ਸੀਤ ਲਹਿਰ ਦੀ ਮਾਰ ਕਾਰਨ ਸਬਜ਼ੀ ਕਾਸ਼ਤਕਾਰਾਂ ਦਾ ਭਾਰੀ ਨੁਕਸਾਨ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਬਹੁਤ ਥਾਵਾਂ 'ਤੇ ਸਬਜ਼ੀ ਸੜਨ ਦੇ ਸੰਕੇਤ ਮਿਲਣੇ ਸ਼ੁਰੂ 

Representational Image

 

ਸੰਗਰੂਰ - ਸੰਘਣੀ ਧੁੰਦ ਨਾਲ ਪੈ ਰਹੀ ਸੀਤ ਲਹਿਰ ਦਾ ਸਬਜ਼ੀਆਂ 'ਤੇ ਮਾਰੂ ਪ੍ਰਭਾਵ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਕਈ ਥਾਵਾਂ 'ਤੇ ਸਬਜ਼ੀਆਂ ਦੇ ਸੜਨ ਦੇ ਸੰਕੇਤ ਸਾਹਮਣੇ ਆ ਰਹੇ ਹਨ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਹਲਕੀ ਸਿੰਚਾਈ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ।

"ਕੋਰੋਨਾ ਮਹਾਮਾਰੀ ਦੌਰਾਨ ਭਾਰੀ ਨੁਕਸਾਨ ਝੱਲਣ ਤੋਂ ਬਾਅਦ, ਮੈਂ ਲਗਭਗ ਦੋ ਸਾਲਾਂ ਤੋਂ ਕੋਈ ਸਬਜ਼ੀ ਨਹੀਂ ਉਗਾਈ। ਇਸ ਸਾਲ ਮੈਂ ਸ਼ਾਹੂਕਾਰ ਤੋਂ ਕਰਜ਼ਾ ਲਿਆ ਅਤੇ ਕੁਝ ਸਬਜ਼ੀਆਂ ਬੀਜੀਆਂ। ਪਰ ਸੀਤ ਲਹਿਰ ਨੇ ਹਾਲਾਤ ਵਿਗੜ ਦਿੱਤੇ ਹਨ। ਜੇਕਰ ਮੌਸਮ ਕੁਝ ਹੋਰ ਦਿਨ ਹੋਰ ਦਿਨ ਇਸੇ ਤਰ੍ਹਾਂ ਰਿਹਾ ਤਾਂ ਮੇਰਾ ਬਹੁਤ ਨੁਕਸਾਨ ਹੋਵੇਗਾ" ਮਲੇਰਕੋਟਲਾ ਦੇ ਇੱਕ ਸਬਜ਼ੀ ਕਾਸ਼ਤਕਾਰ ਨੇ ਕਿਹਾ।

ਮਲੇਰਕੋਟਲਾ ਅਤੇ ਸੰਗਰੂਰ ਦੇ ਵੱਖ-ਵੱਖ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਿੱਚੋਂ ਬਹੁਤੇ ਕਾਸ਼ਤਕਾਰ ਬੇਜ਼ਮੀਨੇ ਹਨ, ਜਿਨ੍ਹਾਂ ਨੇ ਸਾਲਾਨਾ ਠੇਕੇ ’ਤੇ ਜ਼ਮੀਨਾਂ ਲਈਆਂ ਹੋਈਆਂ ਹਨ। ਸਾਲਾਨਾ ਠੇਕੇ ਦੀ ਦਰ ਵੀ ਇਸ ਸਾਲ ਵਧ ਕੇ 65,000-70,000 ਰੁਪਏ ਪ੍ਰਤੀ ਏਕੜ ਹੋ ਗਈ ਹੈ। ਦੋ ਸਾਲ ਪਹਿਲਾਂ ਇਹ ਦਰ 55,000 ਤੋਂ 60,000 ਰੁਪਏ ਸੀ।

