ਸ਼ਹਿਦ ਦੀਆਂ ਮੱਖੀਆਂ ਲਈ ਫਲੋਰਾ ਤੇ ਇਸ ਦੀ ਮਹੱਤਤਾ

ਏਜੰਸੀ

ਖੇਤੀਬਾੜੀ, ਸਹਾਇਕ ਧੰਦੇ

ਸ਼ਹਿਦ ਦੀਆਂ ਮੱਖੀਆਂ ਫੁੱਲਾਂ ਤੋਂ ਪਰਾਗ ਤੇ ਨੈਕਟਰ ਇਕੱਠਾ ਕਰਦੀਆਂ ਹਨ

HoneyBees

ਸ਼ਹਿਦ ਦੀਆਂ ਮੱਖੀਆਂ ਫੁੱਲਾਂ ਤੋਂ ਪਰਾਗ ਤੇ ਨੈਕਟਰ ਇਕੱਠਾ ਕਰਦੀਆਂ ਹਨ। ਇਸ ਦੇ ਬਦਲੇ ਇਹ ਪੌਦਿਆਂ ਦਾ ਪਰਪ੍ਰਾਗਣ ਕਰ ਕੇ ਉਪਜ 'ਚ ਵਾਧਾ ਕਰਨ ਤੇ ਬੂਟਿਆਂ ਦੀ ਨਸਲ ਨੂੰ ਚੱਲਦਾ ਰੱਖਣ 'ਚ ਸਹਾਈ ਹੁੰਦੀਆਂ ਹਨ। ਪਰਾਗ-ਕਣ ਪ੍ਰੋਟੀਨ ਤੇ ਨੈਕਟਰ ਖੰਡਾਂ ਦਾ ਸੋਮਾ ਹੋਣ ਕਾਰਨ ਸ਼ਹਿਦ ਦੀਆਂ ਮੱਖੀਆਂ ਦੇ ਸਰੀਰਕ ਵਿਕਾਸ ਤੇ ਕੰਮ ਕਰਨ ਲਈ ਸਹਾਈ ਹੁੰਦੇ ਹਨ। ਸ਼ਹਿਦ ਦੀਆਂ ਮੱਖੀਆਂ ਪਾਲਣ ਦੇ ਧੰਦੇ ਦੀ ਕਾਮਯਾਬੀ ਫੁੱਲ-ਫੁਲਾਕੇ ਦੀ ਬਹੁਤਾਤ 'ਤੇ ਨਿਰਭਰ ਕਰਦੀ ਹੈ। ਪੰਜਾਬ 'ਚ ਸ਼ਹਿਦ ਦੀਆਂ ਮੱਖੀਆਂ ਖ਼ੁਰਾਕ ਲਈ 172 ਕਿਸਮ ਦੇ ਪੌਦਿਆਂ ਦੇ ਫੁੱਲਾਂ 'ਤੇ ਜਾਂਦੀਆਂ ਹਨ। ਇਹ 27 ਕਿਸਮ ਦੇ ਪੌਦਿਆਂ ਤੋਂ ਨੈਕਟਰ, 25 ਕਿਸਮ ਦੇ ਪੌਦਿਆਂ ਤੋਂ ਪਰਾਗ ਤੇ 120 ਕਿਸਮ ਦੇ ਪੌਦਿਆਂ ਤੋਂ ਨੈਕਟਰ ਤੇ ਪਰਾਗ ਦੋਵੇਂ ਇਕੱਠਾ ਕਰਦੀਆਂ ਹਨ।

