਣੇ ਵੱਲੋਂ ਬਣਾਈ ਗਈ ਹੈ। ਇਹ ਦਰਮਿਆਨੇ ਕੱਦ ਵਾਲੀ ਕਿਸਮ ਹੈ। ਇਸਦਾ ਫ਼ਲ ਦਰਮਿਆਨੇ ਆਕਾਰ ਅਤੇ ਹਲਕੇ ਹਰੇ ਰੰਗ ਦਾ ਹੁੰਦਾ ਹੈ ਜੋ ਪੱਕਣ ਤੋਂ ਬਾਅਦ ਗੂੜੇ ਲਾਲ ਰੰਗ ਦਾ ਹੋ ਜਾਂਦਾ ਹੈ। ਇਸ ਕਿਸਮ ਦਾ ਫ਼ਲ ਬਹੁਤ ਕੌੜਾ ਅਤੇ ਆਕਰਸ਼ਿਤ ਹੁੰਦਾ ਹੈ। ਇਹ ਕਿਸਮ ਗਲਣ ਰੋਗ ਨੂੰ ਸਹਾਰ ਸਕਦੀ ਹੈ। ਇਸਦਾ ਔਸਤਨ ਝਾੜ 95-100 ਕੁਇੰਟਲ ਪ੍ਰਤੀ ਏਕੜ ਹੈ।

CH-3: ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੁਆਰਾ ਬਣਾਈ ਗਈ ਹੈ। ਇਸਦੇ ਫ਼ਲ ਦਾ ਆਕਾਰ CH-1 ਦੇ ਆਕਾਰ ਨਾਲੋਂ ਵੱਡਾ ਹੁੰਦਾ ਹੈ। ਇਸ ਵਿੱਚ ਕੈਪਸੇਸਿਨ ਦੀ ਮਾਤਰਾ 0.52% ਹੁੰਦੀ ਹੈ। ਇਸ ਦਾ ਔਸਤਨ ਝਾੜ 100-110 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

CH-27: ਇਸ ਕਿਸਮ ਦੇ ਪੌਦੇ ਲੰਬੇ ਹੁੰਦੇ ਹਨ ਅਤੇ ਜ਼ਿਆਦਾ ਸਮੇਂ ਤੱਕ ਫ਼ਲ ਦਿੰਦੇ ਹਨ। ਇਸ ਕਿਸਮ ਦੇ ਫ਼ਲ ਦਰਮਿਆਨੇ ਲੰਬੇ (6.7 ਸੈ.ਮੀ.), ਪਤਲੇ ਛਿਲਕੇ ਵਾਲੇ, ਸ਼ੁਰੂ ਵਿੱਚ ਹਲਕੇ ਹਰੇ ਅਤੇ ਪੱਕਣ ਤੋਂ ਬਾਅਦ ਲਾਲ ਰੰਗ ਦੇ ਹੁੰਦੇ ਹਨ। ਇਹ ਕਿਸਮ ਪੱਤਾ ਮਰੋੜ, ਫਲ ਅਤੇ ਜੜ੍ਹ ਗਲਣ, ਰਸ ਚੂਸਣ ਵਾਲੇ ਕੀਟਾਂ ਜਿਵੇਂ ਕਿ ਮਕੌੜਾ ਜੂੰ ਆਦਿ ਦੀ ਰੋਧਕ ਹੈ। ਇਸ ਦਾ ਔਸਤਨ ਝਾੜ 90-110 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Punjab Sindhuri: ਇਸ ਕਿਸਮ ਦੇ ਪੌਦੇ ਗੂੜੇ ਹਰੇ, ਠੋਸ ਅਤੇ ਦਰਮਿਆਨੇ ਕੱਦ ਦੇ ਹੁੰਦੇ ਹਨ। ਇਹ ਛੇਤੀ ਪੱਕਣ ਵਾਲੀ ਕਿਸਮ ਹੈ ਅਤੇ ਇਸਦੀ ਪਹਿਲੀ ਤੁੜਾਈ ਪਨੀਰੀ ਲਾਉਣ ਤੋਂ 75 ਦਿਨ ਬਾਅਦ ਕੀਤੀ ਜਾ ਸਕਦੀ ਹੈ। ਇਸਦੇ ਫ਼ਲ ਲੰਮੇ (7-14 ਸੈ.ਮੀ.), ਮੋਟੇ ਛਿਲਕੇ ਵਾਲੇ, ਸ਼ੁਰੂ ਵਿੱਚ ਗੂੜੇ ਹਰੇ ਅਤੇ ਪੱਕਣ ਤੋਂ ਬਾਅਦ ਗੂੜੇ ਲਾਲ ਰੰਗ ਦੇ ਹੁੰਦੇ ਹਨ। ਇਸ ਦਾ ਔਸਤਨ ਝਾੜ 70-75 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Punjab Tej: ਇਸਦੇ ਪੌਦੇ ਹਲਕੇ ਹਰੇ, ਫੈਲੇ ਹੋੋਏ ਅਤੇ ਦਰਮਿਆਨੇ ਕੱਦ ਦੇ ਹੁੰਦੇ ਹਨ। ਇਹ ਛੇਤੀ ਪੱਕਣ ਵਾਲੀ ਕਿਸਮ ਹੈ ਅਤੇ ਇਸਦੀ ਪਹਿਲੀ ਤੁੜਾਈ ਪਨੀਰੀ ਲਾਉਣ ਤੋਂ 75 ਦਿਨ ਬਾਅਦ ਕੀਤੀ ਜਾ ਸਕਦੀ ਹੈ। ਇਸਦੇ ਫ਼ਲ ਲੰਮੇ (6-8 ਸੈ.ਮੀ.), ਪਤਲੇ ਛਿਲਕੇ ਵਾਲੇ, ਸ਼ੁਰੂ ਵਿੱਚ ਹਲਕੇ ਹਰੇ ਰੰਗ ਦੇ ਹੁੰਦੇ ਹਨ ਜੋ ਪੱਕਣ ਤੋਂ ਬਾਅਦ ਗੂੜੇ ਲਾਲ ਰੰਗ ਦੇ ਹੋ ਜਾਂਦੇ ਹਨ। ਇਸ ਦਾ ਔਸਤਨ ਝਾੜ 60 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Pusa Jwala: ਇਸ ਕਿਸਮ ਦੇ ਪੌਦੇ ਛੋਟੇ ਕੱਦ ਦੇ, ਝਾੜੀਆਂ ਵਾਲੇ ਅਤੇ ਹਲਕੇ ਹਰੇ ਰੰਗ ਦੇ ਹੁੰਦੇ ਹਨ। ਇਸਦੇ ਫਲ 9-10 ਸੈ.ਮੀ. ਲੰਬੇ, ਹਲਕੇ ਹਰੇ ਅਤੇ ਬਹੁਤ ਕੌੜੇ ਹੁੰਦੇ ਹਨ। ਇਹ ਕਿਸਮ ਥਰਿਪ ਅਤੇ ਮਕੌੜਾ ਜੂੰ ਦੀ ਰੋਧਕ ਹੈ। ਇਸ ਦਾ ਔਸਤਨ ਝਾੜ 34 ਕੁਇੰਟਲ (ਹਰੀਆਂ ਮਿਰਚਾਂ) ਅਤੇ 7 ਕੁਇੰਟਲ (ਸੁੱਕੀਆਂ ਮਿਰਚਾਂ) ਪ੍ਰਤੀ ਏਕੜ ਹੁੰਦਾ ਹੈ।

