ਵੱਖ-ਵੱਖ ਥਾਵਾਂ 'ਤੇ ਕਣਕ ਅਤੇ ਨਾੜ ਸੜ ਕੇ ਸੁਆਹ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਸੰਮੂਰਾ ਅਤੇ ਕਮਾਲਪੁਰ ਪਿੰਡਾਂ ਵਿਚ ਭਿਆਨਕ ਤਬਾਹੀ ਮਚਾ ਗਈ।

Burning Crops

ਦਿੜਬਾ ਮੰਡੀ, ਹਲਕਾ ਦਿੜਬਾ ਦੇ ਤਿੰਨ ਚਾਰ ਪਿੰਡਾਂ ਵਿਚ ਕੁਦਰਤ ਦੀ ਐਸੀ ਕਰੋਪੀ ਹੋਈ ਕਿ ਕਿਸਾਨਾਂ ਵਲੋਂ ਪੁੱਤਾਂ ਵਾਂਗ ਪਾਲੀ ਕਣਕ ਅਤੇ ਨਾੜ ਮਿੰਟਾਂ ਵਿਚ ਹੀ ਸੜ ਕੇ ਸੁਆਹ ਹੋ ਗਿਆ। ਪਤਾ ਲਗਾ ਹੈ ਕਿ ਇਹ ਅੱਗ ਪਿੰਡ ਖੇਤਲਾ ਤੋਂ ਸ਼ੁਰੂ ਹੋ ਕੇ ਦਿੜਬਾ, ਸੰਮੂਰਾ ਅਤੇ ਕਮਾਲਪੁਰ ਪਿੰਡਾਂ ਵਿਚ ਭਿਆਨਕ ਤਬਾਹੀ ਮਚਾ ਗਈ। ਲੋਕਾਂ ਨੇ ਘਰਾਂ ਤੋਂ ਬਾਹਰ ਆ ਕੇ ਜਾਨ ਬਚਾਈ ਅਤੇ ਪਸ਼ੂਆਂ ਦੇ ਸੰਗਲ ਵੀ ਖੋਲ੍ਹ ਦਿਤੇ। ਪ੍ਰਸ਼ਾਸਨ ਨੇ ਲੋਕਾਂ ਦੇ ਸਹਿਯੋਗ ਨਾਲ ਕਮਾਲਪੁਰ ਜਾ ਕੇ ਅੱਗ 'ਤੇ ਕਾਬੂ ਪਾਇਆ। ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।ਖਨੌਰੀ ਤੋਂ ਸਤਨਾਮ ਸਿੰਘ ਕੰਬੋਜ ਅਨੁਸਾਰ : ਨੇੜਲੇ ਪਿੰਡ ਗੁਲਾੜੀ ਦੇ ਖੇਤਾਂ ਵਿਚ ਤੂੜੀ ਬਣਾਉਣ ਵਾਲੇ ਰੀਪਰ ਤੋਂ ਅੱਗ ਦੀ ਚਿੰਗਾਰੀ ਨਿਕਲਣ ਨਾਲ ਤਕਰੀਬਨ 600 ਏਕੜ ਨਾੜ ਸੜ ਗਿਆ। ਪਿੰਡ ਗੁਲਾੜੀ ਦਾ ਜਿੰਮੀਦਾਰ ਧੌਲਾ ਰਾਮ ਅਪਣੇ ਖੇਤ ਵਿਚ ਤੂੜੀ ਬਣਾ ਰਿਹਾ ਸੀ। ਤੂੜੀ ਬਣਾਉਂਦੇ-ਬਣਾਉਂਦੇ ਟਰਾਲੀ ਵਿਚ ਅੱਗ ਲੱਗ ਗਈ ਜਿਸ ਕਾਰਨ ਜਿੰਮੀਦਾਰ ਟਰਾਲੀ ਕੱਢ ਕੇ ਮੌਕੇ ਤੇ ਰੀਪਰ ਅਤੇ ਟਰੈਕਟਰ ਲੈ ਕੇ ਨਿਕਲ ਆਇਆ। ਪਰ ਅੱਜ ਹਵਾ ਦਾ ਤੇਜ਼ ਹੋਣ ਕਾਰਨ ਨੇੜਲੇ ਪਿੰਡ ਗੁਲਾਡੀ ਤੋਂ ਇਲਾਵਾ ਠਸਕਾ ਅਤੇ ਅਨਦਾਨਾ ਦੇ ਖੇਤਾਂ ਵਿਚ ਅੱਗ ਜਾ ਵੜੀ, ਅੱਗ ਕਾਰਨ ਤੂੜੀ ਵਾਲੇ ਕੁੱਪ ਵੀ ਸੜ ਗਏ। ਪਿੰਡ ਵਾਸੀਆਂ ਨੇ ਕਸਬਾ ਖਨੌਰੀ ਵਿਚ ਫ਼ਾਇਰ ਬ੍ਰਿਗੇਡ ਦੀ ਮੰਗ ਕਰਦਿਆਂ ਅਧਿਕਾਰੀਆਂ ਵਿਰੁਧ ਬਣਦੀ ਕਾਰਵਾਈ ਦੀ ਮੰਗ ਕੀਤੀ।
ਕੋਟ ਈਸੇ ਖਾਂ ਤੋਂ ਬਖਸ਼ੀ ਅਨੁਸਾਰ : ਤਹਿਸੀਲ ਧਰਮਕੋਟ ਅਧੀਨ ਪੈਂਦੇ ਪਿੰਡ ਕੜਿਆਲ ਅਤੇ ਇਸ ਨਾਲ ਲਗਦੇ ਹੋਰ ਪਿੰਡਾਂ ਦੀ ਕੋਈ 100 ਏਕੜ ਤੋਂ ਵੱਧ ਦੀ ਖੜੀ ਕਣਕ ਦੀ ਫ਼ਸਲ ਅਤੇ 50 ਏਕੜ ਦੇ ਕਰੀਬ ਕਣਕ ਦਾ ਨਾੜ ਸੜਨ ਦੀ ਸੂਚਨਾ ਪ੍ਰਾਪਤ ਹੋਈ ਹੈ। 

ਪ੍ਰਾਪਤ ਵੇਰਵਿਆ ਅਨੁਸਾਰ ਇਹ ਅੱਗ ਬਿਜਲੀ ਦੇ 220 ਕੇ.ਵੀ ਟਾਵਰ ਦੇ ਕੋਲੋਂ ਸ਼ੁਰੂ ਹੋਈ ਅਤੇ ਵੇਖਦਿਆਂ ਹੀ ਵੇਖਦਿਆਂ ਤੇਜ਼ ਹਵਾ ਕਾਰਨ ਪੂਰਬ ਵਾਲੇ ਪਾਸੇ ਬੜੀ ਤੇਜ਼ੀ ਨਾਲ ਫੈਲਦੀ ਗਈ। ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਆਉਣ ਤਕ ਪੀੜਤ ਕਿਸਾਨਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਵਲੋਂ ਆਪੋ ਅਪਣੇ ਟਰੈਕਟਰਾਂ ਨਾਲ ਸਾਈਡਾਂ ਤੋਂ ਜ਼ਮੀਨਾਂ ਵਾਹੁਣ ਕਾਰਨ ਇਹ ਅੱਗ ਇਕ ਫਾਟ ਦੇ ਰੂਪ ਵਿਚ ਅੱਗੇ ਵੱਧਦੀ ਹੋਈ ਕੋਈ ਦੋ-ਤਿੰਨ ਕਿਲੋਮੀਟਰ ਦਾ ਸਫ਼ਰ ਤਹਿ ਕਰਦੀ ਹੋਈ ਮੇਨ ਰੋਡ ਟੱਪਕੇ ਲੋਹਗੜ੍ਹ ਦੀ ਹਦੂਦ ਤਕ ਜਾ ਪਹੁੰਚੀ ਅਤੇ ਬੜੀ ਮੁਸ਼ਕਤ ਬਾਅਦ ਇਸ 'ਤੇ ਕਾਬੂ ਪਾਉਣ ਵਿਚ ਸਫ਼ਲਤਾ ਹੱਥ ਲਗੀ।