ਧਨੀਏ ਦੀ ਸਫ਼ਲ ਕਾਸ਼ਤ ਨਾਲ ਧਨੀ ਬਣ ਸਕਦੇ ਨੇ ਕਿਸਾਨ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਕਈ ਵਾਰ ਤਾਂ ਇਕੱਲੇ ਹਰੇ ਧਨੀਏ ਦੀ ਫ਼ਸਲ ਹੀ ਦੋ ਤੋਂ ਢਾਈ ਲੱਖ ਰੁਪਏ ਤਕ ਵੀ ਪਹੁੰਚ ਜਾਂਦੀ ਹੈ।

Farmers can become rich with successful cultivation of coriander

Farmers can become rich with successful cultivation of coriander: ਪੰਜਾਬ ਦੇ ਕਿਸਾਨ ਹੋਰਨਾਂ ਸਬਜ਼ੀਆਂ ਦੀ ਕਾਸ਼ਤ ਕਰਨ ਦੇ ਨਾਲ ਹੀ ਧਨੀਏ ਦੀ ਸਫ਼ਲ ਕਾਸ਼ਤ ਕਰ ਕੇ ਧਨੀ ਬਣ ਸਕਦੇ ਹਨ ਕਿਉਂਕਿ ਤਿੰਨ ਕੁ ਮਹੀਨੇ ਚੱਲਣ ਵਾਲੀ ਇਹ ਫ਼ਸਲ ਕਿਸਾਨਾਂ ਨੂੰ ਬਹੁਤ ਜ਼ਿਆਦਾ ਆਮਦਨ ਦੇ ਸਕਦੀ ਹੈ। ਮੰਡੀ ਵਿਚ ਧਨੀਏ ਦੇ ਭਾਅ ਵਿਚ ਆਉਣ ਵਾਲੇ ਉਤਰਾਅ-ਚੜਾਅ ਕਾਰਨ ਘਾਟੇ ਦਾ ਸੌਦਾ ਤਾਂ ਸਾਬਤ ਹੁੰਦੀ ਹੀ ਨਹੀਂ ਕਿਉਂਕਿ ਇਕ ਲੱਖ ਰੁਪਏ ਪ੍ਰਤੀ ਏਕੜ ਤੋਂ ਥੱਲੇ ਆਉਂਦੀ ਹੀ ਨਹੀਂ ਹੈ। ਕਈ ਵਾਰ ਤਾਂ ਇਕੱਲੇ ਹਰੇ ਧਨੀਏ ਦੀ ਫ਼ਸਲ ਹੀ ਦੋ ਤੋਂ ਢਾਈ ਲੱਖ ਰੁਪਏ ਤਕ ਵੀ ਪਹੁੰਚ ਜਾਂਦੀ ਹੈ।

ਫ਼ਸਲ ਪੱਕਣ ਤੋਂ ਬਾਅਦ ਬੀਜ ਦੀ ਪੈਦਾਵਾਰ ਤੋਂ ਹੋਣ ਵਾਲੀ ਆਮਦਨ ਵੱਖਰੀ ਹੈ। ਧਨੀਏ ਦੀ ਖੇਤੀ ਕਰਨ ਵਾਲੇ ਕਿਸਾਨ ਬਾਜ਼ ਸਿੰਘ ਨੇ ਦੱਸਿਆ ਕਿ ਜੇਕਰ ਧਨੀਏ ਦੀ ਖੇਤੀ ਕਰਨ ਲਈ ਬੀਜ ਅਪਣੇ ਖੇਤ ਦਾ ਰੱਖਿਆ ਹੋਵੇ ਤਾਂ ਹੋਰ ਵੱਧ ਆਮਦਨ ਹੋ ਜਾਂਦੀ ਹੈ। ਇਕ ਏਕੜ ਜ਼ਮੀਨ ਵਿਚ 30 ਤੋਂ 35 ਕਿਲੋ ਧਨੀਏ ਦਾ ਬੀਜ ਪੈਂਦਾ ਹੈ। ਜੇਕਰ ਧਨੀਏ ਦੀ ਬੀਜਾਈ ਮਜ਼ਦੂਰਾਂ ਰਾਹੀਂ ਕਰਵਾਈ ਜਾਵੇ ਤਾਂ 5 ਤੋਂ 7 ਕਿਲੋ ਤਕ ਬੀਜ ਘੱਟ ਲਗਦਾ ਹੈ। ਧਨੀਏ ਦੀ ਬੀਜ ਦੀ ਕੀਮਤ 300 ਰੁਪਏ ਪ੍ਰਤੀ ਕਿਲੋ ਤਕ ਹੈ। ਤਿੰਨ ਤੋਂ 5 ਵਾਢਾਂ ਵਿਚ ਧਨੀਏ ਦੀ ਕਟਾਈ ਕੀਤੀ ਜਾ ਸਕਦੀ ਹੈ। ਜੇਕਰ ਫ਼ਸਲ ਦਾ ਬੀਜ ਰੱਖਣਾ ਹੋਵੇ ਤਾਂ ਇਕ ਦੋ ਕਟਾਈਆਂ ਘੱਟ ਵੀ ਕੀਤੀਆਂ ਜਾ ਸਕਦੀਆਂ ਹਨ।

