ਕਮਾਦ ਦੀ ਫ਼ਸਲ ਦਾ ਕੀੜਿਆਂ ਅਤੇ ਬੀਮਾਰੀਆਂ ਤੋਂ ਬਚਾਅ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਕੀੜੇ ਦੀਆਂ ਤਣੇ ਵਿਚ ਵੜਨ ਤੇ ਨਿਕਲਣ ਵਾਲੀਆਂ ਮੋਰੀਆਂ ਕੇਵਲ ਗੰਨੇ ਨੂੰ ਛਿੱਲ ਕੇ ਹੀ ਵੇਖੀਆਂ ਜਾ ਸਕਦੀਆਂ ਹਨ

Protection of kamad crop from pests and diseases

 

 ਮੁਹਾਲੀ : ਕਮਾਦ ਪੰਜਾਬ ਦੀ ਮਹੱਤਵਪੂਰਨ ਫ਼ਸਲ ਹੈ। ਇਸ ਦੀ 75 ਫ਼ੀ ਸਦੀ ਵਰਤੋਂ ਖੰਡ ਬਣਾਉਣ ਲਈ ਕੀਤੀ ਜਾਂਦੀ ਹੈ। ਪੰਜਾਬ ਵਿਚ 2016-17 ਦੌਰਾਨ ਗੰਨੇ ਦੀ ਖੇਤੀ 88 ਹਜ਼ਾਰ ਹੈਕਟੇਅਰ ਰਕਬੇ ਵਿਚ ਕੀਤੀ ਗਈ ਤੇ ਔਸਤ: ਝਾੜ 325 ਕੁਇੰਟਲ ਪ੍ਰਤੀ ਏਕੜ ਸੀ। ਗੰਨੇ ਦੀ ਫ਼ਸਲ 10-14 ਮਹੀਨੇ ਖੇਤ ਵਿਚ ਰਹਿੰਦੀ ਹੈ। ਇਸ ਉਪਰ ਵੱਖ-ਵੱਖ ਸਮੇਂ ਦੌਰਾਨ ਕੀੜੇ ਮਕੌੜਿਆਂ ਤੇ ਬੀਮਾਰੀਆਂ ਦਾ ਹਮਲਾ ਹੁੰਦਾ ਹੈ ਜਿਸ ਨਾਲ ਗੰਨੇ ਦੇ ਝਾੜ ਅਤੇ ਖੰਡ ਦੀ ਪ੍ਰਾਪਤੀ ਤੇ ਬੁਰਾ ਅਸਰ ਪੈਂਦਾ ਹੈ। ਇਸ ਤੋਂ ਬਚਾਅ ਲਈ ਕੁੱਝ ਅਹਿਮ ਨੁਕਤਿਆਂ ਨੂੰ ਅਪਣਾਉਣਾ ਲਾਹੇਵੰਦ ਹੈ।

ਰੱਤਾ ਰੋਗ: ਇਹ ਰੋਗ ਉੱਲੀ ਕਾਰਨ ਹੁੰਦਾ ਹੈ। ਇਹ ਬੀਮਾਰੀ ਮੁੱਖ ਤੌਰ ’ਤੇ ਰੋਗੀ ਬਰੋਟਿਆਂ ਨਾਲ ਹੁੰਦੀ ਹੈ ਅਤੇ ਜੁਲਾਈ ਤੋਂ ਫ਼ਸਲ ਦੀ ਕਟਾਈ ਤਕ ਮਾਰ ਕਰਦੀ ਹੈ। ਇਹ ਗੰਨੇ ਦੇ ਗੁੱਦੇ ਦੀ ਬੀਮਾਰੀ ਹੈ ਪਰ ਇਹ ਪੱਤਿਆਂ ’ਤੇ ਵੀ ਅਸਰ ਕਰਦੀ ਹੈ। ਸ਼ੁਰੂਆਤੀ ਨਿਸ਼ਾਨੀਆਂ ਵਿਚ ਸਿਰੇ ਵਾਲੇ ਪੱਤਿਆਂ ਦਾ ਰੰਗ ਪੀਲਾ ਪੈ ਜਾਂਦਾ ਹੈ ਤੇ ਸਾਰੇ ਪੱਤੇ ਮੁਰਝਾ ਜਾਂਦੇ ਹਨ। ਗੰਨਿਆਂ ਦਾ ਗੁੱਦਾ ਅੰਦਰੋਂ ਲਾਲ ਹੋ ਜਾਂਦਾ ਹੈ ਤੇ ਚੌੜੇ ਪਾਸੇ ਵਲ ਲੰਬੂਤਰੇ ਚਿੱਟੇ ਧੱਬੇ ਇਸ ਨੂੰ ਕੱਟਦੇ ਨਜ਼ਰ ਆਉਂਦੇ ਹਨ। ਚੀਰੇ ਹੋਏ ਗੰਨਿਆਂ ਵਿਚੋਂ ਸ਼ਰਾਬ ਵਰਗੀ ਬੂ ਆਉਂਦੀ ਹੈ।