Pusa Sadabahar: ਇਸਦੇ ਪੌਦੇ ਸਿੱਧੇ, ਸਦਾਬਹਾਰ (2-3 ਸਾਲ), 60-80 ਸੈ.ਮੀ. ਕੱਦ ਦੇ ਹੁੰਦੇ ਹਨ। ਇਸਦੇ ਫ਼ਲ 6-8 ਸੈ.ਮੀ. ਲੰਬੇ ਹੁੰਦੇ ਹਨ। ਫਲ ਗੁੱਛਿਆਂ ਵਿੱਚ ਲੱਗਦੇ ਹਨ ਅਤੇ ਹਰੇਕ ਗੁੱਛੇ ਚ 6-14 ਫਲ ਹੁੰਦੇ ਹਨ। ਪੱਕਣ ਸਮੇਂ ਫਲ ਗੂੜੇ ਲਾਲ ਰੰਗ ਦੇ ਅਤੇ ਕੌੜੇ ਹੁੰਦੇ ਹਨ। ਇਹ ਕਿਸਮ CMV, TMV ਅਤੇ ਪੱਤਾ ਮਰੋੜ ਦੀ ਰੋਧਕ ਹੈ। ਇਸਦੀ ਪਹਿਲੀ ਤੁੜਾਈ ਪਨੀਰੀ ਲਾਉਣ ਤੋਂ 75-80 ਦਿਨ ਬਾਅਦ ਕੀਤੀ ਜਾ ਸਕਦੀ ਹੈ। ਇਸਦਾ ਔਸਤਨ ਝਾੜ 38 ਕੁਇੰਟਲ (ਹਰੀਆਂ ਮਿਰਚਾਂ) ਅਤੇ 8 ਕੁਇੰਟਲ (ਸੁੱਕੀਆਂ ਮਿਰਚਾਂ) ਪ੍ਰਤੀ ਏਕੜ ਹੈ।

Arka Meghana: ਇਹ ਹਾਈਬ੍ਰਿਡ ਕਿਸਮ ਵੱਧ ਝਾੜ ਵਾਲੀ ਅਤੇ ਪੱਤਿਆਂ ਦੇ ਧੱਬਾ ਰੋਗ ਦੀ ਰੋਧਕ ਹੈ। ਇਸ ਦੇ ਫਲਾਂ ਦੀ ਲੰਬਾਈ 10.6 ਸੈ.ਮੀ. ਅਤੇ ਚੌੜਾਈ 1.2 ਸੈ.ਮੀ. ਹੁੰਦੀ ਹੈ। ਇਸ ਦੇ ਫਲ ਸ਼ੁਰੂ ਵਿੱਚ ਗੂੜੇ ਹਰੇ ਅਤੇ ਪੱਕਣ ਤੋਂ ਬਾਅਦ ਲਾਲ ਹੋ ਜਾਂਦੇ ਹਨ। ਇਸਦਾ ਔਸਤਨ ਝਾੜ 134 ਕੁਇੰਟਲ (ਹਰੀ ਮਿਰਚ) ਅਤੇ 20 ਕੁਇੰਟਲ (ਸੁੱਕੀ ਮਿਰਚ) ਹੁੰਦਾ ਹੈ।

Arka Sweta: ਇਹ ਹਾਈਬ੍ਰਿਡ ਕਿਸਮ ਵਧੇਰੇ ਝਾੜ ਵਾਲੀ ਅਤੇ ਤਾਜ਼ਾ ਮੰਡੀ ਵਿੱਚ ਵੇਚਣਯੋਗ ਹੈ। ਇਹ ਸੇਂਜੂ ਸਥਿਤੀਆਂ ਵਿੱਚ ਸਾਉਣੀ ਅਤੇ ਹਾੜੀ ਦੋਨੋਂ ਵਿੱਚ ਉਗਾਈ ਜਾ ਸਕਦੀ ਹੈ। ਇਸ ਦੇ ਫਲ ਦੀ ਲੰਬਾਈ 11-12 ਸੈ.ਮੀ., ਚੌੜਾਈ 1.2-1.5 ਸੈ.ਮੀ. ਹੁੰਦੀ ਹੈ। ਫਲ ਮੁਲਾਇਮ ਅਤੇ ਦਰਮਿਆਨੇ ਕੌੜੇ ਹੁੰਦੇ ਹਨ। ਫਲ ਸ਼ੁਰੂ ਵਿੱਚ ਹਲਕੇ ਹਰੇ ਅਤੇ ਪੱਕਣ ਤੋਂ ਬਾਅਦ ਲਾਲ ਹੋ ਜਾਂਦੇ ਹਨ। ਇਹ ਵਿਸ਼ਾਣੂਆਂ ਨੂੰ ਸਹਾਰਨਯੋਗ ਕਿਸਮ ਹੈ। ਇਸ ਦਾ ਔਸਤਨ ਝਾੜ 132 ਕੁਇੰਟਲ (ਹਰੀਆਂ ਮਿਰਚਾਂ) ਅਤੇ 20 ਕੁਇੰਟਲ (ਸੁੱਕੀਆਂ ਮਿਰਚਾਂ) ਪ੍ਰਤੀ ਏਕੜ ਹੈ।

Kashi Early: ਇਸ ਹਾਈਬ੍ਰਿਡ ਕਿਸਮ ਦੇ ਪੌਦੇ ਦਾ ਕੱਦ ਲੰਬਾ (100-110 ਸੈ.ਮੀ.) ਹੁੰਦਾ ਹੈ। ਇਸਦਾ ਤਣਾ ਟਾਹਣੀਆਂ ਤੋਂ ਬਿਨਾਂ ਫਿੱਕਾ ਹਰਾ ਹੁੰਦਾ ਹੈ। ਇਸ ਦੇ ਫ਼ਲ ਕੌੜੇ, ਲੰਬੇ ( 8-9 x 1.0-1.2 ਸੈ.ਮੀ.), ਆਕਰਸ਼ਿਕ, ਸ਼ੁਰੂ ਵਿੱਚ ਗੂੜੇ ਹਰੇ ਜੋ ਪੱਕਣ ਤੋਂ ਬਾਅਦ ਚਮਕੀਲੇ ਲਾਲ ਹੋ ਜਾਂਦੇ ਹਨ। ਇਸ ਕਿਸਮ ਵਿੱਚ ਹਰੀ ਮਿਰਚ ਦੀ ਪਹਿਲੀ ਤੁੜਾਈ ਪਨੀਰੀ ਲਗਾਉਣ ਤੋਂ 45 ਦਿਨ ਬਾਅਦ ਕੀਤੀ ਜਾ ਸਕਦੀ ਹੈ। ਇਸ ਦਾ ਔਸਤਨ ਝਾੜ 100 ਕੁਇੰਟਲ (ਪੱਕੀ ਹੋਈ ਲਾਲ) ਹੁੰਦਾ ਹੈ।

Kashi Surkh: ਇਸ ਕਿਸਮ ਦੇ ਪੌਦੇ ਛੋਟੇ ਕੱਦ ਦੇ ਹੁੰਦੇ ਹਨ, ਜਿਨ੍ਹਾਂ ਦਾ ਤਣਾ ਟਾਹਣੀਆਂ ਵਾਲਾ ਹੁੰਦਾ ਹੈ। ਇਸਦੇ ਫ਼ਲ ਹਲਕੇ ਹਰੇ, ਸਿੱਧੇ, ਲੰਬੇ 11-12 ਸੈ.ਮੀ. ਹੁੰਦੇ ਹਨ। ਇਹ ਹਰੀ ਅਤੇ ਲਾਲ ਦੋਨੋਂ ਤਰ੍ਹਾਂ ਦੀਆਂ ਮਿਰਚਾਂ ਉਗਾਉਣਯੋਗ ਕਿਸਮ ਹੈ। ਇਸਦੀ ਪਹਿਲੀ ਤੁੜਾਈ ਪਨੀਰੀ ਲਗਾਉਣ ਤੋਂ 55 ਦਿਨਾਂ ਬਾਅਦ ਕੀਤੀ ਜਾ ਸਕਦੀ ਹੈ। ਇਸ ਵਿੱਚ ਹਰੀ ਮਿਰਚ ਦਾ ਔਸਤਨ ਝਾੜ 100 ਕੁਇੰਟਲ ਪ੍ਰਤੀ ਏਕੜ ਹੈ।

Kashi Anmol: ਇਸ ਕਿਸਮ ਦੇ ਪੌਦੇ ਦਰਮਿਆਨੇ ਕੱਦ ਦੇ(60-70 ਸੈ.ਮੀ.) ਹੁੰਦੇ ਹਨ, ਜਿਨ੍ਹਾਂ ਦਾ ਤਣਾ ਟਾਹਣੀਆਂ ਵਾਲਾ ਹੁੰਦਾ ਹੈ ਅਤੇ ਇਹ ਆਕਰਸ਼ਿਕ ਹਰੇ ਕੌੜੇ ਫਲ ਪੈਦਾ ਕਰਦਾ ਹੈ। ਇਸਦੀ ਪਹਿਲੀ ਤੁੜਾਈ ਪਨੀਰੀ ਲਗਾਉਣ ਤੋਂ 55 ਦਿਨ ਬਾਅਦ ਕੀਤੀ ਜਾ ਸਕਦੀ ਹੈ। ਇਸਦਾ ਔਸਤਨ ਝਾੜ 80 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਬੀਜ ਦੀ ਮਾਤਰਾ

