ਕਣਕ ਦੀ ਵਾਢੀ ਤੋਂ ਬਾਅਦ ਬਿਨਾਂ ਵਹਾਈ ਕਰੋ ਮੂੰਗੀ ਦੀ ਬੀਜਾਈ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਕਣਕ ਦੀ ਵਾਢੀ ਤੋਂ ਬਾਅਦ ਬਿਨਾਂ ਵਹਾਈ ਕਰੋ ਮੂੰਗੀ ਦੀ ਬੀਜਾਈ

Sowing Moong after Wheat

ਪੰਜਾਬ ਵਿਚ ਕੁੱਝ ਦਿਨਾਂ ਤਕ ਕਣਕ ਦੀ ਫ਼ਸਲ ਪੱਕ ਕੇ ਤਿਆਰ ਹੋ ਜਾਵੇਗੀ। ਕਈ ਵਾਰ ਕਿਸਾਨਾਂ ਵਿਚ ਇਸ ਗੱਲ ਨੂੰ ਲੈ ਕੇ ਦੁਚਿੱਤੀ ਹੁੰਦੀ ਹੈ ਕਿ ਉਹ ਕਣਕ ਦੀ ਫ਼ਸਲ ਨੂੰ ਕੱਟਣ ਤੋਂ ਬਾਅਦ ਕੀ ਬੀਜਣਗੇ। ਇਸ ਤੋਂ ਬਾਅਦ ਮੂੰਗੀ ਦੀ ਫ਼ਸਲ ਦੀ ਕਾਸ਼ਤ ਕੀਤੀ ਜਾ ਰਹੀ ਹੈ ਜੋ ਕਾਫ਼ੀ ਫ਼ਾਇਦੇਮੰਦ ਹੋਵੇਗੀ। ਪੰਜਾਬ ਵਿਚ ਗਰਮੀ ਰੁੱਤ ਦੀ ਮੂੰਗੀ ਦੀ ਕਾਸ਼ਤ ਤਕਰੀਬਨ 43 ਹਜ਼ਾਰ ਹੈਕਟੇਅਰ ਰਕਬੇ 'ਤੇ ਕੀਤੀ ਜਾਂਦੀ ਹੈ। ਇਸ ਦੀ ਬਿਜਾਈ ਆਲੂ, ਰਾਇਆ, ਕਣਕ, ਗੋਭੀ ਸਰ੍ਹੋਂ ਆਦਿ ਤੋਂ ਬਾਅਦ ਕੀਤੀ ਜਾਂਦੀ ਹੈ। 

ਕਣਕ ਦੀ ਵਾਢੀ ਤੋਂ ਬਾਅਦ ਖੇਤ ਨੂੰ ਖ਼ਾਲੀ ਰੱਖਣ ਦੀ ਥਾਂ ਕਿਸਾਨਾਂ ਨੂੰ ਕੁਝ ਮੁਨਾਫ਼ਾ ਲੈਣ ਲਈ ਗਰਮੀ ਰੁੱਤ ਦੀ ਮੂੰਗੀ ਦੀ ਕਾਸ਼ਤ ਕਰਨੀ ਚਾਹੀਦੀ ਹੈ। ਗਰਮੀ ਰੁੱਤ ਦੀ ਮੂੰਗੀ ਦੀ ਬਿਜਾਈ ਦਾ ਸਹੀ ਸਮਾਂ 20 ਮਾਰਚ ਤੋਂ 10 ਅਪ੍ਰੈਲ ਤਕ ਹੁੰਦਾ ਹੈ। ਕਣਕ ਦੀ ਵਾਢੀ ਤੋਂ ਬਾਅਦ ਮੂੰਗੀ ਦੀ ਬਿਜਾਈ 20 ਅਪ੍ਰੈਲ ਤੋਂ ਪਿਛੇਤੀ ਨਹੀਂ ਕਰਨੀ ਚਾਹੀਦੀ, ਨਹੀਂ ਤਾਂ ਇਸ ਦੇ ਪੱਕਣ ਦੇ ਸਮੇਂ ਮਾਨਸੂਨ ਬਾਰਿਸ਼ਾਂ ਕਾਰਨ ਇਸ ਦੇ ਝਾੜ ਦੇ ਫ਼ਰਕ ਪੈਂਦਾ ਹੈ। 

