ਲੇਬਰ ਤੇ ਧਰਤੀ ਹੇਠਲੇ ਪਾਣੀ ਦੀ ਸਮੱਸਿਆ ਨੂੰ ਦੇਖਦੇ ਹੋਏ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਨੂੰ ਅਪਣਾਉਣ

ਏਜੰਸੀ

ਖੇਤੀਬਾੜੀ, ਸਹਾਇਕ ਧੰਦੇ

ਮੁੱਖ ਖੇਤੀਬਾੜੀ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਅੰਦਰ ਲੇਬਰ...

Paddy

ਚੰਡੀਗੜ੍ਹ: ਮੁੱਖ ਖੇਤੀਬਾੜੀ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਅੰਦਰ ਲੇਬਰ ਅਤੇ ਧਰਤੀ ਹੇਠਲੇ ਪਾਣੀ ਦੀ ਸਮੱਸਿਆ ਨੂੰ ਦੇਖਦੇ ਹੋਏ ਵੱਧ ਤੋਂ ਵੱਧ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਨੂੰ ਅਪਣਾਉਣ। ਉਹਨਾਂ ਦੱਸਿਆ ਕਿ ਇਹ ਬਿਜਾਈ ਕੇਵਲ ਦਰਮਿਆਨੀਆਂ  ਤੋਂ ਭਾਰੀਆਂ ਜਮੀਨਾਂ ਵਿੱਚ ਹੀ ਕੀਤੀ ਜਾਵੇ, ਰੇਤਲੀ ਜਮੀਨ ਵਿੱਚ ਸਿੱਧੀ ਬਿਜਾਈ ਨਾ ਕੀਤੀ ਜਾਵੇ।

ਉਹਨਾਂ ਦੱਸਿਆ ਕਿ ਬਿਜਾਈ ਜੂਨ ਦੇ ਪਹਿਲੇ ਪੰਦਰਵਾੜੇ ਵਿੱਚ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਕੀਤੀ ਜਾਵੇ, ਖੇਤ ਨੂੰ ਲੇਜਰ ਲੈਵਲਰ ਨਾਲ ਪੱਧਰਾ ਕਰ ਲਿਆ ਜਾਵੇ , 8 ਕਿਲੋ ਬੀਜ ਦੀ ਸੋਧ 1 ਗਰਾਮ ਸਟ੍ਰੈਪਟੋਸਾਈਕਲੀਨ ਅਤੇ +20 ਗਰਾਮ ਬਵਿਸਟਨ 50% ਡਬਲਯੂ. ਪੀ. ਨਾਲ ਕੀਤੀ ਜਾਵੇ, ਬਿਜਾਈ ਨੂੰ ਡਰਿੱਲ ਰਾਹੀ ਕਰਨ ਨੂੰ ਤਰਜੀਹ ਦਿੱਤੀ ਜਾਵੇ ਅਤੇ ਬਿਜਾਈ ਤੋਂ ਤੁਰੰਤ ਬਾਅਦ ਹਲਕਾ ਪਾਣੀ ਦਿੱਤਾ ਜਾਵੇ। ਉਨਾਂ ਦੱਸਿਆ ਕਿ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਦੋ ਦਿਨਾਂ ਦੇ ਅੰਦਰ-ਅੰਦਰ ਇੱਕ ਲੀਟਰ ਸਟੌਂਪ 30 ਈ. ਸੀ. (ਪੈਡੀਮੈਥਾਲੀਨ) 200 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਸਪਰੇਅ ਕਰਾਈ ਜਾਵੇ।