ਹਾਈਬ੍ਰਿਡ ਕਿਸਮਾਂ ਲਈ ਬੀਜ ਦੀ ਮਾਤਰਾ 80-100 ਗ੍ਰਾਮ ਪ੍ਰਤੀ ਏਕੜ ਅਤੇ ਬਾਕੀ ਕਿਸਮਾਂ ਲਈ 200 ਗ੍ਰਾਮ ਪ੍ਰਤੀ ਏਕੜ ਹੋਣੀ ਚਾਹੀਦੀ ਹੈ।

ਬੀਜ ਦੀ ਸੋਧ

ਫਸਲ ਨੂੰ ਮਿੱਟੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਬੀਜ ਨੂੰ ਸੋਧਣਾ ਬਹੁਤ ਜ਼ਰੂਰੀ ਹੈ। ਬਿਜਾਈ ਤੋਂ ਪਹਿਲਾਂ ਬੀਜ ਨੂੰ 3 ਗ੍ਰਾਮ ਥੀਰਮ ਜਾਂ 2 ਗ੍ਰਾਮ ਕਾਰਬੈਂਡਾਜ਼ਿਮ ਪ੍ਰਤੀ ਕਿੱਲੋ ਬੀਜ ਨਾਲ ਸੋਧੋ। ਰਸਾਇਣਿਕ ਸੋਧ ਤੋਂ ਬਾਅਦ ਬੀਜ ਨੂੰ 5 ਗ੍ਰਾਮ ਟ੍ਰਾਈਕੋਡਰਮਾ ਜਾਂ 10 ਗ੍ਰਾਮ ਸਿਊਡੋਮੋਨਸ ਫਲੂਰੋਸੈਂਸ ਪ੍ਰਤੀ ਕਿੱਲੋ ਬੀਜ ਨਾਲ ਸੋਧੋ ਅਤੇ ਛਾਵੇਂ ਰੱਖੋ। ਫਿਰ ਇਹ ਬੀਜ , ਬਿਜਾਈ ਲਈ ਵਰਤੋ। ਫੁੱਲਾਂ ਨੂੰ ਪਾਣੀ ਦੇਣ ਵਾਲੇ ਬਰਤਨ ਨਾਲ ਪਾਣੀ ਦਿਓ। ਆਕਸੀਕਲੋਰਾਈਡ 2.5 ਗ੍ਰਾਮ ਪ੍ਰਤੀ ਲੀਟਰ ਪਾਣੀ ਨਰਸਰੀ ਵਿੱਚ 15 ਦਿਨਾਂ ਦੇ ਵਕਫੇ ਤੇ ਪਾਓ। ਇਸ ਨਾਲ ਮੁਰਝਾਉਣਾ ਰੋਗ ਤੋਂ ਪੌਦਿਆਂ ਨੂੰ ਬਚਾਇਆ ਜਾ ਸਕਦਾ ਹੈ।

ਫਸਲ ਨੂੰ ਉਖੇੜਾ ਰੋਗ ਅਤੇ ਰਸ ਚੂਸਣ ਵਾਲੇ ਕੀੜਿਆਂ ਤੋਂ ਬਚਾਉਣ ਲਈ ਬਿਜਾਈ ਤੋਂ ਪਹਿਲਾਂ ਜੜ੍ਹਾਂ ਨੂੰ 15 ਮਿੰਟ ਲਈ ਟ੍ਰਾਈਕੋਡਰਮਾ ਹਰਜ਼ੀਆਨਮ 20 ਗ੍ਰਾਮ ਪ੍ਰਤੀ ਲੀਟਰ+0.5 ਮਿ.ਲੀ. ਪ੍ਰਤੀ ਲੀਟਰ ਇਮੀਡਾਕਲੋਪ੍ਰਿਡ ਵਿੱਚ ਡੋਬੋ। ਪੌਦਿਆਂ ਨੂੰ ਤੰਦਰੁਸਤ ਰੱਖਣ ਲਈ ਵੀ ਏ ਐੱਮ ਦੇ ਨਾਲ ਨਾਈਟ੍ਰੋਜਨ ਫਿਕਸਿੰਗ ਬੈਕਟੀਰੀਆ ਪਾਓ। ਇਸ ਤਰ੍ਹਾਂ ਕਰਨ ਨਾਲ ਅਸੀਂ 50% ਸੁਪਰ ਫਾਸਫੇਟ ਅਤੇ 25% ਨਾਈਟ੍ਰੋਜਨ ਬਚਾ ਸਕਦੇ ਹਾਂ।

ਖਾਦਾਂ

ਨਾਈਟ੍ਰੋਜਨ 25 ਕਿਲੋ (55 ਕਿਲੋ ਯੂਰੀਆ), ਫਾਸਫੋਰਸ 12 ਕਿਲੋ (ਸਿੰਗਲ ਸੁਪਰ ਫਾਸਫੇਟ 75 ਕਿਲੋ) ਅਤੇ ਪੋਟਾਸ਼ 12 ਕਿਲੋ (ਮਿਊਰੇਟ ਆਫ ਪੋਟਾਸ਼ 20 ਕਿਲੋ) ਪ੍ਰਤੀ ਏਕੜ ਪਾਓ। ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਪਨੀਰੀ ਖੇਤ ਵਿੱਚ ਲਗਾਉਣ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਪਹਿਲੀ ਤੁੜਾਈ ਤੋਂ ਬਾਅਦ ਪਾਓ।

ਵਧੀਆ ਝਾੜ ਲੈਣ ਲਈ, ਟਾਹਣੀਆਂ ਨਿਕਲਣ ਤੋਂ 40-45 ਦਿਨਾਂ ਬਾਅਦ ਮੋਨੋ ਅਮੋਨੀਅਮ ਫਾਸਫੇਟ 12:61:00 ਦੀ 75 ਗ੍ਰਾਮ ਪ੍ਰਤੀ 15 ਲੀਟਰ ਪਾਣੀ ਦੀ ਸਪਰੇਅ ਕਰੋ। ਵੱਧ ਝਾੜ ਦੇ ਨਾਲ-ਨਾਲ ਵੱਧ ਤੁੜਾਈਆਂ ਕਰਨ ਲਈ, ਫੁੱਲ ਨਿਕਲਣ ਸਮੇਂ ਸਲਫਰ/ਬੈਨਸਲਫ 10 ਕਿਲੋ ਪ੍ਰਤੀ ਏਕੜ ਪਾਓ ਅਤੇ ਕੈਲਸ਼ੀਅਮ ਨਾਈਟ੍ਰੇਟ 10 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।

ਪਾਣੀ ਵਿੱਚ ਘੁਲਣਸ਼ੀਲ ਖਾਦਾਂ: ਪਨੀਰੀ ਖੇਤ ਵਿੱਚ ਲਗਾਉਣ ਤੋਂ 10-15 ਦਿਨ ਬਾਅਦ, 19:19:19 ਵਰਗੇ ਸੂਖਮ ਤੱਤਾਂ ਦੀ 2.5-3 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। ਫਿਰ 40-45 ਦਿਨਾਂ ਬਾਅਦ 20% ਬੋਰੋਨ 1 ਗ੍ਰਾਮ+ਸੂਖਮ ਤੱਤ 2.5-3 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। ਫੁੱਲ ਨਿਕਲਣ ਸਮੇਂ 0:52:34 ਦੀ 4-5 ਗ੍ਰਾਮ+ਸੂਖਮ ਤੱਤ 2.5-3 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। ਫਲ ਨਿਕਲਣ ਸਮੇਂ 0:52:34 ਦੀ 4-5 ਗ੍ਰਾਮ+ਬੋਰੋਨ 1 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। ਫਲ ਤਿਆਰ ਹੋਣ ਸਮੇਂ 13:0:45 ਦੀ 4-5 ਗ੍ਰਾਮ+ਕੈਲਸ਼ੀਅਮ ਨਾਈਟ੍ਰੇਟ ਦੀ 2-2.5 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।