ਸ਼ਹਿਦ ਦੀਆਂ ਮੱਖੀਆਂ ਲਈ ਉਪਯੋਗੀ ਦਰੱਖ਼ਤ- ਬਹੁਤ ਸਾਰੇ ਫਲਦਾਰ ਦਰੱਖ਼ਤ ਸ਼ਹਿਦ ਦੀਆਂ ਮੱਖੀਆਂ ਨੂੰ ਨੈਕਟਰ ਜਾਂ ਪਰਾਗ ਜਾਂ ਦੋਵੇਂ ਹੀ ਮੁਹੱਈਆ ਕਰਵਾਉਂਦੇ ਹਨ। ਇਨ੍ਹਾਂ ਵਿੱਚੋਂ ਨਿੰਬੂ ਜਾਤੀ ਦੇ ਰੁੱਖ (ਫਰਵਰੀ-ਅਪ੍ਰੈਲ), ਆੜੂ (ਜਨਵਰੀ-ਫਰਵਰੀ), ਨਾਸ਼ਪਾਤੀ (ਫਰਵਰੀ-ਮਾਰਚ), ਲੀਚੀ (ਮਾਰਚ-ਅਪ੍ਰੈਲ), ਅਮਰੂਦ (ਅਪ੍ਰੈਲ-ਮਈ, ਅਗਸਤ-ਸਤੰਬਰ) ਤੇ ਬੇਰ (ਅਗਸਤ-ਅਕਤੂਬਰ) ਸ਼ਹਿਦ ਦੀਆਂ ਮੱਖੀਆਂ ਲਈ ਨੈਕਟਰ ਤੇ ਪਰਾਗ ਦੇ ਸਰੋਤ ਹਨ। ਬਹੁਤ ਸਾਰੇ ਜੰਗਲਾਤ ਤੇ ਸਜਾਵਟੀ ਦਰੱਖ਼ਤ, ਬੂਟੇ ਤੇ ਵੇਲਾਂ ਵੀ ਨੈਕਟਰ ਤੇ ਪਰਾਗ ਦੇ ਵਧੀਆ ਸਰੋਤ ਹਨ।

ਰੁੱਖਾਂ ਵਿੱਚੋਂ ਸਫ਼ੈਦਾ (ਨਵੰਬਰ-ਦਸੰਬਰ, ਫਰਵਰੀ-ਅਪ੍ਰੈਲ), ਟਾਹਲੀ (ਮਾਰਚ-ਅਪ੍ਰੈਲ), ਬੇਰ (ਅਗਸਤ-ਸਤੰਬਰ), ਕੜ੍ਹੀ ਪੱਤਾ (ਅਪ੍ਰੈਲ-ਮਈ) ਨੈਕਟਰ ਤੇ ਪਰਾਗ ਦੇ ਵਧੀਆ ਸਰੋਤ ਹਨ। ਕਿੱਕਰ (ਅਗਸਤ-ਅਕਤੂਬਰ), ਧਰੇਕ (ਫਰਵਰੀ-ਮਾਰਚ), ਸੁਹੰਜਣਾ (ਮਾਰਚ-ਅਪ੍ਰੈਲ), ਸੁਬਬੂਲ (ਮਾਰਚ-ਅਪ੍ਰੈਲ ਤੇ ਸਤੰਬਰ-ਅਕਤੂਬਰ), ਰੁਕਮੰਜਣੀ ਜਾਂ ਸਾਵਣੀ (ਮਈ-ਸਤੰਬਰ), ਨਿੰਮ (ਮਈ), ਫਲਾਹੀ (ਜੂਨ-ਜੁਲਾਈ) ਆਦਿ ਵੀ ਸ਼ਹਿਦ ਦੀਆਂ ਮੱਖੀਆਂ ਲਈ ਵਧੀਆ ਸਰੋਤ ਹਨ। ਕਚਨਾਰ (ਫਰਵਰੀ-ਮਈ), ਸਰੀਂਹ (ਮਈ-ਜੂਨ), ਅਮਲਤਾਸ (ਮਈ-ਜੂਨ), ਜਾਮਣ (ਮਈ-ਜੂਨ) ਤੇ ਅਰਜੁਨ (ਮਈ-ਜੂਨ) ਆਦਿ ਸਿਰਫ਼ ਨੈਕਟਰ ਦੇ ਵਧੀਆ ਸਰੋਤ ਹਨ।

ਉਪਯੋਗੀ ਬੂਟੇ ਤੇ ਵੇਲਾਂ- ਟੀਕੋਮਾ (ਅਪ੍ਰੈਲ-ਅਕਤੂਬਰ), ਪੀਲੀ ਕਨੇਰ (ਜੁਲਾਈ-ਸਤੰਬਰ) ਤੇ ਬਸੂਟੀ (ਮਾਰਚ-ਜੂਨ) ਨੈਕਟਰ ਦੇ ਵਧੀਆ ਸਰੋਤ ਹਨ। ਕਈ ਹੋਰ ਸਜਾਵਟੀ ਬੂਟਿਆਂ, ਜਿਵੇਂ ਬੁਡਲੀਆ (ਫਰਵਰੀ-ਮਾਰਚ), ਹੈਮਲਟੋਨੀਆ (ਅਪ੍ਰੈਲ), ਮਾਧਵੀ ਲਤਾ (ਅਪ੍ਰੈਲ), ਰੁਕਮੰਜਣੀ (ਮਈ-ਅਗਸਤ), ਹਮੀਲੀਆ (ਸਤੰਬਰ-ਅਕਤੂਬਰ) ਤੇ ਪੌਨਸੈਟੀਆ (ਦਸੰਬਰ-ਫਰਵਰੀ) ਤੋਂ ਮੱਖੀਆਂ ਨੂੰ ਨੈਕਟਰ ਤੇ ਪਰਾਗ ਦੋਵੇਂ ਮਿਲਦੇ ਹਨ। ਸਜਾਵਟੀ ਵੇਲ ਕੋਰਲ ਕਰੀਪਰ ਜੁਲਾਈ ਤੋਂ ਅਕਤੂਬਰ ਦੌਰਾਨ ਸ਼ਹਿਦ ਦੀਆਂ ਮੱਖੀਆਂ ਨੂੰ ਭਰਪੂਰ ਮਾਤਰਾ 'ਚ ਨੈਕਟਰ ਤੇ ਪਰਾਗ ਮੁਹੱਈਆ ਕਰਵਾਉਂਦੀ ਹੈ।