"ਮੇਰੇ ਵਾਂਗ, ਜ਼ਿਆਦਾਤਰ ਉਤਪਾਦਕ ਬੇਜ਼ਮੀਨੇ ਹਨ ਅਤੇ ਸਾਲਾਨਾ ਠੇਕੇ 'ਤੇ ਜ਼ਮੀਨ ਲੈਂਦੇ ਹਨ। ਠੇਕੇ ਦੇ ਭਾਅ ਵਿੱਚ ਵਾਧੇ ਤੋਂ ਇਲਾਵਾ ਲਗਭਗ ਸਾਰੀਆਂ ਸਬਜ਼ੀਆਂ ਦੀ ਲਾਗਤ ਵਿੱਚ ਵੀ ਵਾਧਾ ਹੋਇਆ ਹੈ, ਪਰ ਸਬਜ਼ੀਆਂ ਦੇ ਰੇਟ ਨਹੀਂ ਵਧ ਰਹੇ ਕਿਉਂਕਿ ਦੂਜੇ ਸੂਬਿਆਂ ਤੋਂ ਸਬਜ਼ੀਆਂ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਕਿਸਾਨਾਂ ਵਾਂਗ, ਪੰਜਾਬ ਸਰਕਾਰ ਨੂੰ ਵੀ ਸਬਜ਼ੀ ਕਾਸ਼ਤਕਾਰਾਂ ਲਈ ਕੁਝ ਵਿੱਤੀ ਸਹਾਇਤਾ ਦਾ ਐਲਾਨ ਕਰਨਾ ਚਾਹੀਦਾ ਹੈ" ਸੰਗਰੂਰ ਦੇ ਇੱਕ ਸਬਜ਼ੀ ਕਾਸ਼ਤਕਾਰ ਕੁਲਵੰਤ ਸਿੰਘ ਨੇ ਕਿਹਾ।

ਕਿਸਾਨ ਫ਼ੈਡਰੇਸ਼ਨ ਮਲੇਰਕੋਟਲਾ ਦੇ ਪ੍ਰਧਾਨ ਮਹਿਮੂਦ ਅਖਤਰ ਸ਼ਾਦ ਨੇ ਦੱਸਿਆ ਕਿ ਠੰਢ ਨੇ ਵੱਖ-ਵੱਖ ਸਬਜ਼ੀਆਂ ਦੇ ਵਾਧੇ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਸਬਜ਼ੀ ਉਤਪਾਦਕਾਂ ਲਈ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਜਾਵੇ।

"ਜ਼ਿਆਦਾਤਰ ਸਬਜ਼ੀ ਉਤਪਾਦਕ ਕਰਜ਼ੇ ਹੇਠ ਹਨ। ਪੰਜਾਬ ਸਰਕਾਰ ਨੂੰ ਸਬਜ਼ੀ ਕਾਸ਼ਤਕਾਰਾਂ ਲਈ ਵਿਸ਼ੇਸ਼ ਵਿੱਤੀ ਸਹਾਇਤਾ ਦਾ ਐਲਾਨ ਕਰਨਾ ਚਾਹੀਦਾ ਹੈ ਅਤੇ ਢੁਕਵੀਂ ਮੰਡੀਕਰਨ ਨੀਤੀ ਵੀ ਲਾਗੂ ਕਰਨੀ ਚਾਹੀਦੀ ਹੈ।" ਉਨ੍ਹਾਂ ਮੰਗ ਕਰਦਿਆਂ ਕਿਹਾ। 

ਸੰਗਰੂਰ ਦੇ ਮੁੱਖ ਖੇਤੀਬਾੜੀ ਅਫ਼ਸਰ ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਅਧਿਕਾਰੀ ਸਬਜ਼ੀ ਉਤਪਾਦਕਾਂ ਨੂੰ ਸੇਧ ਦੇ ਰਹੇ ਹਨ। "ਅਸੀਂ ਸਬਜ਼ੀ ਉਤਪਾਦਕਾਂ ਨੂੰ ਹਲਕੀ ਸਿੰਚਾਈ ਕਰਨ ਲਈ ਕਹਿ ਰਹੇ ਹਾਂ। ਲੋੜ ਪੈਣ 'ਤੇ ਉਤਪਾਦਕ ਸਾਡੇ ਅਧਿਕਾਰੀਆਂ ਨਾਲ ਕਿਸੇ ਵੀ ਸਮੇਂ ਸੰਪਰਕ ਕਰ ਸਕਦੇ ਹਨ" ਉਨ੍ਹਾਂ ਕਿਹਾ।