ਇਕ ਕਟਾਈ ਵਿਚ ਤਕਰੀਬਨ 40 ਕੁਇੰਟਲ ਧਨੀਆ ਮੰਡੀ ਵਿਚ ਵੇਚਿਆ ਜਾ ਸਕਦਾ ਹੈ ਜੇਕਰ ਸਬਜ਼ੀ ਮੰਡੀ ਵਿਚ ਭਾਅ ਵਧੀਆ ਮਿਲ ਜਾਵੇ ਤਾਂ ਤਿੰਨ ਚਾਰ ਵਾਢਾਂ ਵਿਚ ਧਨੀਏ ਦੀ ਫ਼ਸਲ ਕਿਸਾਨ ਨੂੰ ਧਨੀ ਬਣਾ ਦਿੰਦੀ ਹੈ। ਇਸ ਤੋਂ ਇਲਾਵਾ ਪੰਜ ਕੁਇੰਟਲ ਦੇ ਕਰੀਬ ਧਨੀਏ ਦਾ ਬੀਜ ਵੀ ਪੈਦਾ ਹੋ ਸਕਦਾ ਹੈ, ਜਿਸ ਦੀ ਘੱਟੋ-ਘੱਟ ਕੀਮਤ ਲਾ ਕੇ ਵੀ ਲੱਖ ਰੁਪਏ ਦੇ ਨੇੜੇ ਪਹੁੰਚ ਜਾਂਦੀ ਹੈ। ਧਨੀਏ ਦੀ ਦੇਸੀ ਕਿਸਮ ਹੀ ਬੀਜਣੀ ਚਾਹੀਦੀ ਹੈ ਕਿਉਂਕਿ ਹਾਈਬ੍ਰਿਡ ਧਨੀਏ ਦਾ ਬੀਜ ਨਹੀਂ ਬਣਦਾ ਤੇ ਦੇਸੀ ਕਿਸਮ ਦਾ ਧਨੀਆ ਖ਼ੁਸ਼ਬੂਦਾਰ ਵੀ ਹੁੰਦਾ ਹੈ। ਪਰ ਦੇਸ਼ ਅੰਦਰ ਹਾਈਬ੍ਰਿਡ ਬੀਜਾਂ ਦੀ ਵਰਤੋਂ ਕਰਨ ਦਾ ਰੁਝਾਨ ਵਧਦਾ ਜਾ ਰਿਹਾ ਹੈ। ਸਬਜ਼ੀਆਂ ਦੇ ਹਾਈਬ੍ਰਿਡ ਬੀਜਾਂ ਦੀ ਵਰਤੋਂ ਤੇਜ਼ੀ ਨਾਲ ਵਧੀ ਹੈ।