ਨੈਕਟਰ ਤੇ ਪਰਾਗ ਦੀ ਘਾਟ ਸਮੇਂ ਬੀ-ਫਲੋਰਾ- ਪੰਜਾਬ 'ਚ ਸ਼ਹਿਦ ਦੀ ਆਮਦ ਦੇ ਮੁੱਖ ਸਮੇਂ (ਸਰਦੀ ਤੇ ਬਸੰਤ ਰੁੱਤ) ਦੌਰਾਨ ਸ਼ਹਿਦ ਦੀਆਂ ਮੱਖੀਆਂ ਸਰ੍ਹੋਂ ਅਤੇ ਸਫ਼ੈਦੇ ਤੋਂ ਇਲਾਵਾ ਕਈ ਦਰੱਖ਼ਤਾਂ ਤੇ ਬੂਟਿਆਂ ਤੋਂ ਸ਼ਹਿਦ ਤੇ ਪਰਾਗ ਪ੍ਰਾਪਤ ਕਰਦੀਆਂ ਹਨ ਪ੍ਰੰਤੂ ਇਸ ਸਮੇਂ ਤੋਂ ਬਾਅਦ ਖ਼ੁਰਾਕ ਦੀ ਘਾਟ ਕਾਰਨ ਸ਼ਹਿਦ ਦੀਆਂ ਮੱਖੀਆਂ ਦੇ ਕਟੁੰਬਾਂ ਦੀ ਉਤਪਾਦਕਤਾ ਘੱਟ ਜਾਂਦੀ ਹੈ। ਇਸ ਲਈ ਲੋੜ ਹੈ ਕਿ ਅਜਿਹੇ ਦਰੱਖ਼ਤ ਅਤੇ ਬੂਟੇ ਵੱਡੀ ਗਿਣਤੀ 'ਚ ਲਗਾਏ ਜਾਣ ਜੋ ਸ਼ਹਿਦ ਦੀਆਂ ਮੱਖੀਆਂ ਨੂੰ ਖ਼ੁਰਾਕ ਦੀ ਘਾਟ ਸਮੇਂ (ਮਈ-ਅਕਤੂਬਰ) ਨੈਕਟਰ ਤੇ ਪਰਾਗ ਮੁਹੱਈਆ ਕਰਵਾ ਸਕਣ। ਇਨ੍ਹਾਂ ਵਿਚ ਜਾਮਣ, ਰੁਕਮੰਜਣੀ, ਅਰਜੁਨ, ਖੈਰ, ਕਿੱਕਰ, ਫਲਾਹੀ, ਕੇਸੀਆ, ਮਲਾਹ, ਸੁਬਬੂਲ, ਰੇਲਵੇ ਕਰੀਪਰ ਆਦਿ ਦਰੱਖ਼ਤ/ਬੂਟੇ ਅਹਿਮ ਹਨ।