ਕਣਕ ਦੀ ਵਾਢੀ ਅਤੇ ਗਰਮੀ ਰੁੱਤ ਦੀ ਮੂੰਗੀ ਦੀ ਬਿਜਾਈ ਦਰਮਿਆਨ ਬਹੁਤ ਘੱਟ ਸਮਾਂ ਹੁੰਦਾ ਹੈ। ਰਵਾਇਤੀ ਬਿਜਾਈ ਵਿਚ ਖੇਤ ਦੀ ਤਿਆਰੀ ਵਿਚ ਵੱਧ ਸਮਾਂ ਲੱਗਦਾ ਹੈ, ਜਿਸ ਕਾਰਨ ਮੂੰਗੀ ਦੀ ਬਿਜਾਈ ਪਿਛੜ ਜਾਂਦੀ ਹੈ। ਹੱਥੀਂ ਜਾਂ ਕੰਬਾਈਨ ਨਾਲ ਵੱਢੀ ਕਣਕ ਤੋਂ ਬਾਅਦ ਗਰਮੀ ਰੁੱਤ ਦੀ ਮੂੰਗੀ ਦੀ ਬਿਜਾਈ ਬਿਨਾਂ ਵਹਾਈ ਤਕਨੀਕ ਨਾਲ ਸਮੇਂ ਸਿਰ ਕੀਤੀ ਜਾ ਸਕਦੀ ਹੈ। ਖੇਤ ਦੀ ਤਿਆਰੀ ਦਾ ਸਮਾਂ ਬਚਾਉਣ ਲਈ ਕਣਕ ਦੀ ਵਾਢੀ ਤੋਂ ਬਾਅਦ ਗਰਮੀ ਰੁੱਤ ਦੀ ਮੂੰਗੀ ਦੀ ਬਿਜਾਈ ਸਮੇਂ ਸਿਰ ਕਰਨ ਲਈ ਬਿਨਾਂ ਵਹਾਈ ਜ਼ੀਰੋ ਟਿੱਲ ਡਰਿੱਲ ਨਾਲ ਕਰਨੀ ਚਾਹੀਦੀ ਹੈ। ਜੇ ਕਣਕ ਦੀ ਰਹਿੰਦ ਖੂੰਹਦ ਖੇਤ ਵਿਚ ਹੋਵੇ ਤਾਂ ਮੂੰਗੀ ਦੀ ਬੀਜਾਈ ਹੈਪੀ ਸੀਡਰ ਨਾਲ ਵੀ ਕੀਤੀ ਜਾ ਸਕਦੀ ਹੈ।

ਗਰਮੀ ਰੁੱਤ ਦੀ ਮੂੰਗੀ ਦੀਆਂ ਟੀ ਐੱਮ ਬੀ 37, ਐੱਸ ਐੱਮ ਐੱਲ 832 ਤੇ ਐੱਸ ਐੱਮ ਐੱਲ 668 ਉੱਨਤ ਕਿਸਮਾਂ ਹਨ। ਐੱਸ ਐੱਮ ਐੱਲ 668 ਲਈ 15 ਕਿਲੋ, ਟੀ ਐੱਮ ਬੀ 37 ਅਤੇ ਐੱਸ ਐੱਮ ਐੱਲ 832 ਲਈ 12 ਕਿੱਲੇ ਬੀਜ ਪ੍ਰਤੀ ਏਕੜ ਬਿਜਾਈ ਲਈ ਕਾਫ਼ੀ ਹੁੰਦਾ ਹੈ। ਮੂੰਗੀ ਦੀ ਬੀਜਾਈ  ਲਈ ਕਤਾਰ ਤੋਂ ਕਤਾਰ ਦਾ ਫਾਸਲਾ 20-22.5 ਸੈਂਟੀਮੀਟਰ ਹੋਣਾ ਚਾਹੀਦਾ ਹੈ। ਗਰਮੀ ਰੁੱਤ ਦੀ ਮੂੰਗੀ ਨੂੰ 5 ਕਿਲੋ ਨਾਈਟ੍ਰੋਜਨ (11 ਕਿਲੋ ਯੂਰੀਆ) ਅਤੇ 16 ਕਿਲੋ ਫਾਸਫੋਰਸ (100 ਕਿਲੋ ਸਿੰਗਲ ਸੁਪਰ ਫਾਸਫੇਟ) ਪ੍ਰਤੀ ਏਕੜ ਬਿਜਾਈ ਵੇਲੇ ਪਾਉਣੀ ਚਾਹੀਦੀ ਹੈ। ਗਰਮੀ ਰੁੱਤ ਦੀ ਮੂੰਗੀ ਨੂੰ 3-4 ਪਾਣੀ ਜ਼ਮੀਨ ਮੁਤਾਬਿਕ ਅਤੇ ਬਾਰਿਸ਼ ਦੇ ਅਨੁਸਾਰ ਲਾਉਣ ਦੀ ਲੋੜ ਪੈਂਦੀ ਹੈ। ਫ਼ਸਲ ਦੇ ਇਕਸਾਰ ਪਕਾਅ ਲਈ ਕਣਕ ਤੋਂ ਬਾਅਦ ਬੀਜੀ ਜਾਣ ਵਾਲੀ ਗਰਮੀ ਰੁੱਤ ਦੀ ਮੂੰਗੀ ਨੂੰ ਅਖ਼ੀਰਲਾ ਪਾਣੀ ਬਿਜਾਈ ਤੋਂ 50 ਦਿਨਾਂ ਬਾਅਦ ਲਾਉਣਾ ਬੰਦ ਕਰ ਦੇਣਾ ਚਾਹੀਦਾ ਹੈ।