ਵਿਕਾਸ ਦਰ ਵਧਾਉਣ ਲਈ ਵਰਤੇ ਜਾਂਦੇ ਹਾਰਮੋਨ: ਫੁਲ ਡਿੱਗਣ ਤੋਂ ਰੋਕਣ ਅਤੇ ਫਲ ਦੀ ਵਧੀਆ ਕੁਆਲਿਟੀ ਲੈਣ ਲਈ, ਫੁੱਲ ਨਿਕਲਣ ਸਮੇਂ ਐੱਨ.ਐੱਨ.ਏ. 40 ਪੀ ਪੀ ਐੱਮ 40 ਐੱਮ.ਜੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। ਫੁੱਲ ਅਤੇ ਫਲਾਂ ਦੇ ਗੁੱਛੇ ਬਣਨ ਸਮੇਂ ਫਸਲ ਦਾ ਧਿਆਨ ਰੱਖਣ ਨਾਲ 20% ਵਧੇਰੇ ਝਾੜ ਮਿਲਦਾ ਹੈ। ਫੁੱਲ ਨਿਕਲਣ ਸਮੇਂ 15 ਦਿਨਾਂ ਦੇ ਵਕਫੇ ਤੇ ਹੋਮੋਬਰਾਸਿਨਾਲਾਈਡ 5 ਮਿ.ਲੀ. ਪ੍ਰਤੀ 10 ਲੀਟਰ ਦੀਆਂ ਤਿੰਨ ਸਪਰੇਆਂ ਕਰੋ। ਵਧੀਆ ਕੁਆਲਿਟੀ ਵਾਲੇ ਵਧੇਰੇ ਫਲਾਂ ਦੇ ਗੁੱਛੇ ਲੈਣ ਲਈ ਬਿਜਾਈ ਤੋਂ 20, 40, 60 ਅਤੇ 80 ਦਿਨ ਤੇ ਟ੍ਰਾਈਕੋਂਟਾਨੋਲ ਦੀ ਸਪਰੇਅ ਵਿਕਾਸ ਦਰ ਵਧਾਉਣ ਲਈ 1.25 ਪੀ.ਪੀ.ਐੱਮ. (1.25 ਮਿ.ਲੀ. ਪ੍ਰਤੀ ਲੀਟਰ) ਕਰੋ।

ਨਦੀਨਾਂ ਦੀ ਰੋਕਥਾਮ

ਬਿਜਾਈ ਤੋਂ ਪਹਿਲਾਂ ਪੈਂਡੀਮੈਥਾਲੀਨ 1 ਲੀਟਰ ਪ੍ਰਤੀ ਏਕੜ ਜਾਂ ਫਲੂਕਲੋਰਾਲਿਨ 800 ਮਿ.ਲੀ ਪ੍ਰਤੀ ਏਕੜ ਨਦੀਨ-ਨਾਸ਼ਕ ਦੇ ਤੌਰ ਤੇ ਪਾਓ ਅਤੇ ਬਿਜਾਈ ਤੋਂ 30 ਦਿਨ ਬਾਅਦ ਇੱਕ ਵਾਰ ਹੱਥੀਂ-ਗੋਡੀ ਕਰੋ। ਨਦੀਨਾਂ ਦੀ ਮਾਤਰਾ ਦੇ ਅਨੁਸਾਰ ਦੋਬਾਰਾ ਗੋਡੀ ਕਰੋ ਅਤੇ ਖੇਤ ਨੂੰ ਨਦੀਨ-ਮੁਕਤ ਰੱਖੋ।

ਸਿੰਚਾਈ

ਇਹ ਫਸਲ ਵੱਧ ਪਾਣੀ ਵਿੱਚ ਨਹੀਂ ਉੱਗ ਸਕਦੀ ਇਸ ਲਈ ਸਿੰਚਾਈ ਲੋੜ ਪੈਣ ਤੇ ਹੀ ਕਰੋ। ਵੱਧ ਪਾਣੀ ਦੇਣ ਕਰਕੇ ਪੌਦੇ ਦੇ ਹਿੱਸੇ ਲੰਬੇ ਅਤੇ ਪਤਲੇ ਆਕਾਰ ਵਿੱਚ ਵਧਦੇ ਹਨ ਅਤੇ ਫੁੱਲ ਡਿੱਗਣ ਲੱਗ ਜਾਂਦੇ ਹਨ। ਸਿੰਚਾਈ ਦੀ ਮਾਤਰਾ ਅਤੇ ਫਾਸਲਾ ਮਿੱਟੀ ਅਤੇ ਮੌਸਮ ਦੀ ਸਥਿਤੀ ਤੇ ਨਿਰਭਰ ਕਰਦਾ ਹੈ। ਜੇਕਰ ਪੌਦਾ ਸ਼ਾਮ ਦੇ 4 ਵਜੇ ਦੇ ਕਰੀਬ ਕੁਮਲਾ ਰਿਹਾ ਹੋਵੇ ਤਾਂ ਇਸ ਤੋਂ ਸਿੱਧ ਹੁੰਦਾ ਹੈ ਕਿ ਪੌਦੇ ਨੂੰ ਸਿੰਚਾਈ ਦੀ ਲੋੜ ਹੈ। ਫੁੱਲ ਨਿਕਲਣ ਅਤੇ ਫਲ ਬਣਨ ਸਮੇਂ ਸਿੰਚਾਈ ਬਹੁਤ ਜਰੂਰੀ ਹੈ। ਕਦੇ ਵੀ ਖੇਤ ਜਾਂ ਨਰਸਰੀ ਵਿੱਚ ਪਾਣੀ ਖੜਾ ਨਾ ਹੋਣ ਦਿਓ, ਇਸ ਨਾਲ ਫੰਗਸ ਪੈਦਾ ਹੋਣ ਦਾ ਖਤਰਾ ਵੱਧ ਜਾਂਦਾ ਹੈ।

ਕੀੜੇ ਮਕੌੜੇ ਤੇ ਰੋਕਥਾਮ

ਫਲ ਦਾ ਗੜੂੰਆ: ਇਸ ਦੀਆਂ ਸੁੰਡੀਆਂ ਫਸਲ ਦੇ ਪੱਤੇ ਖਾਂਦੀਆਂ ਹਨ। ਫਿਰ ਫਲ ਵਿੱਚ ਦਾਖਲ ਹੋ ਕੇ ਝਾੜ ਦਾ ਭਾਰੀ ਨੁਕਸਾਨ ਕਰਦੀਆਂ ਹਨ। ਨੁਕਸਾਨੇ ਫਲਾਂ ਅਤੇ ਪੈਦਾ ਹੋਈਆਂ ਸੁੰਡੀਆਂ ਨੂੰ ਇੱਕਠਾ ਕਰਕੇ ਨਸ਼ਟ ਕਰ ਦਿਓ। ਹੈਲੀਕੋਵੇਰਪਾ ਆਰਮੀਗੇਰਾ ਜਾਂ ਸਪੋਡੋਪਟੇਰਾ ਲਿਟੂਰਾ ਲਈ ਫੇਰੋਮੋਨ ਜਾਲ 5 ਐੱਨ.ਓ.ਐੱਸ. ਪ੍ਰਤੀ ਏਕੜ ਲਾਓ। ਫਲੀ ਦੇ ਗੜੂੰਏ ਨੂੰ ਰੋਕਣ ਲਈ ਜ਼ਹਿਰ ਦੀਆਂ ਗੋਲੀਆਂ ਜੋ ਕਿ ਬਰੈਨ 5 ਕਿਲੋ, ਕਾਰਬਰਿਲ 500 ਗ੍ਰਾਮ, ਗੁੜ 500 ਗ੍ਰਾਮ ਅਤੇ ਲੋੜ ਮੁਤਾਬਕ ਪਾਣੀ ਦੀਆਂ ਬਣੀਆਂ ਹੁੰਦੀਆਂ ਹਨ, ਪਾਓ। ਜੇਕਰ ਇਸਦਾ ਨੁਕਸਾਨ ਦਿਖੇ ਤਾਂ ਕਲੋਰਪਾਈਰੀਫੋਸ +ਸਾਈਪਰਮੈਥਰਿਨ 30 ਮਿ.ਲੀ.+ਟੀਪੋਲ 0.5 ਮਿ.ਲੀ. ਨੂੰ 12 ਲੀਟਰ ਪਾਣੀ ਵਿੱਚ ਪਾ ਕੇ ਪਾਵਰ ਸਪਰੇਅਰ ਨਾਲ ਸਪਰੇਅ ਕਰੋ ਜਾਂ ਐਮਾਮੈਕਟਿਨ ਬੈਂਜ਼ੋਏਟ 5% ਐੱਸ.ਜੀ. 4 ਗ੍ਰਾਮ ਪ੍ਰਤੀ 10 ਲੀਟਰ ਪਾਣੀ ਜਾਂ ਫਲੂਬੈਂਡੀਆਮਾਈਡ 20 ਡਬਲਿਊ ਡੀ ਜੀ 6 ਗ੍ਰਾਮ ਨੂੰ ਪ੍ਰਤੀ 10 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ।

