Watermelon Farming: ਜਾਣੋ ਕੀ ਹੈ ਖਰਬੂਜ਼ੇ ਦੀ ਖੇਤੀ ਦਾ ਸਹੀ ਸਮਾਂ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਖਰਬੂਜ਼ੇ ਦੀ ਬਿਜਾਈ ਉਤਰੀ ਭਾਰਤ ’ਚ ਫ਼ਰਵਰੀ ਦੇ ਅੱਧ ਵਿਚ ਕੀਤੀ ਜਾਂਦੀ ਹੈ

Watermelon Farming

Watermelon Farming: ਖਰਬੂਜ਼ਾ ਗਰਮੀ ਰੁੱਤ ਦੀ ਫ਼ਸਲ ਹੈ ਅਤ ਕੋਰਾ ਸਹਿਣ ਨਹੀਂ ਕਰ ਸਕਦਾ। ਇਹ ਭਾਰਤ ਦੀਆਂ ਮਹੱਤਵਪੂਰਨ ਸਬਜ਼ੀਆਂ ਵਾਲੀ ਫ਼ਸਲ ਹੈ। ਖਰਬੂਜ਼ਾ ਇਰਾਨ, ਅਨਾਟੋਲੀਆਂ ਅਤੇ ਅਰਮੀਨੀਆ ਦਾ ਮੂਲ ਹੈ। ਖਰਬੂਜ਼ਾ ਵਿਟਾਮਿਨ ਏ ਅਤੇ ਵਿਟਾਮਿਨ ਸੀ ਦਾ ਵਧੀਆ ਸ੍ਰੋਤ ਹੈ। ਇਸ ਵਿਚ 90 ਫ਼ੀ ਸਦੀ ਪਾਣੀ ਅਤੇ 9 ਫ਼ੀ ਸਦੀ ਕਾਰਬੋਹਾਈਡਰੇਟ ਹੁੰਦੇ ਹਨ। ਭਾਰਤ ਵਿਚ ਖਰਬੂਜ਼ਾ ਉਗਾਉਣ ਵਾਲੇ ਸੂਬਿਆਂ ਵਿਚ ਪੰਜਾਬ, ਤਾਮਿਲਨਾਡੂ, ਮਹਾਰਾਸ਼ਟਰ ਅਤੇ ਉਤਰ ਪ੍ਰਦੇਸ਼ ਵੀ ਸ਼ਾਮਲ ਹੈ।

ਇਹ ਡੂੰਘੀ ਉਪਜਾਊ ਅਤੇ ਪਾਣੀ ਦਾ ਨਿਕਾਸ ਕਰਨ ਵਾਲੀ ਮਿੱਟੀ ਵਿਚ ਜਲਦੀ ਵਧਦਾ ਹੈ। ਇਸ ਦੀ ਵਧੀਆਂ ਪੈਦਾਵਾਰ ਲਈ ਚੀਕਣੀ, ਰੇਤਲੀ ਅਤੇ ਪਾਣੀ ਨੂੰ ਜਲਦੀ ਸੋਖਣ ਵਾਲੀ ਮਿੱਟੀ ਵਧੀਆ ਮੰਨੀ ਜਾਂਦੀ ਹੈ। ਫ਼ਸਲ ਚੱਕਰ ਅਨੁਸਾਰ ਹੀ ਫ਼ਸਲ ਬੀਜਣੀ ਚਾਹੀਦੀ ਹੈ ਕਿਉਂਕਿ ਇਕੋ ਖੇਤ ਵਿਚ ਵਾਰ-ਵਾਰ ਇਕ ਹੀ ਫ਼ਸਲ ਬੀਜਣ ਨਾਲ ਮਿੱਟੀ ਦੇ ਪੋਸ਼ਕ ਤੱਤ ਅਤੇ ਪੈਦਵਾਰ ਵੀ ਘਟਦੀ ਹੈ। ਬੀਮਾਰੀਆਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਨਮਕ ਦੀ  ਜ਼ਿਆਦਾ ਮਾਤਰਾ ਵਾਲੀ ਖਾਰੀ ਮਿੱਟੀ ਇਸ ਦੀ ਪੈਦਾਵਾਰ ਲਈ ਠੀਕ ਨਹੀਂ। ਖੇਤ ਨੂੰ ਚੰਗੀ ਤਰਾਂ ਵਾਹ ਕੇ ਤਿਆਰ ਕਰੋ। ਉੱਤਰੀ ਭਾਰਤ ਵਿਚ ਇਸ ਦੀ ਬਿਜਾਈ ਫ਼ਰਵਰੀ ਦੇ ਅੱਧ ਵਿਚ ਕੀਤੀ ਜਾਂਦੀ ਹੈ। ਉਤਰੀ ਪੂਰਬੀ ਅਤੇ ਪੱਛਮੀ ਭਾਰਤ ਵਿਚ ਬਿਜਾਈ ਨਵੰਬਰ ਤੋਂ ਜਨਵਰੀ ਵਿਚ ਕੀਤੀ ਜਾਂਦੀ ਹੈ। ਖਰਬੂਜ਼ੇ ਨੂੰ ਸਿੱਧਾ ਬੀਜ ਰਾਹੀਂ ਅਤੇ ਪਨੀਰੀ ਲਗਾ ਕੇ ਵੀ ਬੀਜਿਆ ਜਾ ਸਕਦਾ ਹੈ। ਬੀਜਣ ਵਾਲੀ ਕਿਸਮ ਦੇ ਆਧਾਰ ’ਤੇ 3-4 ਮੀਟਰ ਦੇ ਬੈੱਡ ਤਿਆਰ ਕਰੋ। ਬੈੱਡ ਤੇ ਦੋ ਬੀਜ ਹਰ ਵੱਟ ਤੇ ਬੀਜੋ ਅਤੇ ਵੱਟਾਂ ਦਾ ਫਾਸਲਾ 60 ਸੈ: ਮੀ: ਹੋਣਾ ਚਾਹੀਦਾ ਹੈ। ਬਿਜਾਈ ਲਈ 1.5 ਸੈ: ਮੀ: ਡੂੰਘੇ ਬੀਜ ਬੀਜੋ।