ਬਿਨਾਂ ਵਹਾਈ ਬਿਜਾਈ ਇਕ ਘੱਟ ਖ਼ਰਚੇ ਵਾਲੀ ਤਕਨੀਕ ਹੈ। ਇਸ ਨਾਲ ਸਮੇਂ, ਊਰਜਾ ਅਤੇ ਪੈਸੇ ਦੀ ਬੱਚਤ ਹੁੰਦੀ ਹੈ। ਬਿਨਾਂ ਵਹਾਈ ਨਾਲ ਮੂੰਗੀ ਦੀ ਬਿਜਾਈ ਥੋੜ੍ਹੇ ਸਮੇਂ ਵਿਚ ਜ਼ਿਆਦਾ ਰਕਬੇ 'ਤੇ ਹੋ ਸਕਦੀ ਹੈ। ਇਸ ਤਕਨੀਕ ਨਾਲ ਮਈ-ਜੂਨ ਦੇ ਮਹੀਨੇ ਵਿਚ ਵਧ ਤਾਪਮਾਨ ਨਾਲ ਜੈਵਿਕ ਤੱਤ ਦਾ ਨੁਕਸਾਨ ਘੱਟ ਹੁੰਦਾ ਹੈ। ਫ਼ਸਲ ਦੀ ਰਹਿੰਦ ਖੂੰਹਦ ਵਿਚ ਹੈਪੀ ਸੀਡਰ ਨਾਲ ਕੀਤੀ ਮੂੰਗੀ ਦੀ ਬੀਜਾਈ ਨਾਲ ਮਿੱਟੀ ਦੇ ਜੈਵਿਕ ਤੱਤ, ਬਣਤਰ ਅਤੇ ਸੂਖਮ ਜੀਵਾਣੂਆਂ ਦੀ ਗਿਣਤੀ ਵਿਚ ਸੁਧਾਰ ਆਉਂਦਾ ਹੈ। ਫ਼ਸਲ ਦੀ ਪਰਾਲੀ ਨੂੰ ਅੱਗ ਨਾ ਲਾਉਣ ਅਤੇ ਟਰੈਕਟਰ ਨਾਲ ਖੇਤ ਦੀ ਵਹਾਈ 'ਤੇ ਖ਼ਰਚ ਹੋਣ ਵਾਲੇ ਡੀਜ਼ਲ ਨਾਲ ਕਾਰਬਨ ਡਾਈਆਕਸਾਈਡ ਦਾ ਉਤਪਾਦਨ ਘੱਟ ਹੁੰਦਾ ਹੈ, ਜਿਸ ਕਾਰਨ ਹਵਾ ਵਿਚ ਪ੍ਰਦੂਸ਼ਣ ਘੱਟ ਹੁੰਦਾ ਹੈ।

ਬਿਨਾਂ ਵਹਾਈ ਗਰਮੀ ਰੁੱਤ ਦੀ ਮੂੰਗੀ ਦੀ ਬਿਜਾਈ ਕਿਸਾਨ ਵੀਰਾਂ ਲਈ ਇਕ ਘੱਟ ਖ਼ਰਚ ਵਾਲੀ ਫ਼ਾਇਦੇਮੰਦ ਤਕਨੀਕ ਹੈ ਅਤੇ ਇਸ ਨਾਲ ਮਿੱਟੀ ਦੀ ਸਿਹਤ ਵੀ ਸੁਧਰਦੀ ਹੈ। ਇਸ ਲਈ ਕਿਸਾਨ ਵੀਰਾਂ ਨੂੰ ਕਣਕ ਤੋਂ ਬਾਅਦ ਗਰਮੀ ਰੁੱਤ ਦੀ ਮੂੰਗੀ ਦੀ ਬਿਜਾਈ  ਲਈ ਇਹ ਤਕਨੀਕ ਅਪਣਾਉਣੀ ਚਾਹੀਦੀ ਹੈ ਤਾਂ ਜੋ ਉਹ ਫ਼ਸਲ ਦਾ ਵਧ ਝਾੜ ਲੈ ਸਕਣ ਅਤੇ ਵਧੇਰੇ ਮੁਨਾਫ਼ਾ ਕਮਾ ਸਕਣ।
- ਹਰਪ੍ਰੀਤ ਕੌਰ ਵਿਰਕ ਅਤੇ ਗੁਰਇਕਬਾਲ ਸਿੰਘ, ਪਲਾਂਟ ਬ੍ਰੀਡਿੰਗ ਅਤੇ ਜੈਨੇਟਿਕਸ ਵਿਭਾਗ