ਇਸ ਮੌਕੇ ਘਟਨਾ 'ਤੇ ਪਹੁੰਚੇ ਐਸ.ਡੀ.ਐਮ ਗੁਰਵਿੰਦਰ ਸਿੰਘ ਜੌਹਲ ਜਿਨ੍ਹਾਂ ਨਾਲ ਡੀ.ਐਸ.ਪੀ ਅਜੇਰਾਜ ਸਿੰਘ ਵੀ ਸਨ ਨਾਲ ਗੱਲ ਕਰਨ 'ਤੇ ਉਨ੍ਹਾਂ ਦਸਿਆ ਕਿ ਅੱਗ ਦੀ ਲਪੇਟ ਵਿਚ ਆਏ ਰਕਬੇ ਦੀ ਤੁਰਤ ਰੀਪੋਰਟ ਦੇਣ ਲਈ ਹਦਾਇਤਾਂ ਦੇ ਦਿਤੀਆਂ ਗਈਆਂ ਹਨ ਅਤੇ ਅੱਗ ਦੇ ਕਾਰਨਾਂ ਦਾ ਪਤਾ ਕਰਨ ਦੇ ਨਾਲ-ਨਾਲ ਹੋਏ ਨੁਕਸਾਨ ਦੇ ਢੁਕਵੇ ਮੁਆਵਜ਼ੇ ਸਬੰਧੀ ਸਰਕਾਰ ਨੂੰ ਜਲਦੀ ਸੂਚਨਾ ਭੇਜ ਦਿਤੀ ਜਾਵੇਗੀ। ਇਸ ਬਾਰੇ ਜਦੋਂ ਹਲਕਾ ਵਿਧਾਇਕ ਨਾਲ ਉਸ ਦੇ ਮੋਬਾਈਲ ਫ਼ੋਨ 'ਤੇ ਪੀੜਤ ਕਿਸਾਨਾਂ ਦੀ ਮਦਦ ਬਾਰੇ ਉਸ ਦੇ ਵਿਚਾਰ ਜਾਨਣੇ ਚਾਹੇ ਤਾਂ ਪੀ.ਏ ਨੇ ਦਸਿਆ ਕਿ ਉਹ ਘਰੇ ਨਹੀਂ ਹਨ।ਦੀਨਾਨਗਰ ਤੋਂ ਦੀਪਕ ਮੰਨੀ ਅਨੁਸਾਰ : ਦੀਨਾਨਗਰ ਅਧੀਨ ਆਉਂਦੇ ਪਿੰਡ ਅਕਬਰਪੁਰ ਅਤੇ ਘੇਸਲ ਵਿਚ ਅੱਜ ਦੁਪਹਿਰ ਨੂੰ ਖੇਤ ਵਿਚ ਲਗੇ ਟਰਾਂਸਫ਼ਾਰਮਰ ਤੋਂ ਬਿਜਲੀ ਦੀ ਚਿੰਗਾੜੀ ਡਿੱਗਣ ਨਾਲ ਤਿੰਨਾਂ ਪਿੰਡਾਂ ਦੇ ਕਿਸਾਨਾਂ ਦੀ 60 ਏਕੜ ਕਣਕ ਦੀ ਫ਼ਸਲ ਸੜ ਕੇ ਸਵਾਹ ਹੋ ਗਈ ਜਦੋਂ ਕਿ ਆਸਪਾਸ ਪਿੰਡਾਂ ਦੇ 250 ਦੇ ਕਰੀਬ ਲੋਕਾਂ ਵਲੋਂ ਅਪਣੀ ਜਾਨ ਜ਼ੋਖ਼ਮ ਵਿਚ ਪਾ ਕੇ ਅੱਗ 'ਤੇ ਕਾਬੂ ਪਾਇਆ ਅਤੇ ਨਾਲ ਲਗਦੀਆਂ ਹੋਰ ਕਣਕ ਦੀ ਪੱਕੀਆਂ ਫ਼ਸਲਾਂ ਨੂੰ ਵੀ ਬਚਾਇਆ। ਪਿੰਡ ਵਾਸੀਆਂ ਵਲੋਂ ਫ਼ਾਇਰ ਬਿਗ੍ਰੇਡ ਗੱਡੀ ਵਾਲਿਆਂ ਨੂੰ ਫ਼ੋਨ 'ਤੇ ਸੂਚਿਤ ਕੀਤਾ ਗਿਆ ਪਰ ਡੇਢ ਘੰਟੇ ਤਕ ਕੋਈ ਵੀ ਗੱਡੀ ਕਿਸਾਨਾਂ ਦੀ ਮਦਦ ਲਈ ਨਹੀਂ ਪਹੁੰਚੀ।