ਜਨਵਰੀ ਦੇ ਅਖ਼ੀਰਲੇ ਹਫ਼ਤੇ ਤੋਂ ਫ਼ਰਵਰੀ ਦੇ ਪਹਿਲੇ ਹਫ਼ਤੇ ਤਕ 100 ਗਜ਼ ਦੀ ਮੋਟਾਈ ਵਾਲੇ 15 ਸੈ: ਮੀ:12 ਸੈ: ਮੀ: ਅਕਾਰ ਦੇ ਪੋਲੀਥੀਨ ਬੈਗ ਵਿਚ ਬੀਜ ਬੀਜਿਆ ਜਾ ਸਕਦਾ ਹੈ। ਪੋਲੀਥੀਨ ਬੈਗ ਵਿਚ ਗਾਂ ਦਾ ਗੋਬਰ ਅਤੇ ਮਿੱਟੀ ਨੂੰ ਇਕੋ ਜਿੰਨੀ ਮਾਤਰਾ ਵਿਚ ਭਰ ਲਵੋ। ਪੌਦੇ ਫ਼ਰਵਰੀ ਦੇ ਅਖ਼ੀਰ ਜਾਂ ਮਾਰਚ ਦੇ ਪਹਿਲੇ ਹਫ਼ਤੇ ਬਿਜਾਈ ਲਈ ਤਿਆਰ ਹੋ ਜਾਂਦੇ ਹਨ। 25-30 ਦਿਨਾਂ ਦੇ ਪੌਦੇ ਨੂੰ ਪੁੱਟ ਕੇ ਖੇਤ ਵਿਚ ਲਗਾ ਦਿਉ ਅਤੇ ਪੌਦੇ ਖੇਤ ਵਿਚ ਲਗਾਉਣ ਤੋਂ ਤੁਰਤ ਬਾਅਦ ਪਹਿਲਾਂ ਪਾਣੀ ਲਗਾਉਣਾ ਚਾਹੀਦਾ ਹੈ।

ਗਰਮੀਆਂ ਦੇ ਮੌਸਮ ਵਿਚ ਹਰ ਹਫ਼ਤੇ ਸਿੰਚਾਈ ਕਰਨੀ ਚਾਹੀਦੀ ਹੈ। ਫ਼ਸਲ ਪੱਕਣ ਸਮੇਂ ਉਦੋਂ ਸਿੰਚਾਈ ਕਰੋ ਜਦੋਂ ਜ਼ਰੂਰਤ ਹੋਵੇ। ਜ਼ਰੂਰਤ ਤੋਂ ਜ਼ਿਆਦਾ ਪਾਣੀ ਨਹੀਂ ਲਗਾਉਣਾ ਚਾਹੀਦਾ। ਸਿੰਚਾਈ ਸਮੇਂ ਖਰਬੂਜ਼ੇ ਦੇ ਫੱਲ ਤੇ ਪਾਣੀ ਨਹੀਂ ਪੈਣਾ ਚਾਹੀਦਾ। ਭਾਰੀਆਂ ਮਿੱਟੀਆਂ ਵਿਚ ਜ਼ਿਆਦਾ ਸਿੰਚਾਈ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਪੌਦੇ ਨੂੰ ਲੋੜ ਤੋਂ ਜ਼ਿਆਦਾ ਵਧਾ ਦਿੰਦਾ ਹੈ। ਜ਼ਿਆਦਾ ਮਿਠਾਸ ਲਈ ਕਟਾਈ ਤੋਂ 3-6 ਦਿਨ ਪਹਿਲਾਂ ਸਿੰਚਾਈ ਨਹੀਂ ਕਰਨੀ ਚਾਹੀਦੀ।