ਜੇਕਰ ਫਿਰ ਵੀ ਨਦੀਨ ਉੱਗ ਪੈਂਦੇ ਹਨ ਤਾਂ ਬਿਜਾਈ ਤੋਂ 20-25 ਦਿਨ ਬਾਅਦ 100 ਮਿਲੀ ਲੀਟਰ ਨੋਮਨੀ ਗੋਲਡ 10 ਐਸ. ਸੀ. ਜਾਂ 16 ਗਰਾਮ ਸੈਗਮੈਟ 50 ਡੀ. ਐੱਫ਼ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ, ਕੋਸ਼ਿਸ ਕੀਤੀ ਜਾਵੇ ਕਿ ਛਿੜਕਾਅ ਸ਼ਾਮ ਵੇਲੇ ਕੀਤਾ ਜਾਵੇ ,ਖਾਦਾਂ ਦੀ ਵਰਤੋਂ ਯੂਨੀਵਰਸਿਟੀ ਦੀਆਂ ਸਿਫਾਰਸਾਂ ਅਨੁਸਾਰ ਕੀਤੀ ਜਾਵੇ। ਉਹਨਾਂ ਦੱਸਿਆ ਕਿ ਇਸ ਫਸਲ ਵਿੱਚ ਛੋਟੇ ਤੱਤਾਂ ਦੀ ਘਾਟ ਆਉਣ ਦੀ ਸੰਭਾਵਨਾ ਜਿਆਦਾ ਹੈ ਇਸ ਲਈ ਜਿੰਕ ਅਤੇ ਲੋਹੇ ਦੀ ਘਾਟ ਪੂਰੀ ਕਰਨ ਲਈ ਸਪਰੇਅ ਕੀਤੀ ਜਾ ਸਕਦੀ ਹੈ।

ਉਹਨਾਂ ਇਹ ਵੀ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਕਿਸਾਨਾਂ ਨੂੰ ਜਿਵੇ ਕਿ ਲੇਬਰ ਖਰਚਾ, ਮਸ਼ੀਨਰੀ ਦਾ ਖਰਚਾ ਅਤੇ ਮਸ਼ੀਨਰੀ ਦੀ ਰਿਪੇਅਰ ਆਦਿ ਰਲਾ ਕੇ 4000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ  ਖਰਚ ਦੀ ਬੱਚਤ ਹੁੰਦੀ ਹੈ। ਉਹਨਾਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਨੀਰੀ ਨਾਲ ਬੀਜਣ ਵਾਲੇ ਝੋਨੇ ਦੀ ਬੀਜ ਸੋਧ 1 ਗਰਾਮ ਸਟ੍ਰੈਪਟੋਸਾਈਕਲੀਨ +20 ਗਰਾਮ ਬਵਿਸਟਨ 50% ਡਬਲਯੂ. ਪੀ. ਨਾਲ ਕੀਤੀ ਜਾਵੇ ਅਤੇ ਪਨੀਰੀ ਤਿਆਰ ਹੋਣ ਉਪਰੰਤ ਜੜਾ ਨੂੰ 200 ਗਰਾਮ ਬਵਿਸਟਨ 50% ਡਬਲਯੂ. ਪੀ. ਦੇ ਘੋਲ ਵਿੱਚ ਘੱਟ ਤੋ ਘੱਟ 6 ਘੰਟੇ ਡਬੋ ਕੇ ਰੱਖਿਆ ਜਾਵੇ ਅਤੇ 25 ਤੋ 30 ਦਿਨਾਂ ਦੇ ਅੰਦਰ ਤਿਆਰ ਕੀਤੀ ਗਈ ਨਿਰੋਗ ਪਨੀਰੀ ਨੂੰ ਹੀ ਖੇਤਾਂ ਵਿੱਚ ਲਗਾਇਆ ਜਾਵੇ, ਜਿਸ ਨਾਲ ਬਿਮਾਰੀਆਂ ਅਤੇ ਕੀੜੇ-ਮਕੌੜਿਆਂ ਦਾ ਹਮਲਾ ਘੱਟਦਾ ਹੈ।

ਮਿੱਟੀ ਦੀ ਸਾਂਭ ਸੰਭਾਲ ਬਾਰੇ ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸਾਨਾਂ ਨੂੰ ਖੁਰਾਕੀ ਤੱਤਾਂ ਸਬੰਧੀ ਪੂਰਨ ਜਾਣਕਾਰੀ ਦੇਣ ਲਈ ਹੁਣ ਤੱਕ 30  ਪਿੰਡਾਂ ਵਿੱਚ ਸੋਇਲ ਫਰਟੀਲਿਟੀ ਨਕਸ਼ੇ ਲਗਾਏ ਜਾ ਚੁੱਕੇ ਹਨ ਅਤੇ ਥੋੜੇ ਸਮੇਂ ਵਿੱਚ ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਇਹਨਾ ਨਕਸ਼ਿਆਂ ਨੂੰ ਲਗਾ ਦਿੱਤਾ ਜਾਵੇਗਾ।