Farming News: ਝੋਨੇ ਦਾ ਝਾੜ ਘਟਣ ਕਾਰਨ ਪੰਜਾਬ ਦੇ ਖ਼ਰੀਦ ਟੀਚੇ ਤੋਂ ਪਛੜਨ ਦੀ ਸੰਭਾਵਨਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

Farming News  ਸਰਕਾਰ ਵਲੋਂ 175 ਲੱਖ ਮੀਟਰਕ ਟਨ ਦਾ ਮਿਥਿਆ ਟੀਚਾ ਪੂਰਾ ਹੋਣਾ ਮੁਸ਼ਕਲ, ਝਾੜ ਘਟਣ ਕਾਰਨ ਟੀਚਾ 135 ਤੋਂ 140 ਲੱਖ ਮੀਟਰਕ ਟਨ ਤੋਂ ਪਾਰ ਹੋਣ 'ਤੇ ਵੀ ਸ਼ੰਕੇ

Punjab likely to miss procurement target due to reduced paddy yield

Punjab likely to miss procurement target due to reduced paddy yield: ਪਹਿਲਾਂ ਹੜ੍ਹਾਂ ਦੀ ਕਰੋਪੀ ਤੇ ਹੁਣ ਸਮੁੱਚੇ ਪੰਜਾਬ ਵਿਚ ਝੋਨੇ ਦੇ ਪ੍ਰਤੀ ਏਕੜ ਝਾੜ ਵਿਚ ਵੱਡੀ ਗਿਰਾਵਟ ਆਉਣ ਕਾਰਨ ਪੰਜਾਬ ਸਰਕਾਰ ਵਲੋਂ ਇਸ ਸਾਲ ਲਈ ਝੋਨੇ ਦੀ ਸਰਕਾਰੀ ਖ਼ਰੀਦ ਦਾ ਮਿਥਿਆ ਟੀਚਾ ਪੂਰਾ ਹੋਣਾ ਅਸੰਭਵ ਜਾਪਦਾ ਹੈ। ਪੰਜਾਬ ਸਰਕਾਰ ਨੇ ਇਸ ਸਾਲ ਝੋਨੇ ਦੀ ਖ਼ਰੀਦ ਲਈ 175 ਲੱਖ ਮੀਟਰਕ ਟਨ ਝੋਨੇ ਦੀ ਖ਼ਰੀਦ ਦਾ ਟੀਚਾ ਮਿਥਿਆ ਸੀ ਪਰ ਪ੍ਰਤੀ ਏਕੜ 25 ਤੋਂ 30 ਫ਼ੀ ਸਦੀ ਝਾੜ ਘਟਣ ਕਾਰਨ ਇਹ ਖ਼ਰੀਦ ਟੀਚਾ 135 ਤੋਂ 140 ਲੱਖ ਮੀਟਰਕ ਟਨ ਤੋਂ ਪਾਰ ਹੋਣ ਦੀ ਸੰਭਾਵਨਾ ਨਹੀਂ ਲੱਗਦੀ।

ਪਹਿਲਾਂ ਹੜ੍ਹਾਂ ਦੀ ਕਰੋਪੀ ਕਾਰਨ ਝੋਨੇ ਦੀ ਲਗਭਗ 5 ਲੱਖ ਏਕੜ ਫ਼ਸਲ ਤਬਾਹ ਹੋ ਗਈ ਸੀ ਤੇ ਹੁਣ ਉਸ ਤੋਂ ਬਾਅਦ ਲਗਾਤਾਰ ਬਾਰਿਸ਼ਾਂ ਕਾਰਨ ਤੇ ਮੌਸਮ ਦੇ ਸਿੱਲਾ ਰਹਿਣ ਕਾਰਨ ਹਲਦੀ ਰੋਗ ਨੇ ਝਾੜ ਨੂੰ ਪ੍ਰਭਾਵਤ ਕੀਤਾ। ਇਸ ਤੋਂ ਪਹਿਲਾਂ ਮਧਰੇਪਣ ਦੇ ਵਿਸ਼ਾਣੂੰ ਰੋਗ ਨੇ ਵੀ ਪੰਜਾਬ ਵਿਚ ਝੋਨੇ ਦੀ ਫ਼ਸਲ ਨੂੰ ਵੱਡੇ ਪੱਧਰ ’ਤੇ ਪ੍ਰਭਾਵਤ ਕੀਤਾ ਸੀ ਤੇ ਇਸ ਰੋਗ ਨਾਲ ਝੋਨੇ ਦੀ ਫ਼ਸਲ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਸੀ। ਸਰਹੰਦ ਮੰਡੀ ਵਿਚ ਝੋਨਾ ਵੇਚਣ ਆਏ ਪਿੰਡ ਬੀਬੀਪੁਰ ਦੇ ਕਿਸਾਨ ਪ੍ਰਗਟ ਸਿੰਘ ਨੇ ਦਸਿਆ ਕਿ ਪਿਛਲੇ ਸਾਲ ਜਿਸ ਝੋਨੇ ਦਾ ਝਾੜ 35 ਤੋਂ 36 ਕੁਇੰਟਲ ਪ੍ਰਤੀ ਏਕੜ ਰਿਹਾ ਸੀ ਉਸ ਦਾ ਇਸ ਵਾਰੀ 25 ਤੋਂ 27 ਕੁਇੰਟਲ ਹੀ ਝਾੜ ਨਿਕਲ ਰਿਹਾ ਹੈ।