ਅਮਰੀਕਾ ਜਾਂ ਯੂਰਪ ਵਾਲੇ ਭਾਰਤੀਆਂ ਵਲੋਂ ਉੱਥੋਂ ਦੀਆਂ ਸੁਪਰ ਮਾਰਕੀਟਾਂ ਵਿਚ ਪਈਆਂ ਸਬਜ਼ੀਆਂ ਵੇਖ ਕੇ ਹੈਰਾਨ ਹੋਣਾ ਸੁਭਾਵਿਕ ਹੀ ਹੈ, ਪਰ ਵਤਨ ਪਰਤਨ ’ਤੇ ਉਹ ਮੰਨਦੇ ਹਨ ਕਿ ਭਾਰਤੀ ਸਬਜ਼ੀਆਂ ਕਮਜ਼ੋਰ ਤੇ ਬਦਰੰਗ ਜਿਹੀਆਂ ਲੱਗਣ ਦੇ ਬਾਵਜੂਦ ਵੀ ਸੁਆਦਲੀਆਂ ਹੁੰਦੀਆਂ ਹਨ। ਇਸ ਦੇ ਬਾਵਜੂਦ ਕਈ ਕੰਪਨੀਆਂ ਹਾਈਬ੍ਰਿਡ ਅਤੇ ਜੀ.ਐਮ. ਬੀਜ਼ਾਂ ਦੀ ਵਰਤੋਂ ਨੂੰ ਉਤਸਾਹਿਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨ ਅਤੇ ਇਹ ਪ੍ਰਚਾਰ ਕਰ ਰਹੀਆਂ ਹਨ ਕਿ ਇਨ੍ਹਾਂ ਬੀਜਾਂ ਦੀ ਵਰਤੋਂ ਸਦਕਾ ਭਾਰਤੀ ਮਾਰਕੀਟ ਵਿਚ ਵੀ ਅਮਰੀਕੀ ਮਾਰਕੀਟ ਵਿਚ ਮਿਲਦੀਆਂ ਸਬਜ਼ੀਆਂ ਵਰਗੀਆਂ ਸਬਜ਼ੀਆਂ ਨਜ਼ਰ ਆਉਣ ਲੱਗਣਗੀਆਂ।

ਹਾਈਬ੍ਰਿਡ ਬੀਜ ਪੈਦਾ ਕਰਨ ਵਾਲੀਆਂ ਕੰਪਨੀਆਂ ਦਾ ਦਾਅਵਾ ਹੈ ਕਿ ਉਹ ਇਨ੍ਹਾਂ ਬੀਜਾਂ ਰਾਹੀਂ ਜਿੱਥੇ ਭਾਰਤ ਦਾ ਖੁਰਾਕੀ ਸ਼ੰਕਟ ਦੂਰ ਕਰਨ ਵਿਚ ਮੱਦਦ ਕਰ ਰਹੀਆਂ ਹਨ, ਉੱਥੇ ਹੀ ਕਾਸ਼ਤਕਾਰਾਂ ਦੀ ਆਮਦਨ ਵੀ ਵਧਾ ਰਹੀਆਂ ਹਨ। ਭਾਰਤੀ ਬੀਜ ਮੰਡੀ ਛੇ ਤੋਂ ਸੱਤ ਹਜ਼ਾਰ ਕਰੋੜ ਰੁਪਏ ਦੇ ਵਿਚਕਾਰ ਹੈ ਅਤੇ ਇਹ ਕੰਪਨੀਆਂ ਇਸ ਮਾਰਕੀਟ ਵਿਚ ਅਪਣੀ ਮੌਜੂਦਗੀ ਤੇ ਦਬਦਬਾ ਲਗਾਤਾਰ ਵਧਾਉਦੀਆਂ ਜਾ ਰਹੀਆਂ ਹਨ। ਹਰ ਕਿਸਾਨ ਚਾਹੁੰਦਾ ਹੈ ਕਿ ਉਸ ਦੀ ਕਮਾਈ ਵਿਚ ਵਾਧਾ ਹੋਵੇ। ਬੇਸ਼ੱਕ, ਉਹ ਦੇਸੀ ਬੀਜਾਂ ਦੀ ਥਾਂ ਹਾਈਬ੍ਰਿਡ ਬੀਜਾਂ ਨੂੰ ਤਰਜੀਹ ਦਿੰਦਾ ਹੈ। ਕਈ ਕੰਪਨੀਆਂ ਦਾ ਦਾਅਵਾ ਸੀ ਕਿ ਇਸ ਦੇ ਹਾਈਬ੍ਰਿਡ ਬੀਜਾਂ ਵਾਲੀਆਂ ਫ਼ਸਲਾਂ 30 ਫੀਸਦੀ ਤੋਂ ਵੱਧ ਝਾੜ ਦਿੰਦੀਆਂ ਹਨ ਅਤੇ ਕਾਸ਼ਤਕਾਰਾਂ ਨੂੰ ਕੀਟਨਾਸ਼ਕਾਂ ਦੀ ਘੱਟ ਵਰਤੋਂ ਕਰਨੀ ਪੈਂਦੀ ਹੈ।

