ਫਤਿਹਗੜ੍ਹ ਸਾਹਿਬ ਜ਼ਿਲੇ ਦੀ ਸਫ਼ਲ ਡੇਅਰੀ ਫਾਰਮਰ ਮਨਪ੍ਰੀਤ ਕੌਰ ਹੋਰ ਔਰਤਾਂ ਲਈ ਬਣੀ ਪ੍ਰੇਰਣਾ ਦਾ ਸਰੋਤ
ਡੇਅਰੀ ਫਾਰਮਿੰਗ ਦਾ ਧੰਦਾ ਖੇਤੀ ਦੇ ਸਹਾਇਕ ਧੰਦਿਆਂ ਵਿਚੋਂ ਸਭ ਤੋਂ ਵੱਧ ਲਾਭਦਾਇਕ ਸਿੱਧ ਹੋ ਰਿਹਾ ਅਤੇ ਜ਼ਿਲੇ ਦੇ ਕਈ ਡੇਅਰੀ ਫਾਰਮਰ ਇਸ ਧੰਦੇ ਵਿਚੋਂ ਚੰਗਾ ਮੁਨਾਫਾ ਕਮਾ..
ਫਤਿਹਗੜ੍ਹ ਸਾਹਿਬ, 22 ਮਈ (ਇੰਦਰਪ੍ਰੀਤ ਬਖਸ਼ੀ)-ਡੇਅਰੀ ਫਾਰਮਿੰਗ ਦਾ ਧੰਦਾ ਖੇਤੀ ਦੇ ਸਹਾਇਕ ਧੰਦਿਆਂ ਵਿਚੋਂ ਸਭ ਤੋਂ ਵੱਧ ਲਾਭਦਾਇਕ ਸਿੱਧ ਹੋ ਰਿਹਾ ਅਤੇ ਜ਼ਿਲੇ ਦੇ ਕਈ ਡੇਅਰੀ ਫਾਰਮਰ ਇਸ ਧੰਦੇ ਵਿਚੋਂ ਚੰਗਾ ਮੁਨਾਫਾ ਕਮਾ ਰਹੇ ਹਨ। ਡੇਅਰੀ ਫਾਰਮਿੰਗ ਕੇਵਲ ਮਰਦ ਹੀ ਨਹੀਂ ਸਗੋਂ ਔਰਤਾਂ ਵੀ ਕਰ ਸਕਦੀਆਂ ਹਨ ਅਤੇ ਘਰੇਲੂ ਕੰਮਾਂ ਦੇ ਨਾਲ-ਨਾਲ ਆਪਣੇ ਪਰਿਵਾਰ ਦਾ ਆਰਥਿਕ ਪੱਧਰ ਉੱਚਾ ਚੁੱਕ ਸਕਦੀਆਂ ਹਨ। ਅਜਿਹੀ ਹੀ ਇਕ ਮਿਸਾਲ ਫਤਿਹਗੜ੍ਹ ਸਾਹਿਬ ਜ਼ਿਲੇ ਦੇ ਪਿੰਡ ਦੇਧੜਾਂ ਦੀ ਸਫਲ ਡੇਅਰੀ ਫਾਰਮਰ ਮਨਪ੍ਰੀਤ ਕੌਰ ਪਤਨੀ ਭਗਵੰਤ ਸਿੰਘ ਨੇ ਕਾਇਮ ਕੀਤੀ ਹੈ।
ਵਰਨਣਯੋਗ ਹੈ ਕਿ ਲੁਧਿਆਣਾ ਦੀ ਗਰੈਜੂਏਟ ਮਨਪ੍ਰੀਤ ਕੌਰ ਨੇ ਅਪਣੇ ਪੇਕਿਆਂ ਘਰ ਕਦੇ ਵੀ ਡੇਅਰੀ ਦਾ ਧੰਦਾ ਕਰਨ ਬਾਰੇ ਸੋਚਿਆ ਵੀ ਨਹੀਂ ਸੀ ਪਰ ਅਪਣੇ ਸਹੁਰੇ ਘਰ ਆ ਕੇ ਉਸ ਨੇ ਅਪਣੇ ਪਰਵਾਰ ਦਾ ਆਰਥਿਕ ਪੱਧਰ ਉੱਚਾ ਚੁੱਕਣ ਲਈ ਪਹਿਲਾਂ ਡੇਅਰੀ ਫਾਰਮਿੰਗ ਸਬੰਧੀ ਡੇਅਰੀ ਵਿਕਾਸ ਬੋਰਡ ਦੇ ਜ਼ਿਲਾ ਰੋਪੜ ਵਿਖੇ ਸਥਿਤ ਚਤਾਮਲੀ ਸਿਖਲਾਈ ਸੈਂਟਰ ਤੋਂ ਡੇਅਰੀ ਦੇ ਧੰਦੇ ਦੀ ਸਿਖਲਾਈ ਲਈ ਅਤੇ ਤਿੰਨ ਸਾਹੀਵਾਲ ਗਊਆਂ ਨਾਲ ਡੇਅਰੀ ਦਾ ਧੰਦਾ ਸ਼ੁਰੂ ਕੀਤਾ।