ਕਟੁੰਬਾਂ ਦੀ ਹਿਜਰਤ- ਸਾਲ ਦੇ ਵੱਖ-ਵੱਖ ਮਹੀਨਿਆਂ ਦੌਰਾਨ ਪੰਜਾਬ ਤੇ ਨੇੜਲੇ ਸੂਬਿਆਂ 'ਚ ਨੈਕਟਰ ਤੇ ਪਰਾਗ ਦੇ ਸਰੋਤਾਂ ਤੋਂ ਵੀ ਪੰਜਾਬ ਦੇ ਮੱਖੀ ਪਾਲਕ ਮੱਖੀ ਕਟੁੰਬਾਂ ਨੂੰ ਲਿਜਾ ਸਕਦੇ ਹਨ। ਖੈਰ ਤੋਂ ਸ਼ਹਿਦ ਪ੍ਰਾਪਤ ਕਰਨ ਲਈ ਜੁਲਾਈ-ਅਗਸਤ ਦੌਰਾਨ ਹੁਸ਼ਿਆਰਪੁਰ, ਅਨੰਦਪੁਰ ਸਾਹਿਬ, ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ, ਹਰਿਆਣਾ ਦੇ ਪਿੰਜੌਰ ਤੇ ਮੋਰਨੀ ਹਿਲਜ਼ ਇਲਾਕਿਆਂ 'ਚ ਕਟੁੰਬਾਂ ਨੂੰ ਲਿਜਾਇਆ ਜਾ ਸਕਦਾ ਹੈ। ਬਾਜਰਾ ਪਰਾਗ ਦਾ ਵਧੀਆ ਸਰੋਤ ਹੈ ਇਸ ਲਈ ਜੁਲਾਈ-ਅਗਸਤ ਦੌਰਾਨ ਹਰਿਆਣਾ ਦੇ ਨਰਭੱਦਰਾ, ਚਰਖੀ ਦਾਦਰੀ, ਰਿਵਾੜੀ ਤੇ ਰਾਜਸਥਾਨ ਦੇ ਭਰਤਪੁਰ ਇਲਾਕਿਆਂ 'ਚ ਕਟੁੰਬਾਂ ਨੂੰ ਲਿਜਾਇਆ ਜਾ ਸਕਦਾ ਹੈ। ਸਤੰਬਰ-ਅਕਤੂਬਰ ਵਿਚ ਅਰਹਰ ਤੋਂ ਸ਼ਹਿਦ ਪ੍ਰਾਪਤੀ ਲਈ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਸੰਗਰੂਰ ਜ਼ਿਲ੍ਹਿਆਂ 'ਚ ਕਟੁੰਬਾਂ ਦੀ ਹਿਜਰਤ ਕਰ ਸਕਦੇ ਹੋ। ਫ਼ਰੀਦਕੋਟ, ਮਾਨਸਾ, ਬਠਿੰਡਾ, ਬਰਨਾਲਾ, ਅਬੋਹਰ ਅਤੇ ਹਰਿਆਣਾ ਦੇ ਹਿਸਾਰ ਤੇ ਸਿਰਸਾ ਇਲਾਕਿਆਂ 'ਚ ਕਟੁੰਬਾਂ ਦੀ ਹਿਜਰਤ ਕਰ ਕੇ ਬੇਰ ਅਤੇ ਨਰਮੇ ਤੋਂ ਸ਼ਹਿਦ ਪ੍ਰਾਪਤ ਕੀਤਾ ਜਾ ਸਕਦਾ ਹੈ।

ਸ਼ਹਿਦ ਦੀਆਂ ਮੱਖੀਆਂ ਲਈ ਉਪਯੋਗੀ ਫ਼ਸਲਾਂ- ਸ਼ਹਿਦ ਦੀਆਂ ਮੱਖੀਆਂ ਲਈ ਉਪਯੋਗੀ ਮੁੱਖ ਫ਼ਸਲਾਂ ਵਿੱਚੋਂ ਤੋਰੀਆ (ਅਕਤੂਬਰ-ਨਵੰਬਰ), ਰਾਇਆ (ਦਸੰਬਰ-ਫਰਵਰੀ), ਗੋਭੀ ਸਰ੍ਹੋਂ (ਜਨਵਰੀ-ਮਾਰਚ), ਸੂਰਜਮੁਖੀ (ਅਪ੍ਰੈਲ-ਮਈ), ਬਰਸੀਮ (ਅਪ੍ਰੈਲ-ਜੂਨ), ਕੱਦੂ ਜਾਤੀ ਦੀਆਂ ਫ਼ਸਲਾਂ (ਅਪ੍ਰੈਲ-ਮਈ, ਅਗਸਤ-ਅਕਤੂਬਰ), ਨਰਮਾ (ਅਗਸਤ-ਸਤੰਬਰ) ਆਦਿ ਨੈਕਟਰ ਤੇ ਪਰਾਗ ਦੇ ਵਧੀਆ ਸਰੋਤ ਹਨ। ਮੱਕੀ ਤੇ ਬਾਜਰਾ (ਮਈ-ਸਤੰਬਰ) ਪਰਾਗ ਦੇ ਅਤੇ ਅਰਹਰ (ਸਤੰਬਰ-ਅਕਤੂਬਰ) ਨੈਕਟਰ ਦੇ ਵਧੀਆ ਸਰੋਤ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।