ਪੰਜਾਬ ਸਰਕਾਰ ਦਾ ਸੂਰ ਪਾਲਕਾਂ ਨੂੰ ਲਈ ਵੱਡਾ ਐਲਾਨ, ਸੂਰਾਂ ਨੂੰ ਮਾਰਨ ਲਈ ਮਿਲੇਗਾ ਮੁਆਵਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਬੀਮਾਰੀ ਦੇ ਕੇਂਦਰ ਤੋਂ ਇਕ ਕਿਲੋਮੀਟਰ ਦੇ ਦਾਇਰੇ ਵਿਚ ਸੂਰਾਂ ਨੂੰ ਮਾਰਨਾ ਹੈ ਜ਼ਰੂਰੀ 

Pigs

ਚੰਡੀਗੜ੍ਹ : ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਸੂਬੇ ਦੇ ਸੂਰ ਪਾਲਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਪੰਜਾਬ ਸਰਕਾਰ ਸੂਰ ਨੂੰ ਮਾਰਨ ਲਈ ਬਣਦਾ ਮੁਆਵਜ਼ਾ ਦੇਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਇਸ ਔਖੀ ਘੜੀ ਵਿਚ ਸੂਰ ਪਾਲਕਾਂ ਨਾਲ ਖੜੀ ਹੈ।

ਉਨ੍ਹਾਂ ਕਿਹਾ ਕਿ ਪਟਿਆਲਾ ਜ਼ਿਲ੍ਹੇ ਵਿਚ ਦੋ ਥਾਵਾਂ ’ਤੇ ਅਫ਼ਰੀਕਨ ਸਵਾਈਨ ਫ਼ੀਵਰ ਦੀ ਪੁਸ਼ਟੀ ਹੋਈ ਹੈ ਅਤੇ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਬੀਮਾਰੀ ਦੇ ਕੇਂਦਰ ਤੋਂ ਇਕ ਕਿਲੋਮੀਟਰ ਦੇ ਦਾਇਰੇ ਵਿਚ ਸੂਰਾਂ ਦਾ ਮਾਰਨਾ ਜ਼ਰੂਰੀ ਹੈ, ਨਹੀਂ ਤਾਂ ਇਹ ਬੀਮਾਰੀ ਭਿਆਨਕ ਰੂਪ ਧਾਰ ਸਕਦੀ ਹੈ। ਪਸ਼ੂ ਪਾਲਣ ਮੰਤਰੀ ਨੇ ਕਿਹਾ ਕਿ ਇਸ ਬੀਮਾਰੀ ਦੀ ਮੌਤ ਦਰ 100 ਫ਼ੀ ਸਦੀ ਤਕ ਹੋ ਸਕਦੀ ਹੈ ਅਤੇ ਇਕ ਵਾਰ ਸੂਰ ਦੇ ਪ੍ਰਭਾਵਤ ਹੋਣ ’ਤੇ ਕੁੱਝ ਦਿਨਾਂ ਵਿਚ ਹੀ ਉਸ ਦੀ ਮੌਤ ਹੋ ਜਾਂਦੀ ਹੈ।

 ਕੈਬਨਿਟ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਨੀਤੀ ਮੁਤਾਬਕ ਸਿਰਫ਼ ਵਿਭਾਗ ਵਲੋਂ ਕੀਤੀ ਗਈ ਕÇਲੰਗ ਲਈ ਮੁਆਵਜ਼ਾ ਦਿਤਾ ਜਾਵੇਗਾ। ਉਨ੍ਹਾਂ ਸੂਰ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਵਿਭਾਗ ਨੂੰ ਸਹਿਯੋਗ ਦੇਣ ਤਾਂ ਜੋ ਬੀਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਨੀਤੀ ਤਹਿਤ ਪ੍ਰਭਾਵਤ ਖੇਤਰ ਵਿਚ ਸੂਰਾਂ ਦੀ ਖ਼ਤਮ ਕੀਤੀ ਗਈ ਖ਼ੁਰਾਕ ਦਾ ਮੁਆਵਜ਼ਾ ਵੀ ਸੂਰ ਪਾਲਕਾਂ ਨੂੰ ਦਿਤਾ ਜਾਵੇਗਾ।

ਉਨ੍ਹਾਂ ਉਚੇਚੇ ਤੌਰ ’ਤੇ ਕਿਹਾ ਕਿ ਅਫ਼ਰੀਕਨ ਸਵਾਈਨ ਫ਼ੀਵਰ ਪਸ਼ੂਆਂ ਤੋਂ ਮਨੁੱਖਾਂ ਵਿਚ ਨਹੀਂ ਫੈਲਦਾ। ਇਸ ਲਈ ਮਨੁੱਖ ਜਾਂ ਹੋਰ ਪਸ਼ੂਆਂ ਨੂੰ ਇਸ ਤੋਂ ਲਾਗ ਲੱਗਣ ਦਾ ਕੋਈ ਡਰ ਨਹੀਂ।ਮੰਤਰੀ ਨੇ ਦਸਿਆ ਕਿ ਇਸ ਲਾਗ ਦੀ ਬੀਮਾਰੀ ਨੂੰ ਹੋਰ ਫੈਲਣ ਤੋਂ ਰੋਕਣ, ਅਗਾਊਂ ਇਹਤਿਆਤ ਅਤੇ ਲੋੜੀਂਦੀ ਸਹਾਇਤਾ ਲਈ ਤਿੰਨ ਵੈਟਰਨਰੀ ਅਫ਼ਸਰਾਂ ਨੂੰ ਜ਼ਿਲ੍ਹਾ ਪਟਿਆਲਾ ਵਿਖੇ ਤੈਨਾਤ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਵੈਟਰਨਰੀ ਅਫ਼ਸਰ ਡਾ. ਸਿਮਰਤ ਸਿੰਘ, ਡਾ. ਆਨੰਦ ਕੁਮਾਰ ਜੈਸਵਾਲ ਅਤੇ ਡਾ. ਭੁਪਿੰਦਰ ਸਿੰਘ ਨੂੰ ਤੁਰਤ ਦਫ਼ਤਰ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਪਟਿਆਲਾ ਵਿਖੇ ਰਿਪੋਰਟ ਕਰਨ ਦੇ ਨਿਰਦੇਸ਼ ਦਿਤੇ ਗਏ ਹਨ।