ਰੋਕਥਾਮ: ਬੀਜ ਰੋਗ-ਰਹਿਤ ਫ਼ਸਲ ਵਿਚੋਂ ਲਵੋ। ਰੋਗ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ, ਸੀਓਪੀਬੀ-92, ਸੀਓ-118, ਸੀਓਜੇ-85, ਸੀਓਪੀਬੀ-93, ਸੀਓਪੀਬੀ-94, ਸੀਓਪੀਬੀ-91, ਸੀਓ-238 ਤੇ ਸੀਓਜੇ-88 ਦੀ ਬਿਜਾਈ ਕਰੋ। ਬੀਮਾਰੀ ਵਾਲੇ ਖੇਤਾਂ ਵਿਚ ਇਕ ਸਾਲ ਫ਼ਸਲੀ ਚੱਕਰ ਬਦਲੋ। ਰੋਗੀ ਫ਼ਸਲ ਨੂੰ ਅਗੇਤੀ ਪੀੜ ਲਵੋ। ਖੇਤ ਨੂੰ ਛੇਤੀ ਤੋਂ ਛੇਤੀ ਵਾਹ ਕੇ ਮੁੱਢ ਨਸ਼ਟ ਕਰ ਦੇਵੋ। ਰੋਗੀ ਗੰਨਿਆਂ ਵਾਲਾ ਸਾਰਾ ਬੂਝਾ ਮੁੱਢੋਂ ਪੁੱਟ ਕੇ ਡੂੰਘਾ ਦਬਾਅ ਦੇਵੋ।
ਮੁਰਝਾਉਣਾ: ਇਹ ਬੀਮਾਰੀ ਜੁਲਾਈ ਤੋਂ ਫ਼ਸਲ ਪੱਕਣ ਤਕ ਰਹਿੰਦੀ ਹੈ। ਬੀਮਾਰੀ ਵਾਲੇ ਗੰਨੇ ਦੇ ਪੱਤੇ ਪੀਲੇ ਪੈ ਕੇ ਬਾਅਦ ਵਿਚ ਸੁੱਕ ਜਾਂਦੇ ਹਨ। ਗੰਨੇ ਦੇ ਗੁੱਦੇ ਦਾ ਰੰਗ ਭੱਦਾ ਲਾਲ ਹੋ ਜਾਂਦਾ ਹੈ। ਗੁੱਦੇ ਦਾ ਰੰਗ ਗੰਢ ਦੇ ਨੇੜਿਉਂ ਜ਼ਿਆਦਾ ਗੂੜ੍ਹਾ ਤੇ ਵਿਚਕਾਰੋਂ ਘੱਟ ਲਾਲ ਹੁੰਦਾ ਹੈ। ਬਿਮਾਰੀ ਵਾਲਾ ਗੰਨਾ ਪੋਲਾ ਅਤੇ ਹੌਲਾ ਹੋ ਜਾਂਦਾ ਹੈ।