ਹਾਈਬ੍ਰਿਡ ਬੀਜਾਂ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਅਜਿਹੇ ਬੀਜ ਇਕ ਵਾਰ ਵਧੀਆ ਝਾੜ ਦਿੰਦੇ ਹਨ। ਇਨ੍ਹਾਂ ਬੀਜਾਂ ਤੋਂ ਤਿਆਰ ਫ਼ਸਲ ਤੋਂ ਮਿਲੇ ਬੀਜ ਦੀ ਵਰਤੋਂ ਕਰਨ ’ਤੇ ਝਾੜ ਕਾਫ਼ੀ ਘਟ ਜਾਂਦਾ ਹੈ। ਤੀਜੀ ਵਾਰ ਤਾਂ ਫ਼ਸਲ ਨਾਂ ਮਾਤਰ ਹੀ ਹੁੰਦੀ ਹੈ। ਸਬਜ਼ੀਆਂ ਦੇ ਕਾਸ਼ਤਕਾਰਾਂ ਨੂੰ ਹਰ ਵਾਰੀ ਨਵਾਂ ਬੀਜ ਖ਼ਰੀਦਣਾ ਪੈਂਦਾ ਹੈ ਜਦਕਿ ਦੇਸੀ ਬੀਜਾਂ ਦੇ ਮਾਮਲੇ ਵਿਚ ਅਜਿਹਾ ਕੁਝ ਵੀ ਨਹੀਂ ਹੁੰਦਾ। ਉਨ੍ਹਾਂ ਦੀ ਹਰ ਫ਼ਸਲ ਤੋਂ ਨਵਾਂ ਬੀਜ਼ ਤਿਆਰ ਹੋ ਜਾਂਦਾ ਹੈ। ਝਾੜ ਵੱਧ ਮਿਲਣ ਦੇ ਬਾਵਜੂਦ ਹਾਈਬ੍ਰਿਡ ਬੀਜ ਲੰਮੇ ਸਮੇਂ ਲਈ ਬੱਚਤਕਾਰੀ ਨਹੀਂ ਹਨ। ਫਿਰ ਵੀ ਇਕ ਗੱਲ ਵੇਖੀ ਗਈ ਹੈ ਕਿ ਹਾਈਬ੍ਰਿਡ ਬੀਜਾਂ ਦਾ ਰੂਝਾਨ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਦੇਸੀ ਬੀਜਾਂ ਦੀ ਵਰਤੋਂ ਹਰ ਸਾਲ ਘਟ ਰਹੀ ਹੈ। ਦੇਸੀ ਬੀਜ ਵੇਚਣ ਵਾਲੀਆਂ ਕੰਪਨੀਆਂ ਵੀ ਬਜ਼ਾਰ ਵਿਚੋਂ ਗਾਈਬ ਹੁੰਦੀਆਂ ਜਾ ਰਹੀਆਂ ਹਨ।

ਖੇਤੀਬਾੜੀ ਵਿਭਾਗ ਦੇ ਮਾਹਰਾਂ ਦਾ ਮੰਨਣਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਸ਼ਿਮਲਾ ਮਿਰਚ ਵਿਚੋਂ ਨਾ ਸੁਗੰਧ ਆਵੇਗੀ ਅਤੇ ਨਾ ਹੀ ਪਹਿਲਾਂ ਵਰਗੀ ਸੁਆਦਲੀ ਰਹੇਗੀ। ਇਹੋ ਕੁਝ ਦੇਸੀ ਮਟਰਾਂ ਬਾਰੇ ਵੀ ਕਿਹਾ ਜਾ ਸਕਦਾ ਹੈ ਜਿਨ੍ਹਾਂ ਦੀ ਮਿਠਾਸ ਤੇ ਨਰਮ ਛਿਲਕਾ ਪਿਛਲੇ ਪੰਜ ਸਾਲਾਂ ਦੌਰਾਨ ਲੱਗਭੱਗ ਗਾਈਬ ਹੀ ਹੋ ਗਿਆ ਹੈ। ਕਈ ਲੋਕ ਘਰਾਂ ਵਿਚ ਫਲੀਆਂ ਵਿਚੋਂ ਮਟਰਾਂ ਦੇ ਦਾਣੇ ਕੱਢਦਿਆਂ ਉਨ੍ਹਾਂ ਨੂੰ ਨਾਲੋ-ਨਾਲ ਕੱਚੇ ਹੀ ਖਾ ਜਾਇਆ ਕਰਦੇ ਸਨ। ਹੁਣ ਮਟਰ ਦਾ ਦਾਣਾ ਮੂੰਹ ਵਿਚ ਜਾਂਦਿਆਂ ਹੀ ਪੱਕੇ ਹੋਣ ਦਾ ਅਹਿਸਾਸ ਕਰਾਉਂਦਾ ਹੈ। ਇਹ ਸਭ ਹਾਈਬ੍ਰਿਡ ਬੀਜਾਂ ਦਾ ਕਮਾਲ ਹੈ। 