ਮਕੌੜਾ ਜੂੰ: ਇਹ ਸਾਰੇ ਸੰਸਾਰ ਵਿੱਚ ਪਾਇਆ ਜਾਣ ਵਾਲਾ ਕੀੜਾ ਹੈ। ਇਹ ਬਹੁਤ ਸਾਰੀਆ ਫਸਲਾਂ ਜਿਵੇਂ ਆਲੂ, ਮਿਰਚਾਂ, ਦਾਲਾਂ, ਨਰਮਾ, ਤੰਬਾਕੂ, ਕੱਦੂ, ਅਰਿੰਡ, ਜੂਟ, ਕੌਫੀ, ਨਿੰਬੂ, ਸੰਤਰੇ, ਉੜਦ, ਰਵਾਂਹ, ਕਾਲੀ ਮਿਰਚ, ਟਮਾਟਰ, ਸ਼ਕਰਕੰਦੀ, ਅੰਬ, ਪਪੀਤਾ, ਬੈਂਗਣ, ਅਮਰੂਦ ਆਦਿ ਨੂੰ ਨੁਕਸਾਨ ਕਰਦਾ ਹੈ। ਨਵੇਂ ਜੰਮੇ ਅਤੇ ਵੱਡੇ ਕੀੜੇ ਪੱਤਿਆਂ ਨੂੰ ਹੇਠਲੇ ਪਾਸਿਓਂ ਖਾਂਦੇ ਹਨ। ਨੁਕਸਾਨੇ ਪੱਤੇ ਕੱਪ ਦੇ ਆਕਾਰ ਦੇ ਹੋ ਜਾਂਦੇ ਹਨ। ਨੁਕਸਾਨ ਵਧਣ ਨਾਲ ਪੱਤੇ ਝੜਨਾ ਅਤੇ ਸੁੱਕਣਾ, ਟਾਹਣੀਆਂ ਦਾ ਟੁੱਟਣਾ ਆਦਿ ਸ਼ੁਰੂ ਹੋ ਜਾਂਦਾ ਹੈ।

ਜੇਕਰ ਖੇਤ ਵਿੱਚ ਪੀਲੀ ਜੂੰ ਅਤੇ ਭੂਰੀ ਜੂੰ ਦਾ ਨੁਕਸਾਨ ਦਿਖੇ ਤਾਂ ਕਲੋਰਫੈਨਾਪਾਇਰ 1.5 ਮਿ.ਲੀ. ਪ੍ਰਤੀ ਲੀਟਰ, ਐਬਾਮੈਕਟਿਨ 1.5 ਮਿ.ਲੀ. ਪ੍ਰਤੀ ਲੀਟਰ ਦੀ ਸਪਰੇਅ ਕਰੋ। ਇਹ ਖਤਰਨਾਕ ਕੀੜਾ ਹੈ ਜੋ ਕਿ ਫਸਲ ਦੇ ਝਾੜ ਦਾ 80% ਤੱਕ ਨੁਕਸਾਨ ਕਰਦਾ ਹੈ। ਇਸ ਨੂੰ ਰੋਕਣ ਲਈ ਸਪਾਈਰੋਮੈਸੀਫੇਨ 22.9 ਐੱਸ ਸੀ 200 ਮਿ.ਲੀ. ਪ੍ਰਤੀ ਏਕੜ ਪ੍ਰਤੀ 180 ਲੀਟਰ ਪਾਣੀ ਦੀ ਸਪਰੇਅ ਕਰੋ।

ਚੇਪਾ: ਇਹ ਕੀੜਾ ਆਮ ਤੌਰ ਤੇ ਸਰਦੀਆ ਦੇ ਮਹੀਨੇ ਅਤੇ ਫਸਲ ਦੇ ਪੱਕਣ ਤੇ ਨੁਕਸਾਨ ਕਰਦਾ ਹੈ। ਇਹ ਪੱਤੇ ਦਾ ਰੱਸ ਚੂਸਦਾ ਹੈ। ਇਹ ਸ਼ਹਿਦ ਵਰਗਾ ਪਦਾਰਥ ਛੱਡਦਾ ਹੈ, ਜਿਸ ਨਾਲ ਕਾਲੇ ਰੰਗ ਦੀ ਫੰਗਸ ਪੌਦੇ ਦੇ ਭਾਗਾਂ ਕੈਲਿਕਸ ਅਤੇ ਫਲੀਆਂ ਆਦਿ ਤੇ ਬਣ ਜਾਂਦੀ ਹੈ ਅਤੇ ਉਤਪਾਦ ਦੀ ਕੁਆਲਟੀ ਘੱਟ ਜਾਂਦੀ ਹੈ। ਚੇਪਾ ਮਿਰਚਾਂ ਦੇ ਵਿੱਚ ਚਿਤਕਬਰਾ ਰੋਗ ਨੂੰ ਫਲਾਉਣ ਵਿੱਚ ਮਦਦ ਕਰਦਾ ਹੈ, ਜਿਸ ਨਾਲ ਝਾੜ ਵਿੱਚ 20-30% ਨੁਕਸਾਨ ਹੋ ਜਾਂਦਾ ਹੈ।

ਇਸ ਨੂੰ ਰੋਕਣ ਲਈ ਐਸੀਫੇਟ 75 ਐੱਸ ਪੀ 5 ਗ੍ਰਾਮ ਪ੍ਰਤੀ ਲੀਟਰ ਜਾਂ ਮਿਥਾਈਲ ਡੈਮੇਟਨ 25 ਈ ਸੀ 2 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। ਪਨੀਰੀ ਲਾਉਣ ਤੋਂ 15 ਅਤੇ 60 ਦਿਨਾਂ ਬਾਅਦ, ਦਾਣੇਦਾਰ ਕੀਟਨਾਸ਼ਕ ਜਿਵੇਂ ਕਾਰਬੋਫਿਊਰਨ, ਫੋਰੇਟ 4-8 ਕਿੱਲੋ ਪ੍ਰਤੀ ਏਕੜ ਦੀ ਸਪਰੇਅ ਵੀ ਫਾਇਦੇਮੰਦ ਸਿੱਧ ਹੁੰਦੀ ਹੈ।

ਚਿੱਟੀ ਮੱਖੀ: ਇਹ ਪੌਦਿਆਂ ਦਾ ਰੱਸ ਚੂਸਦੀ ਹੈ ਅਤੇ ਉਨ੍ਹਾਂ ਨੂੰ ਕਮਜ਼ੋਰ ਕਰ ਦਿੰਦੀ ਹੈ। ਇਹ ਸ਼ਹਿਦ ਵਰਗਾ ਪਦਾਰਥ ਛੱਡਦੇ ਹਨ, ਜਿਸ ਨਾਲ ਪੱਤਿਆਂ ਤੇ ਦਾਣੇਦਾਰ ਕਾਲੇ ਰੰਗ ਦੀ ਫੰਗਸ ਜੰਮ ਜਾਂਦੀ ਹੈ। ਇਹ ਪੱਤਾ ਮਰੋੜ ਰੋਗ ਨੂੰ ਫੈਲਾਉਣ ਵਿੱਚ ਵੀ ਮਦਦ ਕਰਦੇ ਹਨ। ਇਨ੍ਹਾਂ ਦੇ ਹਮਲੇ ਨੂੰ ਮਾਪਣ ਲਈ ਪੀਲੇ ਚਿਪਕਣ ਵਾਲੇ ਕਾਰਡ ਦੀ ਵਰਤੋਂ ਕਰੋ, ਜਿਸ ਤੇ ਗ੍ਰੀਸ ਅਤੇ ਚਿਪਕਣ ਵਾਲਾ ਤੇਲ ਲੱਗਾ ਹੁੰਦਾ ਹੈ। ਨੁਕਸਾਨ ਵੱਧ ਜਾਣ ਤੇ ਐਸੇਟਾਮਿਪ੍ਰਿਡ 20 ਐੱਸ ਪੀ 4 ਗ੍ਰਾਮ ਪ੍ਰਤੀ 10 ਲੀਟਰ ਜਾਂ ਟ੍ਰਾਈਜ਼ੋਫੋਸ 2.5 ਮਿ.ਲੀ. ਪ੍ਰਤੀ ਲੀਟਰ ਜਾਂ ਪ੍ਰੋਫੈੱਨੋਫੋਸ 2 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। 15 ਦਿਨਾਂ ਬਾਅਦ ਸਪਰੇਅ ਦੋਬਾਰਾ ਕਰੋ।

ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ

ਪੱਤਿਆਂ ਦੇ ਚਿੱਟੇ ਧੱਬੇ: ਇਸ ਬਿਮਾਰੀ ਨਾਲ ਪੱਤਿਆਂ ਦੇ ਹੇਠਲੇ ਪਾਸੇ ਚਿੱਟੇ ਰੰਗ ਦੇ ਧੱਬੇ ਦਿਖਾਈ ਦਿੰਦੇ ਹਨ। ਇਹ ਬਿਮਾਰੀ ਪੌਦੇ ਨੂੰ ਆਪਣੇ ਖਾਣੇ ਦੇ ਤੌਰ ਤੇ ਵਰਤਦੀ ਹੈ, ਜਿਸ ਨਾਲ ਪੌਦਾ ਕਮਜ਼ੋਰ ਹੋ ਜਾਂਦਾ ਹੈ। ਇਹ ਬਿਮਾਰੀ ਖਾਸ ਤੌਰ ਤੇ ਫਲਾਂ ਦੇ ਗੁੱਛੇ ਬਣਨ ਤੇ ਜਾਂ ਉਸ ਤੋਂ ਪਹਿਲਾਂ, ਪੁਰਾਣੇ ਪੱਤਿਆ ਤੇ ਹਮਲਾ ਕਰਦੀ ਹੈ। ਪਰ ਇਹ ਕਿਸੇ ਵੀ ਸਮੇਂ ਫਸਲ ਤੇ ਹਮਲਾ ਕਰ ਸਕਦੀ ਹੈ। ਵੱਧ ਨੁਕਸਾਨ ਸਮੇਂ ਪੱਤੇ ਝੱੜ ਜਾਂਦੇ ਹਨ।

ਖੇਤ ਵਿੱਚ ਪਾਣੀ ਨਾ ਖੜਾ ਹੋਣ ਦਿਓ ਅਤੇ ਸਾਫ਼ ਸੁਥਰਾ ਰੱਖੋ। ਇਸਨੂੰ ਰੋਕਣ ਲਈ ਹੈਕਸਾਕੋਨਾਜ਼ੋਲ ਨੂੰ ਸਟਿੱਕਰ 1 ਮਿ.ਲੀ. ਪ੍ਰਤੀ ਲੀਟਰ ਪਾਣੀ ਨਾਲ ਮਿਲਾ ਕੇ ਸਪਰੇਅ ਕਰੋ। ਅਚਾਨਕ ਮੀਂਹ ਪੈਣ ਨਾਲ ਇਸ ਬਿਮਾਰੀ ਦਾ ਖਤਰਾ ਵੱਧ ਜਾਂਦਾ ਹੈ। ਜ਼ਿਆਦਾ ਹਮਲਾ ਹੋਣ ਸਮੇਂ ਪਾਣੀ ਵਿੱਚ ਘੁਲਣਸ਼ੀਲ ਸਲਫਰ 20 ਗ੍ਰਾਮ ਪ੍ਰਤੀ 10 ਲੀਟਰ ਪਾਣੀ ਦੀਆਂ 2-3 ਸਪਰੇਆਂ 10 ਦਿਨਾਂ ਦੇ ਫਾਸਲੇ ਤੇ ਕਰੋ।

ਝੁਲਸ ਰੋਗ: ਇਹ ਫਾਈਟੋਫਥੋਰਾ ਕੈਪਸੀਸੀ ਨਾਮ ਦੀ ਉਲੀ ਕਾਰਨ ਹੁੰਦੀ ਹੈ। ਇਹ ਮਿੱਟੀ ਵਿੱਚ ਪੈਦਾ ਹੋਣ ਵਾਲੀ ਬਿਮਾਰੀ ਹੈ ਅਤੇ ਜ਼ਿਆਦਾਤਰ ਘੱਟ ਨਿਕਾਸ ਵਾਲੀਆਂ ਜ਼ਮੀਨਾ ਵਿੱਚ ਅਤੇ ਸਹੀ ਢੰਗ ਨਾਲ ਖੇਤੀ ਨਾ ਕਰਨ ਵਾਲੇ ਖੇਤਰਾਂ ਵਿੱਚ ਪਾਈ ਜਾਂਦੀ ਹੈ। ਬੱਦਲਵਾਹੀ ਵਾਲਾ ਮੌਸਮ ਵੀ ਇਸ ਬਿਮਾਰੀ ਨੂੰ ਫੈਲਾਉਣ ਵਿੱਚ ਮਦਦ ਕਰਦਾ ਹੈ।

ਇਸ ਬਿਮਾਰੀ ਨੂੰ ਰੋਕਣ ਲਈ ਫਸਲੀ ਚੱਕਰ ਵਿੱਚ ਬੈਂਗਣ, ਟਮਾਟਰ, ਖੀਰਾ, ਪੇਠਾ ਆਦਿ ਘੱਟ ਤੋਂ ਘੱਟ ਤਿੰਨ ਸਾਲਾਂ ਤੱਕ ਨਾ ਅਪਨਾਓ। ਕੋਪਰ ਆਕਸੀਕਲੋਰਾਈਡ 250 ਗ੍ਰਾਮ ਪ੍ਰਤੀ 150 ਪਾਣੀ ਦੀ ਸਪਰੇਅ ਕਰੋ।

ਥਰਿਪ: ਇਹ ਜ਼ਿਆਦਾਤਰ ਖੁਸ਼ਕ ਮੌਸਮ ਵਿੱਚ ਪਾਇਆ ਜਾਣ ਵਾਲਾ ਕੀੜਾ ਹੈ। ਇਹ ਪੱਤਿਆਂ ਦਾ ਰਸ ਚੂਸਦਾ ਹੈ ਅਤੇ ਪੱਤਾ ਮਰੋੜ ਰੋਗ ਪੈਦਾ ਕਰ ਦਿੰਦਾ ਹੈ। ਇਸ ਨਾਲ ਫੁੱਲ ਵੀ ਝੜਨ ਲੱਗ ਜਾਂਦੇ ਹਨ।

ਇਨ੍ਹਾਂ ਦਾ ਹਮਲਾ ਮਾਪਣ ਲਈ ਨੀਲੇ ਚਿਪਕਣ ਵਾਲੇ ਕਾਰਡ 6-8 ਪ੍ਰਤੀ ਏਕੜ ਲਾਓ। ਇਨ੍ਹਾਂ ਦੇ ਹਮਲੇ ਨੂੰ ਘੱਟ ਕਰਨ ਦੇ ਲਈ ਵਰਟੀਸਿਲੀਅਮ ਲਿਕਾਨੀ 5 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕੀਤੀ ਜਾ ਸਕਦੀ ਹੈ।

ਜੇਕਰ ਇਸਦਾ ਹਮਲਾ ਵੱਧ ਹੋਵੇ ਤਾਂ ਇਮੀਡਾਕਲੋਪ੍ਰਿਡ 17.8 ਐੱਸ ਐੱਲ ਜਾਂ ਫਿਪਰੋਨਿਲ 1 ਗ੍ਰਾਮ ਪ੍ਰਤੀ ਲੀਟਰ ਪਾਣੀ ਜਾਂ ਫਿਪਰੋਨਿਲ 80% ਡਬਲਿਊ ਪੀ 2.5 ਮਿ.ਲੀ. ਪ੍ਰਤੀ ਲੀਟਰ ਪਾਣੀ ਜਾਂ ਐਸੀਫੇਟ 75% ਡਬਲਿਊ ਪੀ 1.0 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਕਰੋ ਜਾਂ ਥਾਇਆਮੈਥੋਐਕਸਮ 25% ਡਬਲਿਊ ਜੀ 1.0 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।