ਰੋਕਥਾਮ : ਇਸ ਰੋਗ ਦੀ ਰੋਕਥਾਮ ਲਈ ਰੱਤਾ ਰੋਗ ਵਾਲੇ ਉਪਾਅ ਕਰੋ। ਇਸ ਬੀਮਾਰੀ ਨੂੰ ਫੈਲਾਉਣ ਵਾਲੀ ਉੱਲੀ ਲੰਬੇ ਸਮੇਂ ਤਕ ਖੇਤ ਵਿਚ ਪਈ ਰਹਿੰਦੀ ਹੈ। ਇਸ ਲਈ ਅਜਿਹੇ ਖੇਤਾਂ ਵਿਚ ਤਿੰਨ ਸਾਲ ਲਈ ਗੰਨਾ ਨਾ ਬੀਜੋ।
ਕਾਂਗਿਆਰੀ: ਇਹ ਬੀਮਾਰੀ ਸਾਰਾ ਸਾਲ ਰਹਿੰਦੀ ਹੈ ਪਰ ਇਸ ਦਾ ਹਮਲਾ ਮਈ ਤੋਂ ਜੁਲਾਈ ਤੇ ਫਿਰ ਅਕਤੂਬਰ-ਨਵੰਬਰ ਵਿਚ ਜ਼ਿਆਦਾ ਹੁੰਦਾ ਹੈ। ਮੋਢੇ ਗੰਨੇ ਦੀ ਫ਼ਸਲ ਵਿਚ ਇਹ ਬੀਮਾਰੀ ਜ਼ਿਆਦਾ ਹੁੰਦੀ ਹੈ। ਬੀਮਾਰੀ ਵਾਲੇ ਗੰਨਿਆਂ ਦੀ ਮੁੱਖ ਸ਼ਾਖ ਛਾਂਗੇ ਵਰਗੀ ਬਣ ਜਾਂਦੀ ਹੈ ਜਿਸ ਉਪਰ ਕਾਲਾ ਧੂੜੇਦਾਰ ਮਾਦਾ ਲੱਗਾ ਹੁੰਦਾ ਹੈ।

ਰੋਕਥਾਮ: ਨਰੋਆ ਬੀਜ ਵਰਤੋ। ਪ੍ਰਭਾਵਤ ਸ਼ਾਖਾਵਾਂ ਨੂੰ ਖਿੱਚ ਕੇ ਮੋਟੇ ਕਪੜੇ ਦੇ ਝੋਲੇ ’ਚ ਪਾ ਕੇ ਕੱਟ ਲਵੋ, ਫਿਰ ਸਾਰੇ ਬੂਟੇ ਨੂੰ ਮੁੱਢੋਂ ਪੁੱਟ ਕੇ ਮਿੱਟੀ ਵਿਚ ਡੂੰਘਾ ਦਬਾ ਦੇਵੋ। ਇਸ ਬੀਮਾਰੀ ਵਾਲੀ ਫ਼ਸਲ ਦੀ ਮੁੱਢੀ ਨਾ ਰੱਖੋ।
ਤਣੇ ਦਾ ਗੜੂਆਂ: ਇਹ ਕੀੜਾ ਸਾਰਾ ਸਾਲ ਸਰਗਰਮ ਰਹਿੰਦਾ ਹੈ। ਇਸ ਦੀਆਂ ਸੁੰਡੀਆਂ ਸਰਦੀਆਂ ਵਿਚ ਨਵੇਂ ਪੜਸੂਇਆਂ ਜਾਂ ਮੁੱਢਾਂ ਵਿਚ ਰਹਿੰਦੀਆਂ ਹਨ। ਇਨ੍ਹਾਂ ਦਾ ਹਮਲਾ ਅਪ੍ਰੈਲ, ਮਈ ਤੇ ਜੂਨ ਵਿਚ ਕੁੱਝ ਘੱਟ ਹੁੰਦਾ ਹੈ ਪਰ ਜੁਲਾਈ ’ਚ ਵੱਧ ਜਾਂਦਾ ਹੈ। ਅਕਤੂਬਰ-ਨਵੰਬਰ ਵਿਚ ਇਹ ਸੱਭ ਤੋਂ ਵੱਧ ਸਰਗਰਮ ਹੁੰਦਾ ਹੈ। ਇਸ ਕੀੜੇ ਦੀਆਂ ਬਾਹਰੀ ਨਿਸ਼ਾਨੀਆਂ ਨਹੀਂ ਹਨ। ਇਸ ਕੀੜੇ ਦੀਆਂ ਤਣੇ ਵਿਚ ਵੜਨ ਤੇ ਨਿਕਲਣ ਵਾਲੀਆਂ ਮੋਰੀਆਂ ਕੇਵਲ ਗੰਨੇ ਨੂੰ ਛਿੱਲ ਕੇ ਹੀ ਵੇਖੀਆਂ ਜਾ ਸਕਦੀਆਂ ਹਨ। ਇਕ ਸੁੰਡੀ ਕਈ ਵਾਰ ਤਿੰਨ ਗੰਢਾਂ ਦਾ ਨੁਕਸਾਨ ਕਰਦੀ ਹੈ ਅਤੇ ਗੰਨੇ ਉਪਰ ਕਈ ਥਾਵਾਂ ’ਤੇ ਹਮਲਾ ਕਰਦੀ ਹੈ। ਗੰਭੀਰ ਹਮਲੇ ਦਾ ਗੰਨੇ ਦੇ ਝਾੜ ਅਤੇ ਮਿਠਾਸ ਉਪਰ ਮਾੜਾ ਅਸਰ ਪੈਂਦਾ ਹੈ।

