ਮਾਨਸਾ ਦੀ ਧੀ ਨੇ ਵਿਦੇਸ਼ ਜਾਣ ਦੀ ਬਜਾਏ ਪਿੰਡ 'ਚ ਹੀ ਫੁੱਲਾਂ ਦੀ ਖੇਤੀ ਦਾ ਚੁਣਿਆ ਰਾਹ, ਅੱਜ ਕਰ ਰਹੀ ਵਧੀਆਂ ਕਮਾਈ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

 ਗੁਰਦੁਆਰਾ ਸਾਹਿਬ ਵਿਚ ਫੁੱਲਾਂ ਦੀ ਸਜਾਵਟ ਦੀ ਸੇਵਾ ਨੇ ਬਦਲੀ ਅਮਨਜੀਤ ਦੀ ਜ਼ਿੰਦਗੀ

Amanjit Kaur of Kulrian village in Mansa district cultivates flowers

ਬਰੇਟਾ  (ਰਿਆਜ਼ ਸਿੰਘ) : ਜ਼ਿਲ੍ਹਾ ਮਾਨਸਾ ਦੇ ਪਿੰਡ ਕੁਲਰੀਆਂ ਦੀ ਅਮਨਜੀਤ ਕੌਰ ਫੁੱਲਾਂ ਦੀ ਕਾਸ਼ਤ ਨਾਲ ਜਿੱਥੇ ਨੌਜਵਾਨਾਂ ਲਈ ਉਦਾਹਰਨ ਬਣੀ ਹੈ, ਉਥੇ ਅਪਣੇ ਪਰਵਾਰ ਦਾ ਵੀ ਸਹਾਰਾ ਬਣੀ ਹੈ। ਅਮਨਜੀਤ ਕੌਰ (25) ਪੁੱਤਰੀ ਜੀਤਾ ਸਿੰਘ ਨੇ ਦਸਿਆ ਕਿ ਉਸਦੇ ਪਿਤਾ ਸਵਾ 2 ਕਿੱਲੇ ਜ਼ਮੀਨ ਦੀ ਵਾਹੀ ਕਰਦੇ ਹਨ ਤੇ ਉਸ ਦੇ ਪਰਵਾਰ ਦਾ ਇੰਨੇ ਘੱਟ ਰਕਬੇ ਦੀ ਵਾਹੀ ਨਾਲ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਹੁੰਦਾ ਸੀ।

ਉਸ ਨੇ ਪੀਜੀਡੀਸੀਏ ਦੀ ਫ਼ੀਸ ਵੀ ਮੁਸ਼ਕਲ ਨਾਲ ਸਵੈ ਸੇਵੀ ਸੰਸਥਾ ਅਤੇ ਪਰਵਾਰ ਦੀ ਮਦਦ ਨਾਲ ਭਰੀ ਸੀ। ਵਿੱਤੀ ਹਾਲਾਤ ਮਾੜੇ ਹੋਣ ਕਾਰਨ ਅਗਲੀ ਪੜ੍ਹਾਈ ਦਾ ਕੋਈ ਰਾਹ ਨਹੀਂ ਸੀ। ਉਸਨੇ ਦਸਿਆ ਕਿ ਉਸਨੇ ਵਿਦੇਸ਼ ਜਾਣ ਲਈ ਆਈਲੈਟਸ ਵੀ ਕੀਤੀ ਸੀ ਪਰ ਵਿਆਹ ਕਰਵਾ ਕੇ ਵਿਦੇਸ਼ ਜਾਣ ਦੀ ਬਜਾਏ ਉਹ ਅਪਣੇ ਦੇਸ਼ ਵਿਚ ਹੀ ਅਪਣੇ ਪੈਰਾਂ ’ਤੇ ਖੜੀ ਹੋਣਾ ਚਾਹੁੰਦੀ ਸੀ।

ਉਸ ਨੇ ਦਸਿਆ ਕਿ ਉਹ ਪਿੰਡ ਗੁਰਦੁਆਰਾ ਸਾਹਿਬ ਵਿਚ ਫੁੱਲਾਂ ਦੀ ਸਜਾਵਟ ਦੀ ਸੇਵਾ ਕਰਦੀ ਸੀ ਤਾਂ ਉਸ ਦੇ ਮਨ ਵਿਚ ਫੁੱਲਾਂ ਦੀ ਖੇਤੀ ਕਰਨ ਦਾ ਵਿਚਾਰ ਆਇਆ। ਉਸ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਰਾਬਤਾ ਕੀਤਾ ਅਤੇ ਓਥੇ ਐਚਓਡੀ (ਫਲੋਰੀਕਲਚਰ) ਡਾ. ਪਰਮਿੰਦਰ ਸਿੰਘ ਅਤੇ ਸਾਇੰਟਿਸਟ ਡਾ. ਅਮਨ ਸ਼ਰਮਾ ਤੋਂ ਸੇਧ ਲਈ ਅਤੇ ਉਨ੍ਹਾਂ ਤੋਂ ਫੁੱਲਾਂ ਦੀ ਪਨੀਰੀ ਲੈ ਕੇ ਸਾਲ 2022 ਵਿਚ 7 ਮਰਲੇ ਵਿਚ ਗੇਂਦਾ ਲਾਇਆ ਜਿਸ ਨਾਲ ਉਸ ਨੂੰ ਕਾਫੀ ਵਿੱਤੀ ਸਹਾਰਾ ਮਿਲਿਆ ਅਤੇ ਇਸ ਵੇਲੇ ਇਹ 1 ਕਨਾਲ ਵਿਚ ਫੁੱਲਾਂ ਦੀ ਖੇਤੀ ਕਰ ਰਹੀ ਹੈ, ਜਿਸ ਦੀ ਆਮਦਨ ਨਾਲ ਉਹ ਐਮ ਪੰਜਾਬੀ (ਦੂਜਾ ਸਾਲ) ਗੁਰੂ ਨਾਨਕ ਕਾਲਜ ਬੁਢਲਾਡਾ ਤੋਂ ਕਰ ਰਹੀ ਹੈ ਅਤੇ ਉਹ ਅਪਣੇ ਪਰਵਾਰ ਦਾ ਵਿੱਤੀ ਸਹਾਰਾ ਵੀ ਬਣੀ ਹੈ।

ਅਮਨਜੀਤ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਪੜ੍ਹਾਈ ਦੇ ਨਾਲ ਨਾਲ ਹੀ ਆਤਮ ਨਿਰਭਰ ਹੋਣ ਲਈ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਉਹ ਅੱਗੇ ਜਾ ਕੇ ਸਫ਼ਲ ਹੋ ਸਕਣ। ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਆਈ ਏ ਐਸ ਨੇ ਕਿਸਾਨ ਮੇਲੇ ਦੌਰਾਨ ਅਮਨਜੀਤ ਕੌਰ ਨਾਲ ਮੁਲਾਕਾਤ ਕੀਤੀ ਅਤੇ ਉਸ ਦੀ ਹੌਸਲਾ ਅਫਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਨੌਜਵਾਨਾਂ ਲਈ ਮਿਸਾਲ ਹੈ ਜਿਹੜੀ ਕੇ ਵਿਦੇਸ਼ ਜਾਣ ਦੀ ਬਜਾਏ ਅਪਣੇ ਪਿੰਡ ਵਿਚ ਹੀ ਮਿਹਨਤ ਕਰ ਰਹੀ ਹੈ।