ਪੌਦੇ ਮੁਰਝਾਉਣਾ ਅਤੇ ਫਲ ਗਲਣ

ਪੌਦੇ ਮੁਰਝਾਉਣਾ ਅਤੇ ਫਲ ਗਲਣ: ਇਸ ਨਾਲ ਟਾਹਣੀਆਂ ਅਤੇ ਪੱਤੇ ਸੁੱਕ ਜਾਂਦੇ ਹਨ ਅਤੇ ਨੁਕਸਾਨੇ ਹਿੱਸਿਆਂ ਤੇ ਕਾਲੇ ਧੱਬੇ ਦਿਖਾਈ ਦਿੰਦੇ ਹਨ। ਧੱਬੇ ਆਮ ਤੌਰ ਤੇ ਗੋਲ, ਪਾਣੀ ਵਰਗੇ, ਡੂੰਘੇ ਹੁੰਦੇ ਹਨ ਅਤੇ ਇਨ੍ਹਾਂ ਤੇ ਕਾਲੀਆਂ ਧਾਰੀਆਂ ਬਣ ਜਾਂਦੀਆਂ ਹਨ। ਵੱਧ ਧੱਬੇ ਪੈਣ ਨਾਲ ਫਲ ਪੱਕਣ ਤੋਂ ਪਹਿਲਾਂ ਹੀ ਡਿੱਗ ਜਾਂਦੇ ਹਨ ਅਤੇ ਜਿਸ ਕਾਰਨ ਝਾੜ ਬਹੁਤ ਘੱਟ ਜਾਂਦਾ ਹੈ। ਵਰਖਾ ਵਾਲੇ ਮੌਸਮ ਸਮੇਂ ਇਹ ਬਿਮਾਰੀ ਹਵਾ ਚੱਲਣ ਨਾਲ ਵੱਧ ਫੈਲਦੀ ਹੈ। ਬਿਮਾਰੀ ਵਾਲੇ ਪੌਦੇ ਤੇ ਫਲ ਘੱਟ ਅਤੇ ਮਾੜੀ ਕੁਆਲਿਟੀ ਵਾਲੇ ਹੁੰਦੇ ਹਨ।

ਇਸਨੂੰ ਰੋਕਣ ਲਈ ਰੋਧਕ ਕਿਸਮਾਂ ਵਰਤੋ। ਬਿਜਾਈ ਤੋਂ ਪਹਿਲਾਂ ਬੀਜ ਨੂੰ ਥੀਰਮ ਜਾਂ ਕਪਤਾਨ 4 ਗ੍ਰਾਮ ਪ੍ਰਤੀ ਕਿਲੋ ਨਾਲ ਸੋਧਣ ਨਾਲ ਜ਼ਮੀਨ ਚੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਸ ਬਿਮਾਰੀ ਨੂੰ ਰੋਕਣ ਲਈ ਮੈਨਕੋਜ਼ੇਬ 2.5 ਗ੍ਰਾਮ ਜਾਂ ਕੋਪਰ ਆਕਸੀਕਲੋਰਾਈਡ 3 ਗ੍ਰਾਮ ਪ੍ਰਤੀ ਲੀਟਰ ਪਾਣੀ ਨਾਲ ਸਪਰੇਅ ਕਰੋ। ਪਹਿਲੀ ਸਪਰੇਅ ਫੁੱਲ ਨਿਕਲਣ ਤੋਂ ਪਹਿਲਾਂ ਅਤੇ ਦੂਜੀ ਫੁੱਲ ਬਣਨ ਸਮੇਂ ਕਰੋ।

ਉਖੇੜਾ ਰੋਗ: ਇਹ ਬਿਮਾਰੀ ਮਿੱਟੀ ਵਿੱਚ ਜ਼ਿਆਦਾ ਨਮੀ ਅਤੇ ਮਾੜੇ ਨਿਕਾਸ ਕਾਰਨ ਫੈਲਦੀ ਹੈ। ਇਹ ਮਿੱਟੀ ਤੋਂ ਪੈਦਾ ਹੋਣ ਵਾਲੀ ਬਿਮਾਰੀ ਹੈ। ਇਸ ਨਾਲ ਤਣਾ ਮੁਰਝਾ ਜਾਂਦਾ ਹੈ। ਇਹ ਬਿਮਾਰੀ ਨਵੇਂ ਪੌਦਿਆਂ ਨੂੰ ਪੁੰਗਰਨ ਤੋਂ ਪਹਿਲਾਂ ਹੀ ਨਸ਼ਟ ਕਰ ਦਿੰਦੀ ਹੈ। ਜੇਕਰ ਇਹ ਬਿਮਾਰੀ ਨਰਸਰੀ ਵਿੱਚ ਆ ਜਾਵੇ ਤਾਂ ਸਾਰੇ ਪੌਦੇ ਨਸ਼ਟ ਹੋ ਜਾਂਦੇ ਹਨ।

ਇਸਨੂੰ ਰੋਕਣ ਲਈ ਪੌਦਿਆਂ ਨੇੜੇ ਮਿੱਟੀ ਵਿੱਚ ਕੋਪਰ ਆਕਸੀਕਲੋਰਾਈਡ 250 ਗ੍ਰਾਮ ਜਾਂ ਕਾਰਬੈਂਡਾਜ਼ਿਮ 200 ਗ੍ਰਾਮ ਪ੍ਰਤੀ 150 ਲੀਟਰ ਪਾਣੀ ਪਾਓ। ਪੌਦੇ ਦਾ ਉਖੇੜਾ ਰੋਗ ਜੋ ਜੜ੍ਹ ਗਲਣ ਦੇ ਕਾਰਨ ਹੁੰਦਾ ਹੈ, ਦੀ ਰੋਕਥਾਮ ਲਈ ਜੜ੍ਹਾਂ ਨੇੜੇ ਟ੍ਰਾਈਕੋਡਰਮਾ ਬਾਇਓ ਫੰਗਸ 2.5 ਕਿਲੋ ਪ੍ਰਤੀ 500 ਲੀਟਰ ਪਾਣੀ ਪਾਓ।

ਐਂਥਰਾਕਨੋਸ: ਇਹ ਬਿਮਾਰੀ ਕੋਲੈਟੋਟ੍ਰੀਚਮ ਪੀਪੇਰਾਟਮ ਅਤੇ ਸੀ.ਕੈਪਸਿਸੀ ਨਾਮ ਦੀ ਉੱਲੀ ਕਰਕੇ ਹੁੰਦੀ ਹੈ। ਇਹ ਉੱਲੀ ਗਰਮ ਤਾਪਮਾਨ, ਵੱਧ ਨਮੀ ਕਾਰਨ ਵੱਧਦੀ ਹੈ। ਨੁਕਸਾਨੇ ਹਿੱਸਿਆਂ ਤੇ ਕਾਲੇ ਧੱਬੇ ਨਜ਼ਰ ਆਉਂਦੇ ਹਨ। ਧੱਬੇ ਆਮ ਤੌਰ ਤੇ ਗੋਲ, ਪਾਣੀ ਵਰਗੇ ਅਤੇ ਕਾਲੇ ਰੰਗ ਦੀਆਂ ਧਾਰੀਆਂ ਵਾਲੇ ਹੁੰਦੇ ਹਨ। ਜਿਆਦਾ ਧੱਬਿਆਂ ਵਾਲੇ ਫਲ ਪੱਕਣ ਤੋਂ ਪਹਿਲਾਂ ਹੀ ਝੜ ਜਾਂਦੇ ਹਨ, ਜਿਸ ਨਾਲ ਝਾੜ ਤੇ ਮਾੜਾ ਅਸਰ ਪੈਂਦਾ ਹੈ।

ਇਸਦੀ ਰੋਕਥਾਮ ਲਈ ਪ੍ਰੋਪੀਕੋਨਾਜ਼ੋਲ ਜਾਂ ਹੈਕਸਾਕੋਨਾਜ਼ੋਲ 1 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।