ਰੋਕਥਾਮ : ਹਮਲੇ ਵਾਲੇ ਖੇਤ ਵਿਚੋਂ ਬੀਜ ਨਾ ਲਵੋ। 40 ਟਰਾਈਕੋਕਾਰਡ ਦੇ (52.5 ਸੈਂਟੀਮੀਟਰ) ਜਿਸ ਉਪਰ 7 ਦਿਨ ਪਹਿਲਾਂ ਟਰਾਈਕੋਗਰਾਮਾ ਕਿਲੋਨਸ ਰਾਹੀਂ ਪਰਜੀਵੀ ਕਿਰਿਆ ਕੀਤੀ ਹੋਵੇ, ਗੰਨੇ ਦੇ ਪੱਤਿਆਂ ਦੇ ਹੇਠਲੇ ਪਾਸੇ ਜੁਲਾਈ ਤੋਂ ਅਕਤੂਬਰ ਦੌਰਾਨ 10 ਦਿਨ ਦੇ ਫ਼ਰਕ ਨਾਲ ਨੱਥੀ ਕਰੋ। ਹਰ ਟੁਕੜੇ ’ਤੇ 500 ਪਰਜੀਵੀ ਕਿਰਿਆ ਵਾਲੇ ਆਂਡੇ ਲੱਗੇ ਹੋਣੇ ਚਾਹੀਦੇ ਹਨ ਤੇ ਇਹ ਟੁਕੜੇ ਇਕ ਏਕੜ ਵਿਚ 40 ਥਾਵਾਂ ’ਤੇ ਨੱਥੀ ਕਰੋ। ਆਮ ਹਾਲਾਤ ਵਿਚ ਇਹ ਕਿਰਿਆ 10-12 ਵਾਰ ਦੁਹਰਾਉ। ਫ਼ਸਲ ਕੱਟਣ ਵੇਲੇ ਸਾਰੇ ਪੜਸੂਏਂ ਵੀ ਕੱਟ ਦੇਵੋ। ਇਸ ਕੀੜੇ ਦੀ ਮਾਰ ਵਾਲੀ ਫ਼ਸਲ ਦਾ ਮੂਢਾ ਨਾ ਰੱਖੋ।
ਗੰਨੇ ਦੇ ਕੀੜੇ-ਮਕੌੜੇ: ਬਹੁਤ ਸਾਰੇ ਕੀੜੇ-ਮਕੌੜੇ ਗੰਨੇ ਦੀ ਫ਼ਸਲ ਉਪਰ ਹਮਲਾ ਕਰਦੇ ਹਨ। ਇਨ੍ਹਾਂ ਕੀੜਿਆਂ ਦੇ ਹਮਲੇ ਨਾਲ ਉਤਪਾਦਨ ਪ੍ਰਭਾਵਤ ਹੋਣ ਦੇ ਨਾਲ-ਨਾਲ ਗੰਨੇ ਦਾ ਮਿਠਾਸ ਵਾਲੇ ਤੱਤਾਂ ਉਪਰ ਵੀ ਮਾੜਾ ਅਸਰ ਪੈਂਦਾ ਹੈ।