Floriculture: ਫੁੱਲਾਂ ਦੀ ਖੇਤੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਸੂਝਵਾਨ ਸਿਆਣੇ ਕਿਸਾਨ ਵੀ ਵੱਖ-ਵੱਖ ਕਿਸਮਾਂ ਦੀ ਖੇਤੀ ਅਪਣਾ ਰਹੇ ਹਨ।

Floriculture

Floriculture: ਕਿਸਾਨਾਂ ਨੂੰ ਕਣਕ ਝੋਨੇ ਦੇ ਫ਼ਸਲੀ ਚੱਕਰ ਵਿਚੋਂ ਕੱਢਣ ਅਤੇ ਪੰਜਾਬ ਦੇ ਕਿਸਾਨਾਂ ਦਾ ਆਰਥਕ ਪੱਧਰ ਉਪਰ ਚੁਕਣ ਲਈ ਪੰਜਾਬ ਸਰਕਾਰ ਨਿਰੰਤਰ ਉਪਰਾਲੇ ਕਰ ਰਹੀ ਹੈ। ਇਸ ਦੌਰਾਨ ਸੂਝਵਾਨ ਸਿਆਣੇ ਕਿਸਾਨ ਵੀ ਵੱਖ-ਵੱਖ ਕਿਸਮਾਂ ਦੀ ਖੇਤੀ ਅਪਣਾ ਰਹੇ ਹਨ। ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡਾਂ ਘੱਲ ਖ਼ੁਰਦ, ਮੁਦਕੀ, ਕੋਟ ਕਰੋੜ, ਲੱਲ੍ਹੇ, ਸੁਲਹਾਣੀ, ਸਾਧੂ ਵਾਲਾ ਤੇ ਸੇਖਵਾਂ, ਸੋਢੀ ਵਾਲਾ ਆਦਿ ਵਿਚ ਕਈ ਕਿਸਾਨਾਂ ਨੇ ਫੁੱਲਾਂ ਦੀ ਖੇਤੀ ਕਰਨੀ ਵੀ ਸ਼ੁਰੂ ਕੀਤੀ ਹੋਈ ਹੈ। ਖੇਤਾਂ ਵਿਚ ਵੱਖ-ਵੱਖ ਤਰ੍ਹਾਂ ਦੇ ਉਗੇ ਹੋਏ ਫੁੱਲ ਬਹੁਤ ਮਨਮੋਹਕ ਦ੍ਰਿਸ਼ ਪੇਸ਼ ਕਰ ਰਹੇ ਹਨ। ਇਨ੍ਹਾਂ ਫੁੱਲਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੇ ਦਸਿਆ ਹੈ ਕਿ ਫੁੱਲਾਂ ਦੀ ਖੇਤੀ ਕਰ ਕੇ ਸਾਨੂੰ ਹੋਰ ਵੀ ਮੁਨਾਫ਼ਾ ਹੋ ਸਕਦਾ ਹੈ ਪਰ ਮੰਡੀਕਰਨ ਦੀ ਘਾਟ ਹੋਣ ਕਾਰਨ ਸਾਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। 

ਕਿਸਾਨਾਂ ਦੇ ਕਹਿਣ ਮੁਤਾਬਕ ਵੱਖ-ਵੱਖ ਸ਼ਹਿਰਾਂ ਦੇ ਦੁਕਾਨਦਾਰ ਉਨ੍ਹਾਂ ਤੋਂ ਸਿਰਫ਼ 50 ਰੁਪਏ ਪ੍ਰਤੀ ਕਿਲੋ ਫੁੱਲ ਖ਼ਰੀਦ ਕੇ ਆਪ ਅੱਗੇ 250 ਰੁਪਏ ਪ੍ਰਤੀ ਕਿਲੋ ਵੇਚ ਕੇ ਮੋਟਾ ਮੁਨਾਫ਼ਾ ਕਮਾ ਰਹੇ ਹਨ ਪਰ ਕਿਸਾਨਾਂ ਨੂੰ ਸਹੀ ਮੁਨਾਫ਼ਾ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਅਸਲ ਵਿਚ ਸਰਕਾਰ ਵਲੋਂ ਫੁੱਲਾਂ ਦੀ ਫ਼ਸਲ ਲਈ ਮੰਡੀਕਰਨ ਦੇ ਸਹੀ ਪ੍ਰਬੰਧ ਨਾ ਹੋਣ ਕਾਰਨ ਦੁਕਾਨਦਾਰ ਕਿਸਾਨਾਂ ਦਾ ਸ਼ੋਸ਼ਣ ਕਰ ਰਹੇ ਹਨ। ਕਿਸਾਨਾਂ ਨੇ ਕਿਹਾ ਕਿ ਫੁੱਲਾਂ ਦੀ ਖੇਤੀ ਨੂੰ ਉਤਸ਼ਾਹਤ ਕਰਨ ਦੇ ਨਾਲ-ਨਾਲ ਮੰਡੀਕਰਨ ਦੇ ਪ੍ਰਬੰਧ ਵਿਚ ਸੁਧਾਰ ਲਿਆਂਦਾ ਜਾਵੇ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਸਹੀ ਮੁਲ ਮਿਲ ਸਕੇ।