ਚਿਤਕਬਰਾ ਰੋਗ: ਇਸ ਬਿਮਾਰੀ ਨਾਲ ਪੌਦੇ ਤੇ ਹਲਕੇ ਹਰੇ ਰੰਗ ਦੇ ਧੱਬੇ ਪੈ ਜਾਂਦੇ ਹਨ। ਸ਼ੁਰੂਆਤ ਵਿੱਚ ਪੌਦੇ ਦਾ ਵਿਕਾਸ ਰੁੱਕ ਜਾਂਦਾ ਹੈ। ਪੱਤਿਆਂ ਅਤੇ ਫਲਾਂ ਤੇ ਪੀਲੇ, ਗੂੜੇ ਪੀਲੇ ਅਤੇ ਪੀਲੇ-ਚਿੱਟੇ ਗੋਲ ਧੱਬੇ ਬਣ ਜਾਂਦੇ ਹਨ। ਬਿਜਾਈ ਲਈ ਹਮੇਸ਼ਾ ਤੰਦਰੁਸਤ ਅਤੇ ਨਿਰੋਗ ਪੌਦੇ ਹੀ ਵਰਤੋ। ਇੱਕੋ ਹੀ ਫਸਲ ਖੇਤ ਵਿੱਚ ਮਿਰਚਾਂ ਦੇ ਨਾਲ ਬਾਰ-ਬਾਰ ਨਾ ਲਗਾਓ। ਮੱਕੀ ਜਾਂ ਜਵਾਰ ਦੀਆਂ ਦੋ ਲਾਈਨਾਂ, ਮਿਰਚ ਦੀਆਂ ਹਰ ਪੰਜ ਲਾਈਨਾਂ ਬਾਅਦ ਹਵਾ ਦੇ ਵਹਾਅ ਦੇ ਉਲਟ ਪਾਸੇ ਬੀਜੋ। ਨੁਕਸਾਨੇ ਬੂਟੇ ਪੁੱਟ ਕੇ ਖੇਤ ਤੋਂ ਦੂਰ ਨਸ਼ਟ ਕਰ ਦਿਓ। ਚੇਪੇ ਦੀ ਰੋਕਥਾਮ ਲਈ ਐਸੀਫੇਟ 75 ਐੱਸ ਪੀ 1 ਗ੍ਰਾਮ ਪ੍ਰਤੀ ਲੀਟਰ ਜਾਂ ਮਿਥਾਈਲ ਡੈਮੇਟਨ 25 ਈ ਸੀ 2 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। ਮਿੱਟੀ ਵਿੱਚ ਦਾਣੇਦਾਰ ਕੀਟਨਾਸ਼ਕ ਕਾਰਬੋਫਿਊਰਨ, ਫੋਰੇਟ 4-8 ਕਿਲੋ ਪ੍ਰਤੀ ਏਕੜ ਪਨੀਰੀ ਖੇਤ ਵਿੱਚ ਲਗਾਉਣ ਤੋਂ 15 ਅਤੇ 60 ਦਿਨਾਂ ਬਾਅਦ ਪਾਓ।

ਭੂਰੇ ਧੱਬਿਆਂ ਦਾ ਰੋਗ: ਇਹ ਰੋਗ ਆਮ ਤੌਰ ਤੇ ਵਰਖਾ ਦੇ ਮੌਸਮ ਵਿੱਚ ਫੈਲਦਾ ਹੈ। ਨਵੇਂ ਪੱਤਿਆਂ ਤੇ ਪੀਲੇ-ਹਰੇ ਅਤੇ ਪੁਰਾਣੇ ਪੱਤਿਆਂ ਤੇ ਗੂੜੇ ਅਤੇ ਪਾਣੀ ਵਰਗੇ ਧੱਬੇ ਪੈ ਜਾਂਦੇ ਹਨ। ਵੱਧ ਨੁਕਸਾਨੇ ਪੱਤੇ ਪੀਲੇ ਪੈ ਜਾਂਦੇ ਹਨ ਅਤੇ ਝੜ ਜਾਂਦੇ ਹਨ। ਇਹ ਬਿਮਾਰੀ ਤਣੇ ਤੇ ਵੀ ਪਾਈ ਜਾਂਦੀ ਹੈ, ਜਿਸ ਨਾਲ ਟਾਹਣੀਆਂ ਸੁੱਕ ਜਾਂਦੀਆ ਹਨ ਅਤੇ ਕੈਂਕਰ ਨਾਮ ਦਾ ਰੋਗ ਪੈਦਾ ਹੋ ਜਾਂਦਾ ਹੈ। ਇਸ ਨਾਲ ਫਲ ਉੱਤੇ ਗੋਲ ਆਕਾਰ ਦੇ ਪਾਣੀ ਵਰਗੇ ਪੀਲੇ ਘੇਰੇ ਵਾਲੇ ਧੱਬੇ ਪੈ ਜਾਂਦੇ ਹਨ।

ਇਸ ਨੂੰ ਰੋਕਣ ਲਈ ਪ੍ਰੋਪੀਕੋਨਾਜ਼ੋਲ 25% ਈ ਸੀ 200 ਮਿ.ਲੀ. ਜਾਂ ਕਲੋਰੋਥੈਲੋਨਿਲ 75% ਡਬਲਿਊ ਪੀ 400-600 ਗ੍ਰਾਮ ਪ੍ਰਤੀ 150-200 ਲੀਟਰ ਪਾਣੀ ਦੀ ਸਪਰੇਅ ਕਰੋ। ਜੇਕਰ ਇਸਦਾ ਨੁਕਸਾਨ ਦਿਖੇ ਤਾਂ ਸਟ੍ਰੈਪਟੋਸਾਈਕਲਿਨ 1 ਗ੍ਰਾਮ+ਕੋਪਰ ਆਕਸੀਕਲੋਰਾਈਡ 400 ਗ੍ਰਾਮ ਪ੍ਰਤੀ 200 ਲੀਟਰ ਪਾਣੀ ਦੀ ਸਪਰੇਅ ਕਰੋ।

ਫਸਲ ਦੀ ਕਟਾਈ

ਮਿਰਚਾਂ ਦੀ ਤੁੜਾਈ ਹਰਾ ਰੰਗ ਆਉਣ ਤੇ ਕਰੋ ਜਾਂ ਫਿਰ ਪੱਕਣ ਲਈ ਪੌਦੇ ਤੇ ਹੀ ਰਹਿਣ ਦਿਓ। ਮਿਰਚਾਂ ਦਾ ਪੱਕਣ ਤੋਂ ਬਾਅਦ ਵਾਲਾ ਰੰਗ ਕਿਸਮ ਤੇ ਨਿਰਭਰ ਕਰਦਾ ਹੈ। ਵੱਧ ਤੁੜਾਈਆਂ ਲੈਣ ਲਈ ਯੂਰੀਆ 10 ਗ੍ਰਾਮ ਪ੍ਰਤੀ ਲੀਟਰ ਅਤੇ ਘੁਲਣਸ਼ੀਲ K@10 ਗ੍ਰਾਮ ਪ੍ਰਤੀ ਲੀਟਰ ਪਾਣੀ(1% ਹਰੇਕ ਦੇ ਘੋਲ) ਦੀ ਸਪਰੇਅ 15 ਦਿਨਾਂ ਦੇ ਫਾਸਲੇ ਤੇ ਕਟਾਈ ਦੇ ਸਮੇਂ ਕਰੋ। ਪੈਕਿੰਗ ਦੇ ਲਈ ਮਿਰਚਾਂ ਪੱਕੀਆਂ ਅਤੇ ਲਾਲ ਰੰਗ ਦੀਆਂ ਹੋਣ ਤੇ ਤੋੜੋ। ਸੁਕਾਉਣ ਲਈ ਵਰਤੀਆਂ ਜਾਣ ਵਾਲੀਆਂ ਮਿਰਚਾਂ ਦੀ ਪੂਰੀ ਤਰ੍ਹਾਂ ਪੱਕਣ ਤੋਂ ਬਾਅਦ ਹੀ ਤੁੜਾਈ ਕਰੋ।

ਕਟਾਈ ਤੋਂ ਬਾਅਦ

ਮਿਰਚਾਂ ਨੂੰ ਪਹਿਲਾਂ ਸੁਕਾਇਆ ਜਾਂਦਾ ਹੈ। ਫਿਰ ਆਕਾਰ ਦੇ ਆਧਾਰ 'ਤੇ ਛਾਂਟਣ ਤੋਂ ਬਾਅਦ ਪੈਕ ਕੀਤਾ ਜਾਂਦਾ ਹੈ ਅਤੇ ਸਟੋਰ ਕਰ ਲਿਆ ਜਾਂਦਾ ਹੈ।