ਪਿਛਲੇ ਸਾਲਾਂ ਦੌਰਾਨ ਬੀ.ਟੀ. ਬੈਂਗਣ ਦੇ ਮਾਮਲੇ ਨੂੰ ਲੈ ਕੇ ਖੜੇ ਹੋਏ ਵਿਵਾਦ ਕਾਰਨ ਗੋਭੀ ਅਤੇ ਟਮਾਟਰ ਵਰਗੀਆਂ ਹੋਰ ਵੀ ਕਈ ਸਬਜ਼ੀਆਂ ਦਾ ਬਚਾਉ ਹੋ ਗਿਆ। ਇਸ ਦੇ ਨਾਲ ਹੀ ਖਾਦ ਸੁਰੱਖਿਆ ਦੇ ਮੱਦੇਨਜ਼ਰ ਜੀ.ਐਮ. ਫ਼ਸਲਾਂ ਨੂੰ ਤਿਆਰ ਕਰਨ ਦੀ ਯੋਜਨਾ ਵੀ ਖ਼ਤਮ ਹੋ ਗਈ ਹੈ। ਰਾਜ ਸਰਕਾਰਾਂ ਵਲੋਂ ਕੀਤੇ ਸਖ਼ਤ ਵਿਰੋਧ ਤੋਂ ਬਾਅਦ ਕੇਂਦਰ ਸਰਕਾਰ ਨੂੰ ਬੀ.ਟੀ. ਬੈਂਗਣ ਦੀ ਖੋਜ ਦਾ ਮਾਮਲਾ ਠੰਢੇ ਬਸਤੇ ਵਿਚ ਪਾਉਣਾ ਪਿਆ। ਇਸ ਦੇ ਨਾਲ ਹੀ ਬੀ.ਟੀ. ਟਮਾਟਰ, ਫੁੱਲ ਗੋਭੀ ਅਤੇ ਚੌਲਾਂ ਦੀਆਂ ਕਈ ਕਿਸਮਾਂ ਨੂੰ ਤਿਆਰ ਕਰਨ ਵਾਲਾ ਕੰਮ ਵੀ ਅੱਧ ਵਿਚਕਾਰ ਲਟਕ ਗਿਆ ਸੀ।

ਲੋਕ ਸਭਾ ਵਿਚ ਇਕ ਲਿਖਤੀ ਸਵਾਲ ਦਾ ਜਵਾਬ ਦਿੰਦਿਆਂ ਖੇਤੀ ਰਾਜ ਮੰਤਰੀ ਪ੍ਰੋ. ਕੇ.ਵੀ. ਥਾਮਸ ਨੇ ਮੰਨਿਆ ਸੀ ਕਿ ਵਿਦੇਸੀ ਕੰਪਨੀਆਂ ਵਲੋਂ ਤਿਆਰ ਬੀ.ਟੀ. ਬੀਜਾਂ ਦਾ ਜ਼ਿਆਦਾਤਰ ਰਾਜਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਕਰ ਕੇ ਸਰਕਾਰ ਨੇ ਅਗਲੀਆਂ ਸਾਰੀਆਂ ਕਾਰਵਾਈਆਂ ਬੰਦ ਕਰ ਦਿਤੀਆਂ ਹਨ। ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਕਰਨਾਟਕ, ਬਿਹਾਰ, ਪੱਛਮੀ ਬੰਗਾਲ, ਉੜੀਸਾ, ਤਾਮਿਲਨਾਡੂ, ਮੱਧ ਪ੍ਰਦੇਸ ਅਤੇ ਹਿਮਾਚਲ ਪ੍ਰਦੇਸ਼ ਆਦਿ ਨੇ ਬੀ. ਟੀ. ਬੀਜਾਂ ਦਾ ਸਖ਼ਤ ਵਿਰੋਧ ਕੀਤਾ ਸੀ। ਇਸ ਤੋਂ ਇਲਾਵਾ ਕੇਰਲ ਅਤੇ ਉਤਰਾਖੰਡ ਸਰਕਾਰ ਨੇ ਵੀ ਇਨ੍ਹਾਂ ਬੀਜਾਂ ਦਾ ਵਿਰੋਧ ਕੀਤਾ ਸੀ। 
ਬ੍ਰਿਸ ਭਾਨ ਬੁਜਰਕ (ਮੋ. 9876101698)