ਜ਼ਿਲ੍ਹਾ ਆੜ੍ਹਤੀ ਐਸੋਸੀਏਸ਼ਨ ਫ਼ਤਿਹਗੜ੍ਹ ਸਾਹਿਬ ਦੇ ਪ੍ਰਧਾਨ ਸਾਧੂ ਰਾਮ ਭੱਟਮਾਜਰਾ ਦਾ ਕਹਿਣਾ ਹੈ ਕਿ ਝੋਨੇ ਦਾ ਝਾੜ ਘਟਣ ਕਾਰਨ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਵਿਚ ਝੋਨੇ ਦੀ ਆਮਦ ਕਾਫ਼ੀ ਘੱਟ ਹੋ ਰਹੀ ਹੈ ਤੇ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਬੇਮੌਸਮੀ ਬਾਰਿਸ਼ਾਂ ਕਾਰਨ  ਝੋਨੇ ਦੀ ਗੁਣਵੱਤਾ ’ਤੇ ਵੀ ਅਸਰ ਪਿਆ ਹੈ। ਖ਼ੁਰਾਕ ਤੇ ਸਿਵਲ ਸਪਲਾਈ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਹਿੰਦ ਮੰਡੀ ਵਿਚ ਪਿਛਲੇ ਸਾਲ 21 ਲੱਖ ਬੋਰੀ ਝੋਨਾ ਆਇਆ ਸੀ ਪਰ ਇਸ ਸਾਲ ਹੁਣ ਤਕ ਸਿਰਫ਼ 7 ਲੱਖ ਬੋਰੀ ਝੋਨਾ ਹੀ ਮੰਡੀ ਵਿਚ ਪਹੁੰਚਿਆ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਾਰੀ ਲਗਦਾ ਹੈ ਕਿ ਸਿਰਫ 14 ਤੋਂ 15 ਲੱਖ ਬੋਰੀ ਹੀ ਝੋਨਾ ਮੰਡੀ ਵਿਚ ਆਵੇਗਾ। ਇਸ ਤਰ੍ਹਾਂ ਇਕੱਲੀ ਸਰਹਿੰਦ ਮੰਡੀ ਵਿਚ ਹੀ 30ਵੀਂ ਸਦੀ ਝੋਨਾ ਘੱਟ ਆਉਣ ਦੀ ਸੰਭਾਵਨਾ ਹੈ। ਕੇਂਦਰ ਸਰਕਾਰ ਦੀਆਂ ਟੀਮਾਂ ਪੰਜਾਬ ਵਿਚ ਝੋਨੇ ਦਾ ਝਾੜ ਘਟਣ ਤੇ ਬਾਰਿਸ਼ ਕਾਰਨ ਝੋਨੇ ਦੀ ਗੁਣਵੱਤਾ ਖ਼ਰਾਬ ਹੋਣ ਕਾਰਨ ਦੌਰਾ ਕਰ ਰਹੀਆਂ ਹਨ। ਇਨ੍ਹਾਂ ਟੀਮਾਂ ਨੇ ਵੱਖ-ਵੱਖ ਅਨਾਜ ਮੰਡੀਆਂ ਦਾ ਦੌਰਾ ਕਰ ਕੇ ਸੈਂਪਲ ਭਰੇ ਹਨ ਤੇ ਦੇਖਣਾ ਇਹ ਹੈ ਕਿ ਕੀ ਝੋਨੇ ਦੇ ਖ਼ਰੀਦ ਸੀਜ਼ਨ ਦੇ ਚਲਦੇ ਕੇਂਦਰ ਸਰਕਾਰ ਕਿਸਾਨਾਂ ਨੂੰ ਝੋਨੇ ਦੀ ਖ਼ਰੀਦ ਸਬੰਧੀ ਮਾਪਦੰਡਾਂ ਵਿਚ ਕੱੁਝ ਰਾਹਤ ਦਿੰਦੀ ਹੈ ਜਾਂ ਫਿਰ ਰਿਪੋਰਟਾਂ ਦੇ ਆਉਣ ਤਕ ਝੋਨੇ ਦੀ ਖ਼ਰੀਦ ਮੁਕੰਮਲ ਹੋ ਚੁੱਕੀ ਹੋਵੇਗੀ। ਸਾਬਕਾ ਮੰਤਰੀ ਡਾਕਟਰ ਹਰਬੰਸ ਲਾਲ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਪ੍ਰਤੀ ਕੁਇੰਟਲ 300 ਰੁਪਏ ਬੋਨਸ ਦਿਤਾ ਜਾਵੇ ਤੇ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਜਾਣ।

ਫ਼ਤਿਹਗੜ੍ਹ ਸਾਹਿਬ ਤੋਂ ਸੁਰਜੀਤ ਸਿੰਘ ਸਾਹੀ ਦੀ ਰਿਪੋਰਟ