ਮਨਪ੍ਰੀਤ ਦੇ ਦੱਸਣ ਅਨੁਸਾਰ ਪਹਿਲਾਂ-ਪਹਿਲਾਂ ਉਸ ਨੂੰ ਇਸ ਧੰਦੇ ਵਿਚ ਕੁਝ ਔਕੜਾਂ ਦਾ ਸਾਹਮਣਾ ਕਰਨਾ ਪਿਆ ਪਰ ਜਦੋਂ ਉਸ ਨੇ ਪੂਰੇ ਦ੍ਰਿੜ ਇਰਾਦੇ ਨਾਲ ਅਤੇ ਡੇਅਰੀ ਵਿਕਾਸ ਵਿਭਾਗ ਨਾਲ ਮਿਲੇ ਤਕਨੀਕੀ ਸਹਿਯੋਗ ਨਾਲ ਇਸ ਧੰਦੇ ਨੂੰ ਕਰਨਾ ਸ਼ੁਰੂ ਕੀਤਾ ਤਾਂ ਉਸ ਦੀਆਂ ਔਕੜਾਂ ਹੌਲੀ-ਹੌਲੀ ਦੂਰ ਹੋਣ ਲੱਗੀਆਂ ਅਤੇ ਅੱਜ ਉਸ ਕੋਲ ਕੁੱਲ 25 ਸਾਹੀਵਾਲ ਨਸਲ ਦੇ ਪਸ਼ੂ ਹਨ ਜਿਨ੍ਹਾਂ ਵਿਚੋਂ 12 ਦੁਧਾਰੂ ਅਤੇ 13 ਵੱਛੀਆਂ ਤੇ ਵੱਛੇ ਹਨ। ਮਨਪ੍ਰੀਤ ਕੌਰ ਨੇ ਦੱਸਿਆ ਕਿ ਇਕ ਗਊ ਵੱਧ ਤੋਂ ਵੱਧ 19 ਕਿਲੋ ਅਤੇ ਔਸਤਨ 12 ਤੋਂ 14 ਕਿਲੋ ਦੁੱਧ ਦਿੰਦੀ ਹੈ।
ਉਨ੍ਹਾਂ ਦੱਸਿਆ ਕਿ ਸਾਹੀਵਾਲ ਨਸਲ ਦੀਆਂ ਗਊਆਂ ਦਾ ਦੁੱਧ ਹੋਰ ਨਸਲ ਦੀਆਂ ਗਊਆਂ ਨਾਲੋਂ ਮਹਿੰਗਾ ਵਿਕਦਾ ਹੈ। ਇਸ ਤੋਂ ਇਲਾਵਾ ਉਹ ਗਊਆਂ ਦੇ ਦੁੱਧ ਤੋਂ ਘਿਓ ਅਤੇ ਖੋਆ ਤਿਆਰ ਕਰ ਕੇ ਅਪਣੇ ਪਤੀ ਦੇ ਸਹਿਯੋਗ ਨਾਲ ਸਰਹਿੰਦ, ਬੱਸੀ ਪਠਾਣਾਂ ਅਤੇ ਚੰਡੀਗੜ• ਵਿਖੇ ਵੇਚਦੀ ਹੈ, ਜਿਸ ਤੋਂ ਉਸ ਨੂੰ ਕਾਫੀ ਮੁਨਾਫ਼ਾ ਮਿਲ ਜਾਂਦਾ ਹੈ। ਮਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਨੇ ਪਸ਼ੂਧਨ ਤੇ ਦੁੱਧ ਚੁਆਈ ਦੇ ਕਈ ਮੁਕਾਬਲਿਆਂ ਵਿਚ ਭਾਗ ਲਿਆ ਅਤੇ ਕਈ ਇਨਾਮ ਹਾਸਲ ਕੀਤੇ।
ਮਨਪ੍ਰੀਤ ਕੌਰ ਨੇ ਇਹ ਵੀ ਦੱਸਿਆ ਕਿ ਸਾਹੀਵਾਲ ਨਸਲ ਦੀ ਗਊ ਦਾ ਦੁੱਧ ਲੋਕਾਂ ਦੀ ਸਿਹਤ ਲਈ ਵਧੇਰੇ ਲਾਹੇਵੰਦ ਹੋਣ ਕਾਰਨ ਇਸ ਦਾ ਮਾਰਕੀਟ ਰੇਟ 60 ਤੋਂ 65 ਰੁਪਏ ਕਿਲੋ ਤੱਕ ਹੁੰਦਾ ਹੈ ਜਦੋਂ ਕਿ ਇਸ ਦਾ ਘਿਓ 1000 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਾਹੀਵਾਲ ਨਸਲ ਦੇਸੀ ਹੋਣ ਕਰਕੇ ਇੰਨੀਆਂ ਗਊਆਂ ਨੂੰ ਬਿਮਾਰੀਆਂ ਵੀ ਘੱਟ ਲੱਗਦੀਆਂ ਹਨ। ਇਸ ਨਸਲ ਦੀਆਂ ਗਊਆਂ ਗਰਮੀ ਵੀ ਘੱਟ ਮਹਿਸੂਸ ਕਰਦੀਆਂ ਹਨ। ਉੁਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿਚ ਜਦੋਂ ਰਵਾਇਤੀ ਖੇਤੀ ਲਾਹੇਵੰਦ ਨਹੀਂ ਰਹੀ ਤਾਂ ਡੇਅਰੀ ਫਾਰਮਿੰਗ ਦਾ ਸਹਾਇਕ ਧੰਦਾ ਕਿਸਾਨਾਂ ਦੀ ਆਰਥਿਕਤਾ ਨੂੰ ਮਜਬੂਤ ਕਰਨ ਵਿਚ ਵੱਡਮੁਲਾ ਯੋਗਦਾਨ ਪਾ ਸਕਦਾ ਹੈ।